ਦਾ ਐਡੀਟਰ ਨਿਊਜ਼, ਹੁਸ਼ਿਆਰਪੁਰ —– ਅਕਾਲੀ ਆਗੂ ਤੇ ਸਾਬਕਾ ਸਰਪੰਚ ਸੁਰਜੀਤ ਸਿੰਘ ਅਣਖੀ ਦੇ ਕੀਤੇ ਗਏ ਕਤਲ ਦੀ ਅਕਾਲੀ ਦਲ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਾ ਹੈ ਤੇ ਪੁਲਿਸ ਪ੍ਰਸ਼ਾਸ਼ਨ ਤੋਂ ਮੰਗ ਕਰਦਾ ਹੈ ਕਿ ਇਸ ਕਤਲ ਦੀ ਸਾਜਿਸ਼ ਤੇ ਹਮਲਾ ਕਰਨ ਵਾਲੇ ਸਾਰੇ ਲੋਕਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਸਖਤ ਸਜਾ ਦਿਵਾਈ ਜਾਵੇ, ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਤੋਂ ਇੰਚਾਰਜ ਸ. ਜਤਿੰਦਰ ਸਿੰਘ ਲਾਲੀ ਬਾਜਵਾ ਵੱਲੋਂ ਇੱਥੇ ਸਿਵਲ ਹਸਪਤਾਲ ਵਿੱਚ ਕੀਤਾ ਗਿਆ। ਉਨ੍ਹਾਂ ਅੱਗੇ ਕਿਹਾ ਕਿ ਸੁਰਜੀਤ ਸਿੰਘ ਅਣਖੀ ਨੇ ਜਿੱਥੇ ਸਰਪੰਚ ਰਹਿੰਦਿਆ ਪਿੰਡ ਦਾ ਵਿਕਾਸ ਕੀਤਾ ਉੱਥੇ ਹੀ ਸਮਾਜਸੇਵਾ ਲਈ ਵੀ ਉਹ ਹਮੇਸ਼ਾ ਤਤਪਰ ਰਹਿੰਦਾ ਸੀ ਇਸ ਤਰ੍ਹਾਂ ਇਹ ਕਤਲ ਇੱਕ ਵਿਅਕਤੀ ਦਾ ਨਹੀਂ ਸਗੋ ਉਸ ਸੋਚ ਦਾ ਕੀਤਾ ਗਿਆ ਹੈ ਜੋ ਹਮੇਸ਼ਾ ਸਮਾਜ ਨੂੰ ਉਸਾਰੂ ਸੇਂਧ ਦੇਣ ਵਾਲੀ ਸੀ।
ਲਾਲੀ ਬਾਜਵਾ ਨੇ ਕਿਹਾ ਕਿ ਬੀਤੇ ਸਮੇਂ ਦੌਰਾਨ ਪੰਜਾਬ ਵਿੱਚ ਇਸ ਤਰ੍ਹਾਂ ਦੀਆਂ ਹਿੰਸਕ ਵਾਰਦਾਤਾਂ ਤੇਜੀ ਨਾਲ ਵਧੀਆਂ ਹਨ ਜਿਨ੍ਹਾਂ ਦੌਰਾਨ ਬੇਦੋਸ਼ੇ ਲੋਕਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਇਸ ਲਈ ਪੰਜਾਬ ਪੁਲਿਸ ਨੂੰ ਇਸ ਪ੍ਰਤੀ ਸੰਜੀਦਗੀ ਨਾਲ ਸੋਚ ਕੇ ਸਖਤ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਸਮਾਜ ਵਿਰੋਧੀ ਅਨਸਰ ਅਜਿਹੀਆਂ ਘਿਨੋਣੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਪਹਿਲਾ ਆਪਣੇ ਹੋਣ ਵਾਲੇ ਅੰਜਾਮ ਪ੍ਰਤੀ ਜਰੂਰ ਸੋਚਣ। ਲਾਲੀ ਬਾਜਵਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੌਰਾਨ ਸਮੁੱਚਾ ਅਕਾਲੀ ਦਲ ਸੁਰਜੀਤ ਸਿੰਘ ਅਣਖੀ ਦੇ ਪਰਿਵਾਰ ਨਾਲ ਖੜ੍ਹਾ ਰਹੇਗਾ ਤੇ ਪਰਿਵਾਰ ਵੱਲੋਂ ਇਸ ਮਾਮਲੇ ਵਿੱਚ ਜੋ ਵੀ ਫੈਸਲੇ ਲਏ ਜਾਣਗੇ ਉਸ ਅਨੁਸਾਰ ਹੀ ਅੱਗੇ ਵਧਿਆ ਜਾਵੇਗਾ।