ਦਾ ਐਡੀਟਰ ਨਿਊਜ਼, ਲੁਧਿਆਣਾ —— 19 ਦਿਨ ਪਹਿਲਾਂ ਲੁਧਿਆਣਾ ‘ਚ 4 ਸਾਲਾ ਬੱਚੀ ਨਾਲ ਜਬਰ-ਜ਼ਨਾਹ ਕਰਕੇ ਕਤਲ ਕਰਨ ਵਾਲੇ ਮੁਲਜ਼ਮ ਨੂੰ ਪੁਲਸ ਨੇ ਨੇਪਾਲ ਬਾਰਡਰ ਤੋਂ ਕਾਬੂ ਕਰ ਲਿਆ ਹੈ। ਪੁਲਸ ਨੇ ਦੋਸ਼ੀ ਦੀ ਫੋਟੋ ਜਾਰੀ ਕੀਤੀ ਸੀ ਅਤੇ ਉਸ ‘ਤੇ 2 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਸੀ। ਥਾਣਾ ਡਾਬਾ ਦੀ ਪੁਲੀਸ ਨੇ ਕਈ ਜਨਤਕ ਥਾਵਾਂ ’ਤੇ ਮੁਲਜ਼ਮ ਸੋਨੂੰ ਵਾਸੀ ਫਤਿਹਪੁਰ ਉੱਤਰ ਪ੍ਰਦੇਸ਼ ਦੀ ਫੋਟੋ ਵੀ ਲਗਾਈ ਹੋਈ ਸੀ। ਮੁਲਜ਼ਮਾਂ ਖ਼ਿਲਾਫ਼ ਥਾਣਾ ਡਾਬਾ ਵਿੱਚ ਧਾਰਾ 302, 376ਏ, 376ਏਬੀ, ਪੋਕਸੋ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।
19 ਦਿਨ ਪਹਿਲਾਂ ਮੁਲਜ਼ਮ ਨੇ 4 ਸਾਲ ਦੀ ਬੱਚੀ ਦਾ ਕਤਲ ਕਰਕੇ ਉਸ ਦੀ ਲਾਸ਼ ਬੈੱਡ ਬਾਕਸ ਵਿੱਚ ਪਾ ਦਿੱਤੀ ਸੀ। ਪੋਸਟਮਾਰਟਮ ਤੋਂ ਪਤਾ ਲੱਗਾ ਹੈ ਕਿ ਲੜਕੀ ਦਾ 30 ਤੋਂ 40 ਸਕਿੰਟਾਂ ਤੱਕ ਗਲਾ ਘੁੱਟ ਕੇ ਕਤਲ ਕੀਤਾ ਗਿਆ ਸੀ। ਡਾਕਟਰਾਂ ਨੂੰ ਬੱਚੀ ਦੇ ਗੁਪਤ ਅੰਗਾਂ ‘ਚ ਵੀ ਖੂਨ ਵਹਿਨ ਦੀ ਰਿਪੋਰਟ ਵੀ ਮਿਲੀ ਸੀ। ਡਾਬਾ ਇਲਾਕੇ ‘ਚ ਰਹਿਣ ਵਾਲਾ ਸੋਨੂੰ ਨਾਂ ਦਾ ਨੌਜਵਾਨ ਕਿਸੇ ਬਹਾਨੇ ਲੜਕੀ ਨੂੰ ਕਮਰੇ ‘ਚ ਲੈ ਗਿਆ ਸੀ।
ਦੁਪਹਿਰ 2 ਵਜੇ ਤੋਂ ਬਾਅਦ ਲੜਕੀ ਦਾ ਕੋਈ ਸੁਰਾਗ ਨਹੀਂ ਮਿਲਿਆ, ਇਸ ਲਈ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਸ਼ੱਕ ਜਤਾਇਆ ਜਾ ਰਿਹਾ ਸੀ ਕਿ ਬੱਚੀ ਨਾਲ ਬਲਾਤਕਾਰ ਕਰਕੇ ਕਤਲ ਕੀਤਾ ਗਿਆ ਸੀ।
ਲੜਕੀ ਦੇ ਗਲੇ ‘ਤੇ ਕਾਤਲ ਦੇ ਸਾਫ਼ ਉਂਗਲਾਂ ਦੇ ਨਿਸ਼ਾਨ ਮਿਲੇ ਹਨ। ਲੜਕੀ ਦੀ ਤੜਫ-ਤੜਫ ਕੇ ਮੌਤ ਹੋ ਗਈ ਸੀ। ਪੁਲਿਸ ਨੇ ਲੜਕੀ ਦੇ ਗੁਪਤ ਅੰਗਾਂ ਦੇ ਸੈਂਪਲ ਵੀ ਜਾਂਚ ਲਈ ਭੇਜ ਦਿੱਤੇ ਹਨ। ਕਾਤਲ ਦੀ ਗ੍ਰਿਫ਼ਤਾਰੀ ਨਾ ਹੋਣ ਕਾਰਨ ਪਰਿਵਾਰਕ ਮੈਂਬਰਾਂ ਨੇ ਆਜ਼ਾਦ ਨਗਰ ਵਿੱਚ ਪੁਲੀਸ ਖ਼ਿਲਾਫ਼ ਧਰਨਾ ਵੀ ਦਿੱਤਾ ਸੀ। ਪੁਲੀਸ ਇਸ ਮਾਮਲੇ ਵਿੱਚ ਭਲਕੇ ਪ੍ਰੈਸ ਕਾਨਫਰੰਸ ਕਰੇਗੀ।