ਦਾ ਐਡੀਟਰ ਨਿਊਜ਼, ਚੰਡੀਗੜ੍ਹ —— ਕਾਂਗਰਸੀ ਲੀਡਰ ਨਵਜੋਤ ਸਿੰਧੂ ਨੇ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ (ਪ੍ਰਧਾਨ) ਦੇਵੇਂਦਰ ਯਾਦਵ ਨੂੰ “ਵੈਲ-ਕਮ” ਕਿਹਾ ਹੈ। ਇਸ ਸੰਬੰਧੀ ਉਨ੍ਹਾਂ ਨੇ ਐਕਸ ‘ਤੇ ਟਵੀਟ ਕਰਦਿਆਂ ਕਿਹਾ ਕਿ, “ਦਵਿੰਦਰ ਯਾਦਵ ਸਾਹਿਬ ਕਾਂਗਰਸ ਦੇ ਸਿਆਸੀ ਮਾਮਲਿਆਂ ਦੇ ਇੰਚਾਰਜ ਵਜੋਂ ਪੰਜਾਬ ‘ਚ ਤਾਜ਼ੀ ਹਵਾ ‘ਚ ਸਾਹ ਲੈਣ ਆਏ ਹਨ…ਜੀ ਆਇਆਂ ਨੂੰ !!!
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਕਾਂਗਰਸ ਨੇ ਪ੍ਰਦੇਸ਼ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ। ਉਨ੍ਹਾਂ ਦੀ ਥਾਂ ‘ਤੇ ਦੇਵੇਂਦਰ ਯਾਦਵ ਨੂੰ ਪੰਜਾਬ ਕਾਂਗਰਸ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਦੇਵੇਂਦਰ ਯਾਦਵ ਦਿੱਲੀ ਤੋਂ ਕਾਂਗਰਸ ਨੇਤਾ ਹਨ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਇਸ ਸਬੰਧੀ ਨਿਰਦੇਸ਼ ਜਾਰੀ ਕੀਤੇ ਹਨ। ਦੇਵੇਂਦਰ ਯਾਦਵ ਹੁਣ ਤੱਕ ਉੱਤਰਾਖੰਡ ਕਾਂਗਰਸ ਦੇ ਇੰਚਾਰਜ ਸਨ।
ਪਰ ਇਥੇ ਇਹ ਗੱਲ ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਤੋਂ ਕਰੀਬ 6 ਮਹੀਨੇ ਪਹਿਲਾਂ ਪੰਜਾਬ ਕਾਂਗਰਸ ਵਿੱਚ ਫੇਰ ਅੰਦਰੂਨੀ ਕਲੇਸ਼ ਸ਼ੁਰੂ ਹੋ ਗਿਆ ਹੈ। ਇਹੀ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਦੇਵੇਂਦਰ ਯਾਦਵ ਲਈ ਸਭ ਤੋਂ ਵੱਡੀ ਚੁਣੌਤੀ ਹੈ। ਵਿਰੋਧੀ ਪਾਰਟੀਆਂ ਨਾਲ ਟਕਰਾਅ ਦੀ ਥਾਂ ਕਾਂਗਰਸੀਆਂ ਦੀ ਆਪਸ ਵਿੱਚ ਸ਼ਬਦੀ ਯੰਗ ਸ਼ੁਰੂ ਹੋ ਗਈ ਹੈ। ਇਸ ਦੀ ਸ਼ੁਰੂਆਤ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦੀ ਬਠਿੰਡਾ ਦੇ ਮਹਿਰਾਜ ‘ਚ ਕੀਤੀ ਰੈਲੀ ਨਾਲ ਹੋਈ। ਇਸ ਰੈਲੀ ਤੋਂ ਬਾਅਦ ਪ੍ਰਤਾਪ ਬਾਜਵਾ ਉਸੇ ਦਿਨ ਸ਼ਾਮ ਨੂੰ ਲੁਧਿਆਣਾ ਦੇ ਖੰਨਾ ਪਹੁੰਚੇ ਹੋਏ ਸਨ, ਜਿਥੇ ਉਨ੍ਹਾਂ ਨੇ ਸਿੱਧੂ ਨੂੰ ਦੋ-ਟੁੱਕ ਸਲਾਹ ਦਿੰਦਿਆਂ ਕਿਹਾ ਸੀ ਕਿ ਉਹ ਆਪਣਾ ਵੱਖਰਾ ਅਖਾੜਾ ਨਾ ਲਗਾਉਣ। ਇਹ ਚੰਗਾ ਨਹੀਂ ਹੈ। ਸਿੱਧੂ ਨੂੰ ਪਾਰਟੀ ਨਾਲ ਚੱਲਣਾ ਚਾਹੀਦਾ ਹੈ।
ਇਸ ਬਿਆਨ ਤੋਂ ਬਾਅਦ ਸਿੱਧੂ ਅਤੇ ਬਾਜਵਾ ਧੜਾ ਆਹਮੋ-ਸਾਹਮਣੇ ਹੋਇਆ। ਪਹਿਲਾਂ ਸਿੱਧੂ ਕੈਂਪ ਦੇ ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ, ਰਜਿੰਦਰ ਸਮਾਣਾ, ਮਹੇਸ਼ਇੰਦਰ ਸਿੰਘ, ਰਮਿੰਦਰ ਅਮਲਾ, ਜਗਦੇਵ ਕਮਾਲੂ ਆਦਿ ਨੇ ਸਵਾਲ ਉਠਾਏ ਕਿ ਸਿੱਧੂ ਨੂੰ ਕਾਂਗਰਸ ਦੇ ਪ੍ਰੋਗਰਾਮ ਵਿੱਚ ਕਿਉਂ ਨਹੀਂ ਬੁਲਾਇਆ ਜਾਂਦਾ। ਜੇਕਰ ਅਸੀਂ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਰੈਲੀ ਵਿੱਚ ਜਾਂਦੇ ਹਾਂ ਤਾਂ ਸਾਨੂੰ ਬੁਰਾ ਕਿਉਂ ਕਿਹਾ ਜਾਂਦਾ ਹੈ ਅਤੇ ਸਾਡੇ ਨਾਲ ਵਿਤਕਰਾ ਕਿਉਂ ਕੀਤਾ ਜਾਂਦਾ ਹੈ ?
ਉਥੇ ਹੀ ਦੂਜੇ ਪਾਸੇ ਇਸ ਦੇ ਜਵਾਬ ਵਿੱਚ ਪੰਜਾਬ ਕਾਂਗਰਸ ਦੇ ਦੂਜੇ ਪੱਖ ਤੋਂ ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ, ਸਾਬਕਾ ਵਿਧਾਇਕ ਕੁਲਬੀਰ ਜ਼ੀਰਾ, ਇੰਦਰਬੀਰ ਸਿੰਘ ਬੁਲਾਰੀਆ, ਮੋਹਿਤ ਮਹਿੰਦਰਾ ਅੱਗੇ ਆਏ। ਉਨ੍ਹਾਂ ਸਿੱਧੇ ਤੌਰ ‘ਤੇ ਕਿਹਾ ਕਿ ਸਿੱਧੂ ਕਿਸੇ ਵੀ ਸਮੇਂ ਪਾਰਟੀ ਖਿਲਾਫ ਧਮਾਕਾ ਕਰ ਸਕਦਾ ਹੈ। ਉਸ ਨੂੰ ਕਾਂਗਰਸ ਵਿੱਚੋਂ ਬਾਹਰ ਕੱਢ ਦੇਣਾ ਚਾਹੀਦਾ ਹੈ।
ਇਥੇ ਇਹ ਵੀ ਗੱਲ ਜ਼ਿਕਰਯੋਗ ਹੈ ਕਿ ਪੰਜਾਬ ਦੀਆਂ ਪਿਛਲੀਆਂ ਵਿਧਾਨ ਸਭਾ ਚੋਣਾਂ ‘ਚ ਨਵਜੋਤ ਸਿੱਧੂ ਅਤੇ ਚਰਨਜੀਤ ਚੰਨੀ ਵਿਚਾਲੇ ਜ਼ਬਰਦਸਤ ਟਕਰਾਅ ਹੋਇਆ ਸੀ। ਸੀਐਮ ਦੀ ਬਣਨ ਦੀ ਹੋੜ ‘ਚ 2022 ਵਿੱਚ ਕਾਂਗਰਸ 18 ਸੀਟਾਂ ‘ਤੇ ਹੀ ਸਿਮਟ ਗਈ ਸੀ। 2017 ਦੇ ਚੋਣ ਨਤੀਜਿਆਂ ‘ਚ ਕਾਂਗਰਸ ਨੂੰ 117 ‘ਚੋਂ 78 ਸੀਟਾਂ ਮਿਲੀਆਂ ਸਨ।
ਪਰ ਇਸ ਦੇ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਦੇਵੇਂਦਰ ਯਾਦਵ ਲਈ ਆਪਣੇ ਲੀਡਰਾਂ ਨੂੰ ਇੰਡੀਆ ਗਠਜੋੜ ਲਈ ਮਨਾਉਣ ਦਾ ਕੰਮ ਸਭ ਤੋਂ ਔਖਾ ਹੈ। ਸੂਬੇ ਦੇ ਆਗੂ ਭਾਰਤ ਗਠਜੋੜ ਨੂੰ ਲੈ ਕੇ ਪਾਰਟੀ ਹਾਈਕਮਾਂਡ ਨਾਲ ਨਜ਼ਰ ਨਹੀਂ ਆ ਰਹੇ। ਉਥੇ ਹੀ ਕਾਂਗਰਸ ਦੇ ਪੂਰੇ ਖੇਮੇ ‘ਚੋਂ ਨਵਜੋਤ ਸਿੰਘ ਸਿੱਧੂ ‘ਆਪ’ ਨਾਲ ਗਠਜੋੜ ਦੇ ਹੱਕ ‘ਚ ਸਾਹਮਣੇ ਆਏ ਹਨ। ਪਰ ਪੰਜਾਬ ਕਾਂਗਰਸ ਦੇ ਜ਼ਿਆਦਾਤਰ ਆਗੂ ਇਸ ਇਸ ਗਠਜੋੜ ਤੋਂ ਮੁੱਖ ਮੋੜ ਰਹੇ ਹਨ।
ਪਰ ਜੇ ਇੱਥੇ ਗੱਲ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਕਰੀਏ ਤਾਂ ਉਹ ਅੰਦਰੂਨੀ ਤੌਰ ‘ਤੇ ਕਥਿਤ ਤੌਰ ‘ਤੇ ਇਸ ਗਠਜੋੜ ਦੇ ਹੱਕ ‘ਚ ਹਨ ਪਰ ਉਹ ਬਾਹਰੀ ਤੌਰ ‘ਤੇ ਆਪਣੀ ਸਥਿਤੀ ਸਪੱਸ਼ਟ ਨਹੀਂ ਕਰ ਰਹੇ।