ਦਾ ਐਡੀਟਰ ਨਿਊਜ਼, ਅੰਮ੍ਰਿਤਸਰ/ ਅਜਨਾਲਾ —– ਵਿਧਾਇਕ, ਸਾਬਕਾ ਕੈਬਨਿਟ ਮੰਤਰੀ ਪੰਜਾਬ ਤੇ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਅਧਿਕਾਰਤ ਮੁੱਖ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪ੍ਰਸਤਾਵਿਤ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਲੜਨ ਲਈ ਪਾਰਟੀ ਪ੍ਰਤੀ ਕੁੱਝ ਹਿੱਸਿਆਂ ‘ਚ ਫੈਲੇ ਹੋਏ ਸ਼ੰਕੇ ਦੂਰ ਕੀਤੇ ਅਤੇ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਤੇ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਦੀ ਅਗਵਾਈ ‘ਚ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਪਾਰਟੀ ਵੱਲੋਂ ਆਪਣੇ ਚੋਣ ਨਿਸ਼ਾਨ ਝਾੜੂ ‘ਤੇ ਹੀ ਲੜੀਆਂ ਜਾਣਗੀਆਂ।
ਜਦੋਂਕਿ ਇਸ ਤੋਂ ਪਹਿਲਾਂ ਹੋਈਆਂ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਪਾਰਟੀ ਵੱਲੋਂ ਪਾਰਟੀ ਦੇ ਚੋਣ ਨਿਸ਼ਾਨ ਝਾੜੂ ਤੋਂ ਬਗੈਰ ਲੜੀਆਂ ਸਨ। ਉਨ੍ਹਾਂ ਕਿਹਾ ਕਿ ਸੂਬਾ ਮਾਨ ਸਰਕਾਰ ਤੇ ਪਾਰਟੀ ਵੱਲੋਂ ਸੂਬੇ ਭਰ ਦੀਆਂ 23 ਜ਼ਿਲ੍ਹਾ ਪ੍ਰੀਸ਼ਦ ਤੇ 154 ਪੰਚਾਇਤ ਸੰਮਤੀ ਦੀਆਂ ਚੋਣਾਂ ਚਹੁੰ-ਮੁੱਖੀ ਵਿਕਾਸ, ਫਿਰਕੂ ਸਦਭਾਵਨਾ, ਰੁਜ਼ਗਾਰ ਦੇ ਮੁੱਦੇ ਤੋਂ ਇਲਾਵਾ ਨਸ਼ਿਆਂ ਦੇ ਖਾਤਮੇ ਤੇ ਗੈਂਗਸਟਰਵਾਦ ਵਿਰੁੱਧ ਛੇੜੇ ਯੁੱਧ ਦੀਆਂ ਪ੍ਰਾਪਤੀਆਂ ਨੂੰ ਚੋਣ ਏਜੰਡਾ ਬਣਾ ਕੇ ਚੋਣਾਂ ਲੜਨ ਲਈ ਕਮਰਕੱਸੇ ਕਰ ਲਏ ਗਏ ਹਨ।

ਧਾਲੀਵਾਲ ਨੇ ਸੰਭਾਵਨਾ ਪ੍ਰਗਟਾਈ ਕਿ ਭਾਵੇਂ ਕਿ ਪੰਜਾਬ ਸਰਕਾਰ ਨੇ ਸੂਬਾਈ ਚੋਣ ਕਮਿਸ਼ਨ ਨੂੰ ਅਗਲੇ ਮਹੀਨੇ 5 ਦਸੰਬਰ ਤੱਕ ਚੋਣਾਂ ਕਰਵਾਉਣ ਲਈ ਬਕਾਇਦਾ ਰਸਮੀ ਪੱਤਰ ਭੇਜਿਆ ਹੋਇਆ ਹੈ, ਪਰ ਫਿਰ ਵੀ ਇਹ ਚੋਣਾਂ ਦਸੰਬਰ ਦੇ ਦੂਸਰੇ ਹਫਤੇ ‘ਚ ਹੋ ਸਕਦੀਆਂ ਹਨ। ਧਾਲੀਵਾਲ ਨੇ ਕਿਹਾ ਕਿ ਪੇਂਡੂ ਖੇਤਰ ਨਾਲ ਜੁੜੀਆਂ ਹੋਈਆਂ ਇਹ ਚੋਣਾਂ ਸਭ ਤੋਂ ਵੱਡੀਆਂ ਚੋਣਾਂ ਹਨ, ਜਿਸ ‘ਚ ਸੂਬੇ ਦੀਆਂ 13,236 ਦੇ ਕਰੀਬ ਗ੍ਰਾਮ ਪੰਚਾਇਤਾਂ ਦੇ ਵੋਟਰ ਹਿੱਸਾ ਬਣਨਗੇ। ਵੋਟਾਂ ਬੈਲਟ ਪੇਪਰ ‘ਤੇ ਪੈਣਗੀਆਂ। ਇੱਕ ਬੈਲਟ ਪੇਪਰ ‘ਤੇ ਜ਼ਿਲ੍ਹਾ ਪ੍ਰੀਸ਼ਦ ਤੇ ਦੂਸਰੇ ਬੈਲਟ ਪੇਪਰ ‘ਤੇ ਪੰਚਾਇਤ ਸੰਮਤੀ ਦੇ ਉਮੀਦਵਾਰਾਂ ਦੇ ਨਾਮ ਦਰਜ ਹੋਣਗੇ।