– 24 ਨੂੰ ਮੁੱਖ ਮੰਤਰੀ ਪੁੱਜਣਗੇ ਹੁਸ਼ਿਆਰਪੁਰ ਤਦ ਸੌਂਪਿਆ ਜਾਵੇਗਾ ਦਸਤਖਤਾਂ ਵਾਲਾ ਮੰਗ ਪੱਤਰ
ਦਾ ਐਡੀਟਰ ਨਿਊਜ, ਹੁਸ਼ਿਆਰਪੁਰ —– ਪੁਰਾਣੀਆਂ ਕਚਿਹਰੀਆਂ ਦੀ ਖਾਲ੍ਹੀ ਹੋਈ ਜਗ੍ਹਾਂ ’ਤੇ ਸ਼ਹਿਰ ਵਾਸੀਆਂ ਲਈ ਪਾਰਕ ਬਣਾਉਣ ਦੀ ਮੰਗ ਕਰ ਰਹੇ ਫਿੱਟ ਬਾਈਕਰ ਕਲੱਬ ਵੱਲੋਂ 23 ਅਕਤੂਬਰ ਨੂੰ ਸ਼ਹਿਰ ਵਿੱਚ ਇਸ ਮੁਹਿੰਮ ਦੀ ਸਫਲਤਾ ਲਈ ਦਸਤਖਤ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਧਾਨ ਤੇ ਸਮਾਜਸੇਵੀ ਸ. ਪਰਮਜੀਤ ਸਿੰਘ ਸੱਚਦੇਵਾ ਨੇ ਦੱਸਿਆ ਕਿ 23 ਅਕਤੂਬਰ ਨੂੰ ਸ਼ਾਮ 5 ਵਜੇ ਸਥਾਨਕ ਸ਼ਿਮਲਾ ਪਹਾੜ੍ਹੀ ਚੌਂਕ ਨਜ਼ਦੀਕ ਪੈਦੇ ਵਿੱਦਿਆ ਮੰਦਿਰ ਸਕੂਲ ਦੇ ਸਾਹਮਣੇ ਪਾਰਕ ਬਣਾਉਣ ਲਈ ਪੰਜਾਬ ਸਰਕਾਰ ਨੂੰ ਦਿੱਤੇ ਜਾਣ ਵਾਲੇ ਮੰਗ ਪੱਤਰ ਉੱਪਰ ਸ਼ਹਿਰ ਵਾਸੀਆਂ ਤੋਂ ਦਸਤਖਤ ਕਰਵਾਏ ਜਾਣਗੇ ਤੇ ਉਪਰੰਤ 24 ਅਕਤੂਬਰ ਨੂੰ ਜਦੋਂ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਹੁਸ਼ਿਆਰਪੁਰ ਪੁੱਜਣਗੇ ਤਦ ਉਨ੍ਹਾਂ ਨੂੰ ਸ਼ਹਿਰ ਵਾਸੀਆਂ ਵੱਲੋਂ ਕੀਤੇ ਗਏ ਦਸਤਖਤਾਂ ਵਾਲਾ ਮੰਗ ਪੱਤਰ ਸੌਂਪਿਆ ਜਾਵੇਗਾ ਤੇ ਇਸ ਸਮੇਂ ਉਨ੍ਹਾਂ ਨੂੰ ਸ਼ਹਿਰ ਵਾਸੀਆਂ ਦੀਆਂ ਭਾਵਨਾਵਾਂ ਤੋਂ ਜਾਣੂ ਕਰਵਾਇਆ ਜਾਵੇਗਾ।

ਪਰਮਜੀਤ ਸੱਚਦੇਵਾ ਨੇ ਕਿਹਾ ਕਿ ਕੁਝ ਦਿਨ ਪਹਿਲਾ ਜਦੋਂ ਇਸ ਮੰਗ ਨੂੰ ਲੈ ਕੇ ਕਲੱਬ ਵੱਲੋਂ ਸ਼ਹਿਰ ਵਾਸੀਆਂ ਦੀ ਮਦਦ ਨਾਲ ਕੈਂਡਲ ਮਾਰਚ ਕੱਢਿਆ ਗਿਆ ਸੀ ਉਸ ਦੌਰਾਨ ਤੇ ਬਾਅਦ ਵਿੱਚ ਹਜਾਰਾਂ ਸ਼ਹਿਰ ਵਾਸੀਆਂ ਵੱਲੋਂ ਕਲੱਬ ਤੱਕ ਪਹੁੰਚ ਕਰਕੇ ਇਸ ਮੰਗ ਵਿੱਚ ਸਾਥ ਦੇਣ ਦਾ ਵਿਸ਼ਵਾਸ਼ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਸ਼ਹਿਰ ਵਿੱਚ ਸੈਰ ਕਰਨ ਲਈ ਪਾਰਕ ਦੀ ਅਣਹੋਂਦ ਹੈ ਜਿਸ ਵੱਲ ਹੁਣ ਤੱਕ ਕਿਸੇ ਵੀ ਸਿਆਸੀ ਧਿਰ ਨੇ ਧਿਆਨ ਨਹੀਂ ਦਿੱਤਾ ਲੇਕਿਨ ਹੁਣ ਪੰਜਾਬ ਸਰਕਾਰ ਕੋਲ ਵੱਡਾ ਮੌਕਾ ਹੈ ਜਿਸ ਤਹਿਤ ਹੁਸ਼ਿਆਰਪੁਰ ਵਾਸੀਆਂ ਨੂੰ ਸ਼ਹਿਰ ਦੇ ਅੰਦਰ ਪਾਰਕ ਬਣਾ ਕੇ ਦਿੱਤੀ ਜਾ ਸਕਦੀ ਹੈ।
ਪਰਮਜੀਤ ਸੱਚਦੇਵਾ ਨੇ ਕਿਹਾ ਕਿ ਪੁਰਾਣੀਆਂ ਕਚਿਹਰੀਆਂ ਵਿੱਚ ਮੌਜੂਦ 100 ਸਾਲ ਤੋਂ ਵੱਧ ਪੁਰਾਣੀਆਂ ਇਮਾਰਤਾਂ ਨੂੰ ਜਿੱਥੇ ਸੰਭਾਲ ਕੇ ਰੱਖਣ ਦੀ ਜਰੂਰਤ ਹੈ ਉੱਥੇ ਹੀ ਇਸ ਜਗ੍ਹਾਂ ਉੱਪਰ ਅਣਗਿਣਤ ਅਜਿਹੇ ਦਰੱਖਤ ਹਨ ਜੋ ਕਿ ਸ਼ਹਿਰ ਵਾਸੀਆਂ ਨੂੰ ਰੋਜਾਨਾ ਤਾਜੀ ਹਵਾ ਦੇ ਰਹੇ ਹਨ ਤੇ ਹੁਣ ਇਨ੍ਹਾਂ ਨੂੰ ਸੰਭਾਲ ਕੇ ਰੱਖਣ ਦੀ ਜ਼ਿੰਮੇਵਾਰੀ ਸਰਕਾਰ ਤੇ ਸ਼ਹਿਰ ਵਾਸੀਆਂ ਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਪੂਰਾ ਵਿਸ਼ਵਾਸ਼ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਸ਼ਿਆਰਪੁਰ ਵਾਸੀਆਂ ਦੀਆਂ ਦਿਲੀ ਭਾਵਨਾਵਾਂ ਨੂੰ ਧਿਆਨ ਵਿੱਚ ਰੱਖ ਕੇ ਪਾਰਕ ਦੇ ਨਿਰਮਾਣ ਨੂੰ ਹਰੀ ਝੰਡੀ ਦੇਣਗੇ ਜੋ ਕਿ ਪੰਜਾਬ ਸਰਕਾਰ ਵੱਲੋਂ ਹੁਸ਼ਿਆਰਪੁਰ ਵਾਸੀਆਂ ਲਈ ਵੱਡਾ ਤੋਹਫਾ ਹੋਵੇਗਾ। ਇਸ ਮੌਕੇ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ 23 ਅਕਤੂਬਰ ਨੂੰ ਵੱਡੀ ਗਿਣਤੀ ਵਿੱਚ ਇਸ ਦਸਤਖਤ ਮੁਹਿੰਮ ਦਾ ਹਿੱਸਾ ਬਣਨ। ਇਸ ਸਮੇਂ ਮੁਨੀਰ ਨਾਜਰ, ਉੱਤਮ ਸਿੰਘ ਸਾਬੀ, ਗੁਰਮੇਲ ਸਿੰਘ, ਤਰਲੋਚਨ ਸਿੰਘ, ਸੌਰਵ ਸ਼ਰਮਾ, ਦੌਲਤ ਸਿੰਘ ਤੇ ਅਮਰਿੰਦਰ ਸੈਣੀ ਵੀ ਮੌਜੂਦ ਸਨ।