ਦਾ ਐਡੀਟਰ ਨਿਊਜ, ਹੁਸ਼ਿਆਰਪੁਰ ——- ਪੰਜਾਬ ਯੂਥ ਆਰਗੇਨਾਈਜੇਸ਼ਨ ਪਿਛਲੇ ਲੰਬੇ ਸਮੇਂ ਤੋਂ ਸੂਬੇ ਦੇ ਨੌਜਵਾਨਾਂ ਨੂੰ ਸਹੀ ਦਿਸ਼ਾ ਵੱਲ ਲਿਜਾਣ ਲਈ ਮੇਹਨਤ ਨਾਲ ਅੱਗੇ ਵੱਧ ਰਹੀ ਹੈ ਤੇ ਸਮਾਜ ਦੇ ਸਭ ਵਰਗਾਂ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਆਰਗੇਨਾਈਜੇਸ਼ਨ ਵੱਲੋਂ ਕੀਤੇ ਜਾਣ ਵਾਲੇ ਕਾਰਜਾਂ ਵਿੱਚ ਆਪਣਾ ਯੋਗਦਾਨ ਪਾਉਣ, ਇਹ ਪ੍ਰਗਟਾਵਾ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਸ. ਜਤਿੰਦਰ ਸਿੰਘ ਲਾਲੀ ਬਾਜਵਾ ਵੱਲੋਂ ਆਪਣੇ ਗ੍ਰਹਿ ਵਿਖੇ ਆਰਗੇਨਾਈਜੇਸ਼ਨ ਦੇ ਮੈਂਬਰਾਂ ਨਾਲ ਕੀਤੀ ਗਈ ਮੀਟਿੰਗ ਦੌਰਾਨ ਕੀਤਾ ਗਿਆ।
ਲਾਲੀ ਬਾਜਵਾ ਨੇ ਅੱਗੇ ਕਿਹਾ ਕਿ ਇਸ ਸਮੇਂ ਪੰਜਾਬ ਦੀ ਜਵਾਨੀ ਨੂੰ ਸੰਭਾਲਣ ਤੇ ਜਵਾਨੀ ਦੀ ਊਰਜਾ ਨੂੰ ਸੂਬੇ ਤੇ ਦੇਸ਼ ਦੀ ਤਰੱਕੀ ਵਿੱਚ ਲਗਾਉਣ ਦੀ ਵੱਡੀ ਜਰੂਰਤ ਹੈ ਜਿਸ ਨਾਲ ਦੇਸ਼ ਤਾਂ ਤਰੱਕੀ ਕਰੇਗਾ ਹੀ ਨਾਲ ਹੀ ਨੌਜਵਾਨ ਵੀ ਠੀਕ ਦਿਸ਼ਾ ਵੱਲ ਅੱਗੇ ਵੱਧ ਸਕਣਗੇ, ਉਨ੍ਹਾਂ ਕਿਹਾ ਕਿ ਪੰਜਾਬ ਯੂਥ ਆਰਗੇਨਾਈਜੇਸ਼ਨ ਦੀ ਤਰ੍ਹਾਂ ਹੋਰ ਵੀ ਜਿਹੜੀਆਂ ਸੰਸਥਾਵਾਂ ਸਮਾਜਿਕ ਭਲਾਈ ਦੇ ਖੇਤਰ ਵਿੱਚ ਆਪਣਾ ਯੋਗਦਾਨ ਦੇ ਰਹੀਆਂ ਹਨ ਉਨ੍ਹਾਂ ਦੀ ਮਦਦ ਲਈ ਪੰਜਾਬ ਸਰਕਾਰ ਨੂੰ ਵੀ ਹੱਥ ਅੱਗੇ ਵਧਾਉਣਾ ਚਾਹੀਦਾ ਹੈ ਜਿਸ ਨਾਲ ਇਸ ਤਰ੍ਹਾਂ ਦੀਆਂ ਜਥੇਬੰਦੀਆਂ ਵੱਲੋਂ ਕੀਤੇ ਜਾਣ ਵਾਲੇ ਕਾਰਜਾਂ ਦਾ ਘੇਰਾ ਵਿਸ਼ਾਲ ਹੋਵੇਗਾ ਤੇ ਇਸ ਦੇ ਚੰਗੇ ਨਤੀਜੇ ਸਾਹਮਣੇ ਆਉਣਗੇ।

ਇਸ ਮੌਕੇ ਸੰਸਥਾ ਦੇ ਪ੍ਰਧਾਨ ਜੋਗਿੰਦਰ ਸਿੰਘ ਯੋਗੀ ਨੇ ਕਿਹਾ ਕਿ ਸੰਸਥਾ ਦਾ ਹਰ ਇੱਕ ਮੈਂਬਰ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਦੇ ਨਾਲ ਨਿਭਾਅ ਰਿਹਾ ਹੈ ਤੇ ਭਵਿੱਖ ਵਿੱਚ ਵੀ ਸਮਾਜਿਕ ਭਲਾਈ ਦੇ ਕਾਰਜਾਂ ਨੂੰ ਜਾਰੀ ਰੱਖਿਆ ਜਾਵੇਗਾ, ਉਨ੍ਹਾਂ ਕਿਹਾ ਕਿ ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ ਨਾਲ ਸਮਾਜ ਦਾ ਸੰਤੁਲਨ ਵਿਗੜ ਰਿਹਾ ਹੈ ਤੇ ਇਸ ਕਾਰਨ ਸਮਾਜ ਵਿੱਚ ਰਹਿ ਰਹੇ ਹਰ ਇੱਕ ਵਿਅਕਤੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਆਸਪਾਸ ਦਾ ਧਿਆਨ ਰੱਖਣ ਤੇ ਦੂਸਰੇ ਲੋਕਾਂ ਨੂੰ ਵੀ ਆਪਣੇ ਪਰਿਵਾਰ ਦਾ ਹਿੱਸਾ ਮੰਨ ਕੇ ਸਮਾਜ ਵਿੱਚ ਵਿਚਰਨ, ਉਨ੍ਹਾਂ ਕਿਹਾ ਕਿ ਜਦੋਂ ਇਸ ਤਰ੍ਹਾਂ ਦੀ ਸੋਚ ਅੱਗੇ ਵਧੇਗੀ ਤਦ ਸਮਾਜਿਕ ਬੁਰਾਈਆਂ ਨੂੰ ਸੱਟ ਲੱਗੇਗੀ ਜੋ ਕਿ ਸਾਡੇ ਸਮਾਜ ਲਈ ਚੰਗਾ ਹੋਵੇਗਾ।
ਇਸ ਮੌਕੇ ਸੰਸਥਾ ਦੇ ਮੈਂਬਰਾਂ ਵੱਲੋਂ ਲਾਲੀ ਬਾਜਵਾ ਦਾ ਸਨਮਾਨ ਵੀ ਕੀਤਾ ਗਿਆ। ਇਸ ਸਮੇਂ ਰਣਧੀਰ ਸਿੰਘ ਭਾਰਜ, ਗੁਰਪ੍ਰੀਤ ਸਿੰਘ, ਜਪਿੰਦਰ ਸਿੰਘ ਅਟਵਾਲ, ਰਵਿੰਦਰ ਸਿੰਘ ਲਾਡੀ, ਅਜਮੇਰ ਸਿੰਘ, ਪੂਰਣ ਸਿੰਘ, ਰਵਿੰਦਰ ਚੌਹਾਨ, ਸੁਸ਼ੀਲ ਕੁਮਾਰ, ਅਰੁਣ ਸੋਈ, ਮਨਵੀਰ ਸਿੰਘ, ਜਤਿੰਦਰਜੀਤ ਸਿੰਘ, ਮਨਪ੍ਰੀਤ ਸਿੰਘ, ਸੁਖਜੀਤ ਸਿੰਘ ਪਰਮਾਰ, ਜਤਿੰਦਰ ਸਿੰਘ ਰੀਹਲ ਆਦਿ ਵੀ ਮੌਜੂਦ ਸਨ।