ਦਾ ਅਡੀਟਰ ਨਿਊਜ਼. ਚੰਡੀਗੜ੍ਹ ——- ਵੈਸੇ ਤਾਂ ਪੰਜਾਬ ਦਾ ਸਿੱਖਿਆ ਵਿਭਾਗ ਆਪਣੇ ਕਾਰਨਾਮਿਆਂ ਕਰਕੇ ਅਕਸਰ ਸੁਰਖੀਆਂ ਵਿੱਚ ਰਹਿੰਦਾ ਹੈ ਅਤੇ ਹੁਣ ਇਸ ਵਿਭਾਗ ਨੇ ਇੱਕ ਹੋਰ ਕਾਰਨਾਮਾ ਕਰ ਦਿੱਤਾ ਹੈ, ਇਹ ਕਾਰਨਾਮਾ ਇਸ ਵਿਭਾਗ ਦੇ ਇੱਕ ਅਹਿਮ ਅੰਗ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕੀਤਾ ਗਿਆ ਹੈ, ਜਿਸ ਵਿੱਚ ਪਲੱਸ-ਟੂ ਦੇ ਸਲਾਨਾ ਪੇਪਰਾਂ ਨੂੰ ਮਹਿਜ ਚੰਦ ਦਿਨ ਹੀ ਬਚੇ ਹਨ ਤਾਂ ਬੋਰਡ ਨੇ ਫਰਵਰੀ ਵਿੱਚ ਹੋਣ ਜਾ ਰਹੀਆਂ ਸਲਾਨਾ ਪ੍ਰੀਖਿਆਵਾਂ ਲਈ ਪੇਪਰਾਂ ਦਾ ਪੈਟਰਨ ਹੀ ਚੇਂਜ ਕਰ ਦਿੱਤਾ ਹੈ, ਅਸਲ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਅਗਲੇ ਸਾਲ ਤੋਂ ਆਪਣੀਆਂ ਪ੍ਰੀਖਿਆਵਾਂ ਦਾ ਪੈਟਰਨ ਚੇਂਜ ਕਰਨ ਜਾ ਰਿਹਾ ਸੀ, ਜਿਸ ਵਿੱਚ ਇਸ ਗੱਲ ਨੂੰ ਧਿਆਨ ਵਿੱਚ ਰੱਖਿਆ ਜਾਣਾ ਸੀ ਕਿ ਇਹ ਬੋਰਡ ਪੂਰੇ ਦੇਸ਼ ਵਿੱਚ ਇੱਕ ਅਹਿਮ ਸਥਾਨ ਰੱਖਦਾ ਹੈ ਲੇਕਿਨ ਬੋਰਡ ਵਿੱਚ ਪਾਸ ਹੋ ਕੇ ਨਿੱਕਲ ਰਹੇ ਵਿਦਿਆਰਥੀ ਯੂਪੀਐਸਸੀ ਅਤੇ ਪੀਸੀਐਸ ਵਰਗੇ ਕੰਪੀਟੀਸ਼ਨ ਵਿੱਚ ਨਾ ਮਾਤਰ ਹੀ ਅੱਗੇ ਆਉਂਦੇ ਹਨ, ਇਸ ਦੇ ਚੱਲਦਿਆਂ ਬੋਰਡ ਨੇ ਆਪਣਾ ਪੈਟਰਨ ਚੇਂਜ ਕਰਕੇ ਸੀਬੀਐਸਈ ਵਰਕ ਪੈਟਰਨ ਅਪਣਾਉਣ ਲਈ ਅਗਲੇ ਸੈਸ਼ਨ ਤੋਂ ਤਿਆਰੀ ਕੀਤੀ ਸੀ ਲੇਕਿਨ ਹੈਰਾਨੀ ਦੀ ਗੱਲ ਇਹ ਹੈ ਕਿ ਜਿਹੜਾ ਪੈਟਰਨ ਅਗਲੇ ਸਾਲ ਤੋਂ ਤਬਦੀਲ ਕਰਨਾ ਸੀ ਬੋਰਡ ਹੁਣ ਸੈਸ਼ਨ ਦੇ ਅੰਤ ਵਿੱਚ ਚੇਂਜ ਕਰਨ ਜਾ ਰਿਹਾ ਹੈ ਅਤੇ ਪੂਰੇ ਪੰਜਾਬ ਵਿੱਚ ਜਦੋਂ ਸਕੂਲਾਂ ਵਿੱਚ ਪਲੱਸ ਟੂ ਦੀਆਂ ਘਰੇਲੂ ਪ੍ਰੀ-ਬੋਰਡ ਪ੍ਰੀਖਿਆਵਾਂ ਹੋ ਰਹੀਆਂ ਹਨ ਅਤੇ ਸਲਾਨਾ ਪ੍ਰੀਖਿਆਵਾਂ ਵਿੱਚ ਮਹਿਜ ਇੱਕ ਮਹੀਨਾ ਵੀ ਨਹੀਂ ਬਚਿਆ ਤਾਂ ਇਹ ਪੈਟਰਨ ਲਾਗੂ ਕਰ ਦਿੱਤਾ ਗਿਆ ਹੈ, ਜਿਸ ਨੂੰ ਲੈ ਕੇ ਜਿੱਥੇ ਪੂਰੇ ਪੰਜਾਬ ਦੇ ਵਿਦਿਆਰਥੀ ਪ੍ਰੇਸ਼ਾਨੀ ਵਿੱਚ ਹਨ ਉੱਥੇ ਇਹਨਾਂ ਵਿਦਿਆਰਥੀਆਂ ਨੂੰ ਪੜ੍ਹਾਉਣ ਵਾਲੇ ਲੈਕਚਰਾਰ ਵੀ ਹੈਰਾਨ ਪ੍ਰੇਸ਼ਾਨ ਹਨ ਕਿਉਂਕਿ ਸਾਰਾ ਸਾਲ ਪੁਰਾਣੇ ਪੈਟਰਨ ਨਾਲ ਹੀ ਤਿਆਰੀ ਕਰਵਾਈ ਗਈ ਸੀ।
ਆਖਰ ਕੀ ਫਰਕ ਹੈ ਪੰਜਾਬ ਬੋਰਡ ਅਤੇ ਸੀਬੀਐਸਈ ਵਿੱਚ
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪਲੱਸ-ਟੂ ਦੇ ਪੇਪਰਾਂ ਦਾ ਪੈਟਰਨ ਸੀਬੀਐਸਈ ਦੇ ਪੈਟਰਨ ਨਾਲੋਂ ਕਾਫੀ ਸਧਾਰਨ ਪੈਟਰਨ ਹੈ, ਪੰਜਾਬ ਬੋਰਡ ਵਿੱਚ ਹਰ ਸਵਾਲ ਦੀ ਪੇਸ਼ਕਾਰੀ ਸਧਾਰਨ ਹੈ ਹਾਲਾਂਕਿ ਪਿਛਲੇ ਸਮਿਆਂ ਦੌਰਾਨ ਬੋਰਡ ਹਰ ਸਾਲ ਕੁਝ ਨਾ ਕੁਝ ਤਬਦੀਲੀਆਂ ਕਰਦਾ ਰਿਹਾ ਹੈ, ਇਹ ਤਬਦੀਲੀਆਂ ਸਬਜੈਕਟ ਦੇ ਹਿਸਾਬ ਨਾਲ ਕੀਤੀਆਂ ਜਾਂਦੀਆਂ ਰਹੀਆਂ ਹਨ, ਇਹ ਮੰਨਿਆ ਜਾਂਦਾ ਹੈ ਕਿ ਪੰਜਾਬ ਬੋਰਡ ਦੇ ਪ੍ਰੀਖਿਆਵਾਂ ਦਾ ਪੈਟਰਨ ਬਾਕੀ ਬੋਰਡਾਂ ਨਾਲੋਂ ਸਰਲ ਤੇ ਸਿੱਧਾ ਹੈ, ਅਗਰ ਸੀਬੀਐਸਈ ਦੀ ਗੱਲ ਕੀਤੀ ਜਾਏ ਤਾਂ ਇਹਨਾਂ ਦਾ ਪੈਟਰਨ ਬੜਾ ਗੁੰਝਲਦਾਰ ਹੈ, ਇਸ ਵਿੱਚ ਉਹ ਵਿਦਿਆਰਥੀ ਹੀ ਸਵਾਲ ਦਾ ਜਵਾਬ ਦੇ ਸਕਦਾ ਹੈ ਜਿਸ ਨੇ ਸਬਜੈਕਟ ਨੂੰ ਪੜ੍ਹਿਆ ਅਤੇ ਸਮਝਿਆ ਹੋਵੇ ਅਤੇ ਪੰਜਾਬ ਬੋਰਡ ਨੇ ਹੁਣ ਐਨ ਸਿਰੇ ’ਤੇ ਆ ਕੇ ਸੀਬੀਐਸਈ ਦੇ ਪੈਟਰਨ ਦੇ ਨਾਲ ਮਿਲਦਾ ਜੁਲਦਾ ਪੈਟਰਨ ਅਪਣਾ ਕੇ ਜਿਹੜੀ ਪ੍ਰਸ਼ਨਾਵਲੀ ਤਿਆਰ ਕੀਤੀ ਜਾਵੇਗੀ ਉਸ ਪ੍ਰਸ਼ਨਾਵਲੀ ਨੂੰ ਗੁੰਝਲਦਾਰ ਬਣਾ ਦਿੱਤਾ ਗਿਆ ਹੈ, ਜਿਸ ਦਾ ਸਿੱਧਾ ਅਸਰ ਸਲਾਨਾ ਪ੍ਰੀਖਿਆਵਾਂ ਵਿੱਚ ਦੇਖਣ ਨੂੰ ਮਿਲੇਗਾ ਕਿਉਂਕਿ ਸਾਰਾ ਸਾਲ ਹੀ ਪੁਰਾਣੇ ਪੈਂਟਰਨ ਨਾਲ ਵਿਦਿਆਰਥੀਆਂ ਦੀ ਤਿਆਰੀ ਕਰਵਾਈ ਗਈ ਸੀ।
ਲੈਕਚਰਾਰ ਸੈਮੀਨਾਰ ’ਤੇ ਸਕੂਲ ਹੋਏ ਖਾਲੀ
ਇੱਥੇ ਹੀ ਨਹੀਂ ਸਿੱਖਿਆ ਵਿਭਾਗ ਨੇ ਇਸ ਪੈਟਰਨ ਨੂੰ ਲਾਗੂ ਕਰਨ ਲਈ ਪੰਜਾਬ ਦੇ ਸਾਰੇ ਲੈਕਚਰਾਰਾਂ ਦੇ ਸੈਮੀਨਾਰ ਲਗਾਉਣੇ ਸ਼ੁਰੂ ਕਰ ਦਿੱਤੇ ਹਨ, ਇਹਨਾਂ ਸੈਮੀਨਾਰਾਂ ਵਿੱਚ ਲੈਕਚਰਾਰਾਂ ਨੂੰ ਇਸ ਗੱਲ ਦੀ ਤਿਆਰੀ ਕਰਵਾਈ ਜਾ ਰਹੀ ਹੈ ਕਿ ਆਉਣ ਵਾਲੀਆਂ ਪ੍ਰੀਖਿਆਵਾਂ ਵਿੱਚ ਪੈਟਰਨ ਬਦਲ ਦਿੱਤਾ ਗਿਆ ਹੈ ਅਤੇ ਉਹ ਹੁਣ ਸਕੂਲਾਂ ਵਿੱਚ ਜਾ ਕੇ ਇਸ ਨਵੇਂ ਪੈਟਰਨ ਦੇ ਨਾਲ ਤਿਆਰੀ ਕਰਵਾਉਣਗੇ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸ ਲਈ ਇਹਨਾਂ ਲੈਕਚਰਾਰਾਂ ਕੋਲ ਮਹਿਜ 25 ਦਿਨ ਦਾ ਹੀ ਸਮਾਂ ਬਚਿਆ ਹੈ, ਇਸ ਸਬੰਧੀ ਇੱਕ ਲੈਕਚਰਾਰ ਨੇ ਦਾ ਐਡੀਟਰ ਨਿਊਜ਼ ਨੂੰ ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਇਹ ਸੈਮੀਨਾਰ ਉਸ ਸਮੇਂ ਲਗਾਏ ਜਾਣੇ ਸ਼ੁਰੂ ਕਰ ਦਿੱਤੇ ਹਨ ਜਦੋਂ ਕਿ ਸਕੂਲਾਂ ਵਿੱਚ ਬੱਚਿਆਂ ਦੀ ਪ੍ਰੀਖਿਆਵਾਂ ਦੀ ਤਿਆਰੀ ਪੂਰੇ ਜ਼ੋਰਾਂ ’ਤੇ ਚੱਲ ਰਹੀ ਹੈ ਅਤੇ ਹੁਣ ਇਹ ਸਮਝ ਨਹੀਂ ਆ ਰਿਹਾ ਕਿ ਇੰਨੇ ਘੱਟ ਸਮੇਂ ਵਿੱਚ ਇਹ ਤਿਆਰੀ ਕਿਸ ਤਰ੍ਹਾਂ ਕਰਵਾਈ ਜਾਵੇ, ਉਹਨਾਂ ਦੱਸਿਆ ਕਿ ਇਹ ਸੈਮੀਨਾਰ ਮਹਿਜ ਇੱਕ ਫੋਰਮੈਲਿਟੀ ਦੀ ਤੌਰ ’ਤੇ ਹੀ ਲਗਾਏ ਗਏ ਹਨ ਜਦ ਕਿ ਜਿਹੜੇ ਇਸ ਸੈਮੀਨਾਰ ਵਿੱਚ ਰਿਸੋਰਸ ਪਰਸਨ ਲਗਾਏ ਗਏ ਹਨ ਉਹਨਾਂ ਨੂੰ ਆਪ ਹੀ ਨਹੀਂ ਪਤਾ ਕਿ ਇਹਨਾਂ ਪ੍ਰੀਖਿਆਵਾਂ ਦਾ ਅਸਲ ਵਿੱਚ ਪੈਟਰਨ ਕਿਸ ਤਰਾਂ ਦਾ ਹੋਵੇਗਾ, ਉਨਾਂ ਇਹ ਵੀ ਦੱਸਿਆ ਕਿ ਜਿਹੜੇ ਪ੍ਰੀ ਬੋਰਡ ਦੇ ਹੁਣ ਪੇਪਰ ਆਏ ਹਨ ਉਸ ਵਿੱਚ ਵੀ ਪੈਟਰਨ ਚੇਂਜ ਕਰ ਦਿੱਤਾ ਗਿਆ ਸੀ ਅਤੇ ਇਸ ਦੀ ਪਹਿਲਾਂ ਜਾਣਕਾਰੀ ਦਿੱਤੀ ਹੀ ਨਹੀਂ ਗਈ ਸੀ ਅਤੇ ਉਹ ਪ੍ਰਸ਼ਨਾਵਲੀ ਪੜ੍ਹ ਕੇ ਹੀ ਪ੍ਰੇਸ਼ਾਨ ਹੋ ਗਏ ਸਨ, ਉਹਨਾਂ ਇਹ ਵੀ ਕਿਹਾ ਕਿ ਪੰਜਾਬ ਸਿੱਖਿਆ ਵਿਭਾਗ ਵਿੱਚ ਕੰਮ ਕਰ ਰਹੇ ਤਮਾਮ ਅਧਿਆਪਕ ਅਤੇ ਲੈਕਚਰਾਰ ਸਿੱਖਿਆ ਵਿਭਾਗ ਵੱਲੋਂ ਹਰ ਸਾਲ ਕਰਵਾਏ ਜਾ ਰਹੇ ਨਵੇਂ ਤੋਂ ਨਵੇਂ ਤਜਰਬਿਆਂ ਤੋਂ ਬਹੁਤ ਦੁਖੀ ਹਨ ਅਤੇ ਇਹੀ ਵਜ੍ਹਾ ਹੈ ਕਿ ਅੱਗੇ ਜਾ ਕੇ ਵਿਦਿਆਰਥੀ ਕੁਝ ਨਹੀਂ ਕਰ ਪਾਉਂਦੇ।