ਦਾ ਐਡੀਟਰ ਨਿਊਜ਼, ਜੈਪੁਰ ——- ਰਾਜਸਥਾਨ ਦੇ ਜੈਪੁਰ ਤੋਂ ਇੱਕ ਅਨੋਖਾ ਅਤੇ ਭਾਵੁਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਦੱਸ ਦੇਈਏ ਕਿ 14 ਮਹੀਨੇ ਪਹਿਲਾਂ ਅਗਵਾ ਹੋਏ ਬੱਚੇ ਦਾ ਕਿਡਨੈਪਰ ਨਾਲ ਇੰਨਾ ਮੋਹ ਹੋ ਗਿਆ ਕਿ ਜਦੋਂ ਪੁਲਿਸ ਉਸ ਨੂੰ ਉਸ ਦੇ ਪਰਿਵਾਰ ਕੋਲ ਲੈ ਕੇ ਜਾਣ ਲੱਗੇ ਤਾਂ ਬੱਚਾ ਅਗਵਾਕਾਰ ਨੂੰ ਛੱਡਣ ਨੂੰ ਤਿਆਰ ਨਹੀਂ ਸੀ। ਬੱਚਾ ਕਿਡਨੈਪਰ ਨੂੰ ਜੱਫੀ ਪਾ ਕੇ ਰੋਣ ਲੱਗਾ। ਬੱਚੇ ਨੂੰ ਰੋਂਦੇ ਦੇਖ ਕੇ ਕਿਡਨੈਪਰ ਦੀਆਂ ਵੀ ਅੱਖਾਂ ‘ਚ ਹੰਝੂ ਆ ਗਏ।
ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ। ਇਸ ‘ਚ ਪੁਲਿਸ ਬੱਚੇ ਨੂੰ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਬੱਚਾ ਕਿਡਨੈਪਰ ਨੂੰ ਜੱਫੀ ਪਾ ਕੇ ਉੱਚੀ-ਉੱਚੀ ਰੋਂਦਾ ਨਜ਼ਰ ਆ ਰਿਹਾ ਹੈ। ਇਸ ਤੋਂ ਬਾਅਦ ਦੋਸ਼ੀ ਨੇ ਵੀ ਰੋਣਾ ਸ਼ੁਰੂ ਕਰ ਦਿੱਤਾ। ਪੁਲਿਸ ਨੇ ਬੱਚੇ ਨੂੰ ਜ਼ਬਰਦਸਤੀ ਦੋਸ਼ੀ ਤੋਂ ਛੁਡਵਾਇਆ ਅਤੇ ਉਸ ਦੀ ਮਾਂ ਕੋਲ ਲੈ ਗਈ ਪਰ ਬੱਚਾ ਰੋਂਦਾ ਰਿਹਾ। ਮਾਂ ਕੋਲ ਜਾ ਕੇ ਵੀ ਉਹ ਚੁੱਪ ਨਾ ਹੋਇਆ।


ਜਾਣਕਾਰੀ ਮੁਤਾਬਕ ਬੱਚਾ ਕਰੀਬ 14 ਮਹੀਨਿਆਂ ਤੋਂ ਕਿਡਨੈਪਰ ਕੋਲ ਸੀ। ਪਰ ਕਿਡਨੈਪਰ ਨੇ ਉਸਨੂੰ ਨੁਕਸਾਨ ਪਹੁੰਚਾਉਣ ਦੀ ਬਜਾਏ ਬੱਚੇ ਦਾ ਬਹੁਤ ਖਿਆਲ ਰੱਖਿਆ। ਉਸ ਨੂੰ ਖਿਡੌਣੇ ਅਤੇ ਕੱਪੜੇ ਵੀ ਲਿਆਏ। ਇਸ ਕਾਰਨ ਬੱਚਾ ਅਗਵਾਕਾਰ ਨਾਲ ਇੰਨਾ ਜੁੜ ਗਿਆ ਕਿ ਉਹ ਉਸ ਨੂੰ ਛੱਡਣ ਲਈ ਤਿਆਰ ਨਹੀਂ ਸੀ। ਮੀਡੀਆ ਰਿਪੋਰਟਾਂ ਮੁਤਾਬਕ ਮੁਲਜ਼ਮ ਦੀ ਪਛਾਣ ਤਨੁਜ ਚਾਹਰ ਵਜੋਂ ਹੋਈ ਹੈ ਅਤੇ ਉਹ ਉੱਤਰ ਪ੍ਰਦੇਸ਼ ਦਾ ਹੈੱਡ ਕਾਂਸਟੇਬਲ ਦੱਸਿਆ ਜਾਂਦਾ ਹੈ। ਪੁਲਿਸ ਨੇ ਉਸ ਨੂੰ ਅਲੀਗੜ੍ਹ ਤੋਂ ਗ੍ਰਿਫ਼ਤਾਰ ਕਰ ਲਿਆ।
ਪੁਲਸ ਮੁਤਾਬਕ ਜੈਪੁਰ ਸ਼ਹਿਰ ‘ਚ ਇਕ ਔਰਤ ਨੇ 14 ਜੂਨ 2023 ਨੂੰ ਅਗਵਾ ਦਾ ਮਾਮਲਾ ਦਰਜ ਕਰਵਾਇਆ ਸੀ। ਦੱਸਿਆ- ਉਹ ਜੈਪੁਰ ਦੇ ਸੰਗਨੇਰ ਸਦਰ ਇਲਾਕੇ ਦੀ ਰਹਿਣ ਵਾਲੀ ਹੈ। 14 ਜੂਨ ਨੂੰ ਚਾਰ ਲੋਕ ਉਸ ਦੇ 11 ਮਹੀਨੇ ਦੇ ਬੱਚੇ ਕਾਨ੍ਹਾ ਉਰਫ ਪ੍ਰਿਥਵੀ ਨੂੰ ਘਰੋਂ ਚੁੱਕ ਕੇ ਲੈ ਗਏ।
ਪਰਿਵਾਰਕ ਮੈਂਬਰ ਇੱਕ ਦੋਸ਼ੀ ਨੂੰ ਜਾਣਦੇ ਸਨ। ਉਸਦਾ ਨਾਮ ਤਨੁਜ ਚਾਹਰ ਹੈ। ਤਨੁਜ ਯੂਪੀ ਪੁਲਿਸ ਵਿੱਚ ਹੈੱਡ ਕਾਂਸਟੇਬਲ ਹੈ। ਉਹ ਅਲੀਗੜ੍ਹ ਜ਼ਿਲ੍ਹੇ ਵਿੱਚ ਤਾਇਨਾਤ ਹੈ। ਮੁਲਜ਼ਮਾਂ ਨੇ ਪਰਿਵਾਰਕ ਮੈਂਬਰਾਂ ਦੀ ਕੁੱਟਮਾਰ ਕੀਤੀ ਅਤੇ ਬੱਚੇ ਨੂੰ ਜ਼ਬਰਦਸਤੀ ਚੁੱਕ ਕੇ ਲੈ ਗਏ।