ਦਾ ਐਡੀਟਰ ਨਿਊਜ.ਹੁਸ਼ਿਆਰਪੁਰ ——- ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਲ੍ਹਾ ਹੁਸ਼ਿਆਰਪੁਰ ਤੋਂ ਪਾਰਟੀ ਦੇ ਟਕਸਾਲੀ ਤੇ ਇਮਾਨਦਾਰ ਆਗੂ ਜਤਿੰਦਰ ਸਿੰਘ ਲਾਲੀ ਬਾਜਵਾ ਦੀ ਥਾਂ ਉੜਮੁੜ ਹਲਕੇ ਤੋਂ ਬਸਪਾ ਦੀ ਟਿਕਟ ’ਤੇ ਚੋਣ ਲੜ ਚੁੱਕੇ ਲਖਵਿੰਦਰ ਸਿੰਘ ਲੱਖੀ ਨੂੰ ਜਿਲ੍ਹਾ ਪ੍ਰਧਾਨ ਥਾਪੇ ਜਾਣ ਉਪਰੰਤ ਪਾਰਟੀ ਅੰਦਰ ਹਲਚਲ ਤੇਜ ਹੋ ਗਈ ਹੈ, ਇੱਕ ਪਾਸੇ ਜਿੱਥੇ ਪਾਰਟੀ ਦੇ ਕਈ ਆਗੂ ਨਵੇਂ ਜਿਲ੍ਹਾ ਪ੍ਰਧਾਨ ਦੇ ਪੱਬਾਂ ਥੱਲੇ ਹੱਥ ਧਰਦੇ ਦਿਖਾਈ ਦੇ ਰਹੇ ਹਨ ਉੱਥੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਭਰੋਸੇਯੋਗ ਸੂਤਰਾਂ ਦੀ ਮੰਨੀਏ ਤਾਂ ਸਰਕਾਰ ਵਿੱਚ ਲਾਗਲੇ ਜਿਲ੍ਹੇ ਤੋਂ ਇੱਕ ਰਸੂਖਦਾਰ ਕੈਬਨਿਟ ਮੰਤਰੀ ਵੱਲੋਂ ਲਾਲੀ ਬਾਜਵਾ ਤੱਕ ਪਹੁੰਚ ਬਣਾਈ ਜਾ ਰਹੀ ਦੱਸੀ ਜਾ ਰਹੀ ਹੈ ਤੇ ਤੀਜਾ ਲਾਲੀ ਬਾਜਵਾ ਦੇ ਸਮਰਥਕਾਂ ਵੱਲੋਂ ਅੱਜ ਇੱਕ ਮੀਟਿੰਗ ਕਰਕੇ 6 ਸਿਤੰਬਰ ਨੂੰ ਮੀਟਿੰਗ ਕਰਕੇ ਅਗਲੀ ਰਣਨੀਤੀ ਸਬੰਧੀ ਐਲਾਨ ਕਰਨ ਦਾ ਫੈਸਲਾ ਲਿਆ ਗਿਆ ਹੈ। ਪਿਛਲੀਆਂ ਵਿਧਾਨ ਸਭਾ ਚੋਣਾ ਵਿੱਚ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੱਲੋਂ ਲਾਲੀ ਬਾਜਵਾ ਨੂੰ ਹੁਸ਼ਿਆਰਪੁਰ ਬਣਾਉਣ ਦੀ ਕਈ ਵਾਰ ਪੇਸ਼ਕਸ਼ ਕੀਤੀ ਗਈ ਸੀ ਲੇਕਿਨ ਲਾਲੀ ਬਾਜਵਾ ਨੇ ਅਕਾਲੀ ਦਲ ਦਾ ਸਾਥ ਨਹੀਂ ਛੱਡਿਆ। ਉੱਥੇ ਭਾਜਪਾ ਦੇ ਸੂਤਰਾਂ ਦੀ ਮੰਨੀਏ ਤਾਂ ਫੁੱਲ ਵਾਲੇ ਵੀ ਇਸ ਸਿਆਸੀ ਉਥਲਪੁਥਲ ਵੱਲ ਦੇਖ ਸਰਗਰਮ ਹੋ ਗਏ ਹਨ ਕਿਉਂਕਿ ਇੱਕ ਇਮਾਨਦਾਰ ਸਿੱਖ ਚੇਹਰੇ ਦੀ ਪਾਰਟੀ ਨੂੰ ਜਿਲ੍ਹੇ ਵਿੱਚ ਵੱਡੀ ਲੋੜ ਹੈ। ਜਿਕਰਯੋਗ ਹੈ ਕਿ ਲਾਲੀ ਬਾਜਵਾ ਪਿਛਲੇ ਕਈ ਸਾਲਾਂ ਤੋਂ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਚੱਲੇ ਆ ਰਹੇ ਸਨ ਜਦੋਂ ਕਿ ਉਨ੍ਹਾਂ ਦੇ ਸਮਰਥਕ ਵਾਰ-ਵਾਰ ਹਾਈਕਮਾਂਡ ਤੋਂ ਮੰਗ ਕਰ ਰਹੇ ਸਨ ਕਿ ਪੂਰੇ ਜਿਲ੍ਹੇ ਦੀ ਕਮਾਂਡ ਲਾਲੀ ਬਾਜਵਾ ਹੱਥ ਸੌਂਪੀ ਜਾਵੇ ਕਿਉਂਕਿ ਪਾਰਟੀ ਕੋਲ ਜਿਲ੍ਹੇ ਵਿੱਚ ਇਸ ਕੱਦ ਦਾ ਇਮਾਨਦਾਰ ਦੂਜਾ ਕੋਈ ਆਗੂ ਮੌਜੂਦ ਨਹੀਂ ਹੈ।
ਲਾਲੀ ਨੂੰ ਇਮਾਨਦਾਰੀ ਤੇ ਮਾਣ, ਵਿਰੋਧੀ ਧੜਾ ਬੰਨ੍ਹ ਗਏ
ਲਾਲੀ ਬਾਜਵਾ ਜੋ ਕਿ ਜਿਲ੍ਹਾ ਹੁਸ਼ਿਆਰਪੁਰ ਅੰਦਰ ਅਕਾਲੀ ਦਲ ਦਾ ਇੱਕ ਵੱਡਾ ਚੇਹਰਾ ਹੈ ਤੇ ਵਿਰੋਧੀ ਪਾਰਟੀਆਂ ਵਾਲੇ ਆਗੂ ਵੀ ਇਸ ਆਗੂ ਦੀ ਇਮਾਨਦਾਰੀ ਦੀਆਂ ਕਸਮਾਂ ਖਾ ਜਾਂਦੇ ਹਨ ਤੇ ਇਸੇ ਇਮਾਨਦਾਰੀ ਦੇ ਮਾਣ ਨੇ ਹਮੇਸ਼ਾ ਲਾਲੀ ਬਾਜਵਾ ਨੂੰ ਪਾਰਟੀ ਵਿਚਲੇ ਦੂਜੇ ਵੱਡੇ ਆਗੂਆਂ ਅੱਗੇ ਝੁਕਣ ਨਹੀਂ ਦਿੱਤਾ ਤੇ ਲਾਲੀ ਬਾਜਵਾ ਨੂੰ ਇਸ ਗੱਲ ਦਾ ਵੀ ਮਾਣ ਸੀ ਕਿ ਪਾਰਟੀ ਹਾਈਕਮਾਂਡ ਉਸਦੀ ਮੇਹਨਤ ਤੇ ਇਮਾਨਦਾਰੀ ਨੂੰ ਸਾਹਮਣੇ ਰੱਖ ਕੇ ਫੈਸਲਾ ਲਵੇਗੀ ਲੇਕਿਨ ਇੰਝ ਹੋਇਆ ਨਹੀਂ ਕਿਉਂਕਿ ਜਿਲ੍ਹੇ ਅੰਦਰ ਪਾਰਟੀ ਵਿਚਲੇ ਉਨ੍ਹਾਂ ਆਗੂਆਂ ਨੇ ਇੱਕ ਧੜਾ ਬੰਨ੍ਹ ਕੇ ਪਾਰਟੀ ਹਾਈਕਮਾਂਡ ਸਾਹਮਣੇ ਲਾਲੀ ਬਾਜਵਾ ਦੀ ਮੁਖਾਲਫਤ ਕੀਤੀ ਤੇ ਉਸਦਾ ਅਸਰ ਵੀ ਹੋਇਆ।
ਲਾਲੀ ਤੋਂ ਬਿਨਾਂ ਲੱਖੀ ਦੀ ਰਾਹ ਵੀ ਆਸਾਨ ਨਹੀਂ
ਲਾਲੀ ਬਾਜਵਾ ਅਕਾਲੀ ਦਲ ਦੇ ਨਾਲ ਰਹਿੰਦੇ ਹਨ, ਛੱਡ ਜਾਂਦੇ ਹਨ ਜਾਂ ਫਿਰ ਚੁੱਪ ਕਰ ਜਾਂਦੇ ਹਨ ਇਹ ਭਵਿੱਖ ਤੈਅ ਕਰੇਗਾ ਲੇਕਿਨ ਕਿਸੇ ਵੀ ਹਾਲਤ ਵਿੱਚ ਨਵੇਂ ਪ੍ਰਧਾਨ ਲਖਵਿੰਦਰ ਲੱਖੀ ਲਈ ਰਸਤਾ ਆਸਾਨ ਨਹੀਂ ਹੈ ਕਿਉਂਕਿ ਪਾਰਟੀ ਦਾ ਇੱਕ ਵੱਡਾ ਕੇਡਰ ਨਿੱਜੀ ਤੌਰ ’ਤੇ ਲਾਲੀ ਬਾਜਵਾ ਦੀ ਹਾਂ ਵਿੱਚ ਹਾਂ ਤੇ ਚੁੱਪ ਵਿੱਚ ਚੁੱਪ ਕਰਨ ਦਾ ਦਮ ਭਰਦਾ ਹੈ ਤੇ ਦੂਜੇ ਪਾਸੇ ਜਿਨ੍ਹਾਂ ਆਗੂਆਂ ਨੇ ਪਾਰਟੀ ਹਾਈਕਮਾਂਡ ਸਾਹਮਣੇ ਲਖਵਿੰਦਰ ਲੱਖੀ ਦਾ ਨਾਮ ਰੱਖਿਆ ਉਨ੍ਹਾਂ ਕੋਲ ਖੁਦ ਦਾ ਕੋਈ ਵੱਡਾ ਪਾਰਟੀ ਕੇਡਰ ਮੌਜੂਦ ਨਹੀਂ ਹੈ।
6 ਨੂੰ ਲਾਲੀ ਸਮਰਥਕਾਂ ਨੇ ਸੱਦੀ ਮੀਟਿੰਗ
ਜਿਲ੍ਹੇ ਨਾਲ ਸਬੰਧਿਤ ਵੱਖ-ਵੱਖ ਹਲਕਿਆਂ ਦੇ ਅਕਾਲੀ ਆਗੂਆਂ ਵੱਲੋਂ ਹੁਸ਼ਿਆਰਪੁਰ ਵਿੱਚ ਕੀਤੀ ਗਈ ਇੱਕ ਮੀਟਿੰਗ ਦੌਰਾਨ ਐਲਾਨ ਕੀਤਾ ਗਿਆ ਕਿ 6 ਸਿਤੰਬਰ ਨੂੰ ਇੱਕ ਮੀਟਿੰਗ ਕਰਕੇ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆ ਗੜ੍ਹਸ਼ੰਕਰ ਤੋਂ ਹਰਪ੍ਰੀਤ ਸਿੰਘ ਰਿੰਕੂ ਬੇਦੀ, ਐਡਵੋਕੇਟ ਸ਼ਮਸ਼ੇਰ ਸਿੰਘ ਭਾਰਦਵਾਜ, ਰਾਣਾ ਰਣਵੀਰ ਸਿੰਘ, ਹਰਜਾਪ ਸਿੰਘ ਮੱਖਣ, ਹਰਿੰਦਰਪਾਲ ਸਿੰਘ ਝਿੰਗੜ ਨੇ ਕਿਹਾ ਕਿ ਜਤਿੰਦਰ ਸਿੰਘ ਲਾਲੀ ਬਾਜਵਾ ਵੱਲੋਂ ਪਹਿਲਾ ਯੂਥ ਅਕਾਲੀ ਦਲ ਦੇ ਪ੍ਰਧਾਨ ਰਹਿੰਦਿਆ ਪਾਰਟੀ ਲਈ ਮੇਹਨਤ ਕੀਤੀ ਗਈ ਤੇ ਉਪਰੰਤ ਪਾਰਟੀ ਹਾਈਕਮਾਂਡ ਵੱਲੋਂ ਜਿਹੜੀ ਵੀ ਜਿੰਮੇਵਾਰੀ ਸੌਂਪੀ ਗਈ ਉਸ ਨੂੰ ਤਨਦੇਹੀ ਨਾਲ ਨਿਭਾਇਆ ਗਿਆ।
ਇਨ੍ਹਾਂ ਆਗੂਆਂ ਨੇ ਕਿਹਾ ਕਿ ਪਾਰਟੀ ਹਾਈਕਮਾਂਡ ਵੱਲੋਂ ਜੇਕਰ ਮੇਹਨਤੀ ਆਗੂਆਂ ਤੇ ਵਰਕਰਾਂ ਨੂੰ ਇਸੇ ਤਰ੍ਹਾਂ ਸਾਈਡ ਲਾਈਨ ਕਰਕੇ ਉਨ੍ਹਾਂ ਲੋਕਾਂ ਦੀ ਪਿੱਠ ਥਾਪੜਨੀ ਹੈ ਜਿਨ੍ਹਾਂ ਨੇ ਕਈ ਵਾਰ ਅਕਾਲੀ ਦਲ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ ਤਾਂ ਇਹ ਮੰਦਭਾਗਾ ਵਰਤਾਰਾ ਹੈ। ਇਸ ਸਮੇਂ ਦਵਿੰਦਰ ਸਿੰਘ ਬਾਹੋਵਾਲ, ਭੁਪਿੰਦਰ ਸਿੰਘ, ਸੂਰਜ ਸਿੰਘ, ਸਤਪਾਲ ਸਿੰਘ ਭੁਲਾਣਾ, ਸੁਖਵਿੰਦਰ ਸਿੰਘ ਰਿਆੜ, ਸਿਮਰਨਜੀਤ ਸਿੰਘ ਗਰੇਵਾਲ, ਜਪਿੰਦਰ ਅਟਵਾਲ, ਕੁਲਦੀਪ ਸਿੰਘ ਬਜਵਾੜਾ, ਲਖਵਿੰਦਰ ਸਿੰਘ ਠੱਕਰ, ਮਨਪ੍ਰੀਤ ਸਿੰਘ ਰੰਧਾਵਾ, ਸੰਤ ਸਿੰਘ ਜੰਡੌਰ, ਹਰਜੀਤ ਸਿੰਘ ਮਠਾਰੂ, ਰਣਧੀਰ ਸਿੰਘ ਭਾਰਦਵਾਜ, ਸਤਵਿੰਦਰ ਸਿੰਘ ਆਹਲੂਵਾਲੀਆ, ਰਵਿੰਦਰਪਾਲ ਮਿੰਟੂ, ਹਰਭਜਨ ਸਿੰਘ ਧਾਲੀਵਾਲ, ਪ੍ਰਭਪਾਲ ਬਾਜਵਾ, ਕੁਲਰਾਜ ਸਿੰਘ, ਗੁਰਪ੍ਰੀਤ ਸਿੰਘ ਕੋਹਲੀ, ਹਿਤੇਸ਼ ਪਰਾਸ਼ਰ, ਭੁਪਿੰਦਰ ਸਿੰਘ, ਸੁਖਵਿੰਦਰ ਸਿੰਘ, ਦਵਿੰਦਰ ਸਿੰਘ ਕੋਹਲੀ, ਧਰਮਿੰਦਰ ਬਿੱਲਾ ਆਦਿ ਵੀ ਮੌਜੂਦ ਸਨ।