ਦਾ ਐਡੀਟਰ ਨਿਊਜ.ਹੁਸ਼ਿਆਰਪੁਰ —– ਸਥਾਨਕ ਧੋਬੀ ਘਾਟ ਚੌਂਕ ਨਜਦੀਕ ਇੱਕ ਹੋਟਲ ਵਿੱਚ ਭਾਜਪਾ ਕਾਰਜਕਾਰਨੀ ਦੀ ਹੋਈ ਮੀਟਿੰਗ ਦੌਰਾਨ ਗੜ੍ਹਸ਼ੰਕਰ ਹਲਕੇ ਤੋਂ ਭਾਜਪਾ ਦੀ ਆਗੂ ਨਮਿਸ਼ਾ ਮਹਿਤਾ ਵੱਲੋਂ ਹੁਸ਼ਿਆਰਪੁਰ ਦੇ ਕਈ ਛੋਟੇ-ਵੱਡੇ ਆਗੂਆਂ ਨੂੰ ਇੱਕ-ਇੱਕ ਕਰਕੇ ਧੋਬੀ ਪਟਕੇ ਮਾਰੇ ਗਏ ਤੇ ਮੀਟਿੰਗ ਵਿੱਚ ਮੌਜੂਦ ਕੁਝ ਆਗੂਆਂ ਨੇ ਤਾਂ ਇੱਥੋ ਤੱਕ ਦੱਸਿਆ ਕਿ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਦੇ ਤਾਂ ਬੀਬੀ ਹਵਾਈ ਗਿਲਾਸ ਮਾਰਨ ਲੱਗੀ ਸੀ ਪਰ ਵਿੱਚ ਵਿਚਕਾਰ ਕੁਝ ਆਗੂਆਂ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਲਿਆ।
ਜਾਣਕਾਰੀ ਅਨੁਸਾਰ ਬੀਬੀ ਨਮਿਸ਼ਾ ਮਹਿਤਾ ਜੋ ਕਿ ਪਹਿਲਾ ਕਾਂਗਰਸ ਵਿੱਚ ਸਨ ਨੇ ਕੁਝ ਸਮਾਂ ਪਹਿਲਾ ਭਾਜਪਾ ਵਿੱਚ ਸ਼ਮੂਲੀਅਤ ਕਰ ਲਈ ਸੀ ਤੇ ਪਿਛਲੇ ਸਮੇਂ ਦੌਰਾਨ ਜਦੋਂ ਭਾਜਪਾ ਹਾਈਕਮਾਂਡ ਨੇ ਨਿਪੁੰਨ ਸ਼ਰਮਾ ਨੂੰ ਦੂਜੀ ਵਾਰ ਜਿਲ੍ਹਾ ਪ੍ਰਧਾਨ ਥਾਪਿਆ ਤਦ ਨਮਿਸ਼ਾ ਮਹਿਤਾ ਦੀ ਗੜ੍ਹਸ਼ੰਕਰ ਟੀਮ ਵੱਲੋਂ ਅਸਤੀਫੇ ਦਿੱਤੇ ਗਏ ਸਨ ਜਿਸ ਉਪਰੰਤ ਨਿਪੁੰਨ ਸ਼ਰਮਾ ਵੱਲੋਂ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਸੀ।
ਬੀਬੀ ਨਮਿਸ਼ਾ ਮਹਿਤਾ ਇਸ ਸਮੇਂ ਸਾਬਕਾ ਮੰਤਰੀ ਤੀਕਸ਼ਣ ਸੂਦ ਦੇ ਗੁੱਟ ਵਿੱਚ ਮੰਨੇ ਜਾਂਦੇ ਹਨ ਤੇ ਇਸ ਗੁੱਟ ਨਾਲ ਜੁੜੇ ਆਗੂ ਨਿਪੁੰਨ ਸ਼ਰਮਾ ਦੀ ਪ੍ਰਧਾਨਗੀ ਕਬੂਲਣ ਲਈ ਤਿਆਰ ਨਹੀਂ ਹਨ ਤੇ ਅੱਜ ਦੀ ਘਟਨਾ ਵਿੱਚ ਇਹ ਤੱਥ ਵੀ ਜਿੰਮੇਵਾਰ ਦੱਸੇ ਜਾ ਰਹੇ ਹਨ। ਪਾਰਟੀ ਦੇ ਇੱਕ ਸੀਨੀਅਰ ਆਗੂ ਨੇ ਇਹ ਵੀ ਦੱਸਿਆ ਕਿ ਕਿਉਂਕਿ ਅਵਿਨਾਸ਼ ਰਾਏ ਖੰਨਾ ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਚੋਣ ਲੜਨ ਦੇ ਇਛੁੱਕ ਹਨ ਤੇ ਪਿਛਲੇ ਕੁਝ ਮਹੀਨਿਆਂ ਤੋਂ ਉਸ ਹਲਕੇ ਵਿੱਚ ਸਰਗਰਮ ਵੀ ਹਨ ਤੇ ਇਸ ਲੋਕ ਸਭਾ ਹਲਕੇ ਵਿੱਚ ਹੀ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਆਉਦਾ ਹੈ ਜਿਸ ਕਾਰਨ ਬੀਬੀ ਨਮਿਸ਼ਾ ਮਹਿਤਾ ਨੂੰ ਖੰਨਾ ਦੀ ਸਰਗਰਮੀ ਰਾਸ ਨਹੀਂ ਆ ਰਹੀ ਕਿਉਂਕਿ ਉਹ ਖੁਦ ਇੱਥੋ ਲੋਕ ਸਭਾ ਦੀ ਚੋਣ ਲੜਨਾ ਚਾਹੁੰਦੀ ਹੈ। ਸਥਾਨਕ ਪੱਧਰ ’ਤੇ ਪਾਰਟੀ ਅੰਦਰ ਬਣੇ ਹੋਏ ਗੁਬਾਰ ਨੇ ਅੱਜ ਜਦੋਂ ਗੈਸ ਛੱਡੀ ਤਾਂ ਭਾਜਪਾ ਆਗੂਆਂ ਦੀਆਂ ਅੱਖਾਂ ਵਿੱਚੋ ਪਾਣੀ ਕੱਢਵਾ ਦਿੱਤਾ।