ਦਾ ਐਡੀਟਰ ਨਿਊਜ਼, ਨਵੀਂ ਦਿੱਲੀ —– ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਈਡੀ ਦੇ ਸੰਮਨ ਦਾ ਜਵਾਬ ਦਿੱਤਾ ਹੈ। ਵਿਪਾਸਨਾ ‘ਤੇ ਜਾਣ ਤੋਂ ਪਹਿਲਾਂ ਈਡੀ ਨੂੰ ਭੇਜੇ ਗਏ ਆਪਣੇ ਜਵਾਬ ‘ਚ ਕੇਜਰੀਵਾਲ ਨੇ ਸੰਮਨ ਨੂੰ ਗੈਰ-ਕਾਨੂੰਨੀ ਦੱਸਿਆ ਅਤੇ ਕਿਹਾ ਕਿ ਮੈਂ ਹਰ ਕਾਨੂੰਨੀ ਸੰਮਨ ਸਵੀਕਾਰ ਕਰਨ ਲਈ ਤਿਆਰ ਹਾਂ। ਕੇਜਰੀਵਾਲ ਨੇ ਕਿਹਾ, ‘ਇਹ ਈਡੀ ਸੰਮਨ ਵੀ ਪਿਛਲੇ ਸੰਮਨਾਂ ਵਾਂਗ ਗੈਰ-ਕਾਨੂੰਨੀ ਹੈ ਅਤੇ ਰਾਜਨੀਤੀ ਤੋਂ ਪ੍ਰੇਰਿਤ ਹੈ, ਇਸ ਲਈ ਸੰਮਨ ਵਾਪਸ ਲਏ ਜਾਣੇ ਚਾਹੀਦੇ ਹਨ। ਮੈਂ ਆਪਣਾ ਜੀਵਨ ਇਮਾਨਦਾਰੀ ਅਤੇ ਪਾਰਦਰਸ਼ੀ ਢੰਗ ਨਾਲ ਬਤੀਤ ਕੀਤਾ ਹੈ ਅਤੇ ਮੇਰੇ ਕੋਲ ਲੁਕਾਉਣ ਲਈ ਕੁਝ ਨਹੀਂ ਹੈ।
ਇਸ ਤੋਂ ਪਹਿਲਾਂ ਨਵੰਬਰ ਵਿੱਚ ਵੀ ਈਡੀ ਨੇ ਸੰਮਨ ਦਿੱਤੇ ਸਨ, ਜਦੋਂ ਕੇਜਰੀਵਾਲ ਤਿੰਨ ਰਾਜਾਂ ਦੀਆਂ ਚੋਣਾਂ ਵਿੱਚ ਰੁੱਝੇ ਹੋਏ ਸਨ ਅਤੇ ਪੇਸ਼ ਨਹੀਂ ਹੋਏ ਸਨ। ਇਸ ਵਾਰ ਸੁਣਵਾਈ ‘ਚ ਸ਼ਾਮਲ ਨਾ ਹੋਣ ਦਾ ਕਾਰਨ ਵਿਪਾਸਨਾ ਧਿਆਨ ਨੂੰ ਦੱਸਿਆ ਗਿਆ। ਅੱਜ ਤੋਂ ਅਰਵਿੰਦ ਕੇਜਰੀਵਾਲ 10 ਦਿਨ ਵਿਪਾਸਨਾ ਕੇਂਦਰ ‘ਚ ਰਹਿਣਗੇ। ਇਹ ਕੇਂਦਰ ਪੰਜਾਬ ਦੇ ਹੁਸ਼ਿਆਰਪੁਰ ਵਿੱਚ ਹੈ। ਜਿੱਥੇ ਭਾਜਪਾ ਕਹਿ ਰਹੀ ਹੈ ਕਿ ਕੇਜਰੀਵਾਲ ਜਾਂਚ ਤੋਂ ਭੱਜ ਰਹੇ ਹਨ, ਉੱਥੇ ਹੀ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਕੇਜਰੀਵਾਲ ਨੂੰ ਝੂਠੇ ਕੇਸਾਂ ਵਿੱਚ ਫਸਾਉਣ ਦੀ ਸਾਜ਼ਿਸ਼ ਹੈ।