ਦਾ ਐਡੀਟਰ ਨਿਊਜ਼, ਚੰਡੀਗੜ੍ਹ —– ਪੰਜਾਬ ਪੁਲਿਸ ਨੂੰ ਤਰਨਤਾਰਨ ਦੇ ਸਰਹਾਲੀ ਥਾਣੇ ਅਤੇ ਮੋਹਾਲੀ ਹੈਡਕੁਆਟਰ ‘ਤੇ ਆਰ ਪੀ ਜੀ ਅਟੈਕ ਕਰਨ ਵਾਲਾ ਮੋਸਟ ਵਾਂਟੇਡ ਲਖਵੀਰ ਲੰਡਾ ਕੈਨੇਡਾ-ਅਮਰੀਕਾ ਛੱਡ ਕੇ ਪਾਕਿਸਤਾਨ ਪਹੁੰਚ ਗਿਆ ਹੈ। ਜਿਹੜਾ ਕਿ ਹੁਣ ਉੱਥੇ ਹਰਵਿੰਦਰ ਰਿੰਦੇ ਦੀ ਜਗ੍ਹਾ ਲਵੇਗਾ। ਕੇਂਦਰੀਆਂ ਏਜੰਸੀਆਂ ਨੂੰ ਹਾਲ ‘ਚ ਹੀ ਇਹ ਜਾਣਕਾਰੀ ਮਿਲੀ ਹੈ ਕਿ ਲੰਡਾ ਨੂੰ ਪਾਕਿਸਤਾਨ ਪਹੁੰਚਾਉਣ ‘ਚ ਉਥੋਂ ਦੀ ਖੁਫੀਆ ਏਜੰਸੀ ਆਈ ਐਸ ਆਈ ਦਾ ਹੱਥ ਦੱਸਿਆ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਇਹ ਜਾਣਕਾਰੀ ਆਈ ਸੀ ਕਿ ਰਿੰਦੇ ਦੀ ਪਾਕਿਸਤਾਨ ‘ਚ ਮੌਤ ਹੋ ਗਈ ਹੈ, ਲੇਕਿਨ ਬਾਅਦ ‘ਚ ਪਤਾ ਲੱਗਾ ਸੀ ਕਿ ਉਹ ਕਿਸੇ ਕਥਿਤ ਡਰੱਗ ਦਾ ਸ਼ਿਕਾਰ ਹੋਇਆ ਸੀ ਅਤੇ ਜਿਸ ਨੂੰ ਆਈ ਐਸ ਆਈ ਦੇ ਅਧਿਕਾਰੀਆਂ ਨੇ ਕਿਸੇ ਮਿਲਿਟਰੀ ਹਸਪਤਾਲ ਦਾਖਲ ਕਰਵਾਇਆ ਸੀ ਜਿੱਥੇ ਉਸ ਦੀ ਕੰਡੀਸ਼ਨ ਬਹੁਤੀ ਵਧੀਆ ਨਹੀਂ ਦੱਸੀ ਜਾ ਰਹੀ।
ਅਸਲ ‘ਚ ਆਈ ਐਸ ਆਈ ਨੂੰ ਪੰਜਾਬ ‘ਚ ਅੱਤਵਾਦੀ ਘਟਨਾਵਾਂ ਕਰਵਾਉਣ ਲਈ ਰਿੰਦਾ ਤੋਂ ਬਾਅਦ ਕਿਸੇ ਹੋਰ ਅਜਿਹੇ ਵਿਅਕਤੀ ਦੀ ਲੋੜ ਸੀ ਜਿਸ ਦਾ ਪੰਜਾਬ ‘ਚ ਵੱਡਾ ਨੈੱਟਵਰਕ ਹੋਵੇ। ਇਸੇ ਕੜੀ ‘ਚ ਲੰਡਾ ਨੂੰ ਪਾਕਿਸਤਾਨ ਲਿਆਂਦਾ ਗਿਆ ਹੈ ਤਾਂ ਜੋ ਉਹ ਆਪਣਾ ਨੈੱਟਵਰਕ ਇਸਤੇਮਾਲ ਕਰਕੇ ਪੰਜਾਬ ‘ਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇ ਸਕੇ।
ਹਾਲਾਂਕਿ ਦਾ ਐਡੀਟਰ ਨਿਊਜ਼ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਲੇਕਿਨ ਕੇਂਦਰੀ ਖੁਫੀਆਂ ਏਜੰਸੀਆਂ ਇਸ ਗੱਲ ਦੀ ਪੁਸ਼ਟੀ ‘ਚ ਲੱਗੀਆਂ ਹੋਈਆਂ ਹਨ। ਹਾਲਾਂਕਿ ਕਿ ਪੰਜਾਬ ਪੁਲਿਸ ਦੇ ਖੁਫੀਆ ਤੰਤਰ ਕੋਲ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਹੈ।