ਦਾ ਐਡੀਟਰ ਨਿਊਜ਼, ਚੰਡੀਗੜ੍ਹ ——— ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਅਕਾਲੀ ਆਗੂ ਡਾ. ਦਲਜੀਤ ਚੀਮਾ ਨੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਸੰਗਰੂਰ ‘ਚ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੀ ਗਿਣਤੀ 21 ਤੱਕ ਪਹੁੰਚ ਗਈ ਹੈ ਪਰ ਇਸ ਦੇ ਬਾਵਜੂਦ ਵੀ ਪੰਜਾਬ ਦੇ ਮੁੱਖ ਮੰਤਰੀ ਦਾ ਧਿਆਨ ਇੱਧਰ ਨਹੀਂ ਆਇਆ। ਦੁਖੀ ਪਰਿਵਾਰਾਂ ਨੂੰ ਮਿਲਣ ਅਤੇ ਇਸ ਸੰਕਟ ਦੀ ਘੜੀ ਵਿੱਚ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਮਦਦ ਕਰਨ ਦੀ ਬਜਾਏ, ਮੁੱਖ ਮੰਤਰੀ ਆਪਣੇ ਬੌਸ ਅਰਵਿੰਦ ਕੇਜਰੀਵਾਲ ਦਾ ਸਮਰਥਨ ਕਰਨ ਲਈ ਦਿੱਲੀ ਵਿੱਚ ਰੁੱਝਿਆ ਹੋਇਆ ਹੈ, ਜਿਸ ਨੂੰ ਦਿੱਲੀ ਆਬਕਾਰੀ ਨੀਤੀ ਘੁਟਾਲੇ ਵਿੱਚ ਈਡੀ ਦੁਆਰਾ ਗ੍ਰਿਫਤਾਰ ਕੀਤਾ ਗਿਆ ਹੈ।
ਇੱਥੋਂ ਤੱਕ ਕਿ ਇਸ ਮਨੁੱਖੀ ਦੁਖਾਂਤ ਦੇ ਪਿੱਛੇ ਦੋਸ਼ੀਆਂ ਦੀ ਪਛਾਣ ਕਰਨ ਲਈ ਉੱਚ ਪੱਧਰੀ ਨਿਆਂਇਕ ਜਾਂਚ ਦੇ ਹੁਕਮ ਵੀ ਨਹੀਂ ਦਿੱਤੇ ਗਏ ਹਨ। ਮੁੱਖ ਮੰਤਰੀ ਨੂੰ ਆਪਣੇ ਗ੍ਰਹਿ ਜ਼ਿਲ੍ਹੇ ਸੰਗਰੂਰ ਵਿੱਚ ਵਾਪਰੇ ਇਸ ਦੁਖਾਂਤ ਦੀ ਨੈਤਿਕ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਅਤੇ ਮੁੱਖ ਮੰਤਰੀ ਪੰਜਾਬ ਦੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ ਅਤੇ ਉਨ੍ਹਾਂ ਘਰਾਂ ਦੇ ਜੀਆਂ ਦਾ ਹਾਲ-ਚਾਲ ਪੁੱਛਣਾ ਚਾਹੀਦਾ ਹੈ, ਜਿਨ੍ਹਾਂ ਦੇ ਨਾਲ ਇਹ ਮਾੜਾ ਭਾਣਾ ਵਾਪਰਿਆ ਹੈ। ਪਰ ਉਹ ਆਪਣੇ ਪੰਜਾਬ ਸਗੋਂ ਆਪਣੇ ਜ਼ਿਲ੍ਹੇ ਦੇ ਲੋਕਾਂ ਨੂੰ ਛੱਡ ਕੇ ਦਿੱਲੀ ‘ਚ ਰੁੱਝੇ ਹੋਏ ਹਨ।
ਉਥੇ ਹੀ ਇਸ ਮਾਮਲੇ ‘ਤੇ ਕਾਂਗਰਸੀ ਆਗੂ ਸੁਖਪਾਲ ਖਹਿਰਾ ਨੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਦੋਸਤੋ, ਬੜੀ ਹੈਰਾਨੀ ਦੀ ਗੱਲ ਹੈ ਕਿ ਸੰਗਰੂਰ ਜ਼ਿਲ੍ਹੇ ਵਿੱਚ 18 ਤੋਂ ਵੱਧ ਗ਼ਰੀਬ ਲੋਕਾਂ ਦੀਆਂ ਜ਼ਹਿਰੀਲੀ ਸ਼ਰਾਬ ਪੀਕੇ ਮੌਤਾਂ ਹੋ ਗਈਆਂ ਹਨ, ਪਰੰਤੂ ਭਗਵੰਤ ਮਾਨ ਅਤੇ ਉਸਦਾ ਸਰਕਾਰੀ ਅਮਲਾਂ ਅੱਜ ਤੱਕ ਚੁੱਪ ਕਿਉਂ ਹੈ ? ਮੈ ਕੱਲ ਇਹਨਾਂ ਪੀੜਤ ਪਰਿਵਾਰਾਂ ਨੂੰ ਮਿਲਣ ਵਾਸਤੇ ਸੰਗਰੂਰ ਪਹੁੰਚ ਰਿਹਾ ਹਾਂ, ਪਰ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਗ੍ਰਹਿ ਜ਼ਿਲ੍ਹਾ ਸੰਗਰੂਰ ਹੈ ਉਹ ਆਪਣੇ ਜ਼ਿਲ੍ਹੇ ਦੇ ਲੋਕਾਂ ਦਾ ਹਾਲ ਚਾਲ ਜਾਨਣ ਦੀ ਥਾਂ ਦਿੱਲੀ ਪਹੁੰਚੇ ਹੋਏ ਨੇ।
ਉੱਥੇ ਹੀ ਜਿਸ ਅਮਲੇ ‘ਚ ਅਰਵਿੰਦ ਕੇਜਰੀਵਾਲ ਦੀ ਗਿਰਫਤਾਰੀ ਹੋਈ ਹੈ, ਉਸੇ ਕੇਸ ‘ਚ ਸੁਪਰੀਮ ਕੋਰਟ ਨੇ ਮਨੀਸ਼ ਸਿਸੋਦੀਆ, ਸਤਿੰਦਰ ਜੈਨ ਦੀਆਂ ਜ਼ਮਾਨਤਾਂ ਅਜੇ ਤੱਕ ਨਹੀਂ ਦਿੱਤੀਆਂ, ਪਰ ਆਮ ਆਦਮੀ ਪਾਰਟੀ ਦੇ ਸਾਰੇ ਲੀਡਰ ਰੌਲਾ ਪਾ ਰਹੇ ਹਨ ਕਿ ਅਸੀਂ ਕੱਟੜ ਇਮਾਨਦਾਰ ਹਾਂ। ਸਾਰੀ ਪੰਜਾਬ ਦੀ ਪਾਰਟੀ ਦੇ ਲੀਡਰ ਦਿੱਲੀ ਪਹੁੰਚੇ ਹੋਏ ਹਨ, ਪਰ ਜੋ ਗਰੀਬ ਜ਼ਹਿਰੀਲੀ ਸ਼ਰਾਬ ਨਾਲ ਮਾਰੇ ਗਏ ਹਨ, ਉਨ੍ਹਾਂ ਦਾ ਇਨ੍ਹਾਂ ਨੂੰ ਕੋਈ ਵੀ ਖਿਆਲ ਨਹੀਂ, ਕਿਸੇ ਲੀਡਰਾਂ ਦੇ ਪਹੁੰਚਣ ਦੀ ਤਾਂ ਦੂਰ ਦੀ ਗੱਲ ਕੋਈ ਅਫਸਰ ਵੀ ਇਨ੍ਹਾਂ ਦੇ ਘਰ ਨਹੀਂ ਪਹੁੰਚਿਆ।