-ਕ੍ਰੈਸ਼ਰ ਮਾਲਿਕਾਂ 100 ਫੁੱਟ ਤੱਕ ਕਰ ਦਿੱਤੀ ਨਜਾਇਜ ਮਾਈਨਿੰਗ
-ਐਸ.ਡੀ.ਐਮ.ਤੇ ਵਿਧਾਇਕ ਨੂੰ ਪਤਾ ਹੀ ਨਹੀਂ
-ਮਾਈਨਿੰਗ ਬੰਦ ਨਾ ਹੋਈ ਤਾਂ ਮਜੀਠੀਆ ਦੀ ਅਗਵਾਈ ‘ਚ ਬੋਲਾਂਗੇ ਹੱਲਾ-ਸਾਬੀ
ਦਸੂਹਾ/ਮੁਕੇਰੀਆ-ਨਜਾਇਜ ਮਾਈਨਿੰਗ ਨੂੰ ਮੁੱਦਾ ਬਣਾ ਕੇ ਸਾਲ 2017 ਵਿਚ ਅਕਾਲੀ ਦਲ ਨੂੰ ਵਿਧਾਨ ਸਭਾ ਚੋਣਾ ਵਿਚ ਪਟਖਨੀ ਦੇਣ ਵਾਲੀ ਕਾਂਗਰਸ ਹੁਣ ਖੁਦ ਇਸ ਮਾਮਲੇ ਵਿਚ ਫਸਦੀ ਹੋਈ ਨਜਰ ਆ ਰਹੀ ਹੈ ਕਿਉਂਕਿ ਜਿਲਾ ਹੁਸ਼ਿਆਰਪੁਰ ਦੇ ਵਿਧਾਨ ਸਭਾ ਹਲਕਾ ਦਸੂਹਾ ਤੇ ਮੁਕੇਰੀਆਂ ਵਿਚ ਪੈਂਦੇ ਕੰਢੀ ਖੇਤਰ ਵਿਚ ਇਸ ਸਮੇਂ 50 ਤੋਂ ਵੱਧ ਨਜਾਇਜ ਕਰੈਸ਼ਰ ਨਜਾਇਜ ਮਾਈਨਿੰਗ ਕਰਨ ਵਿਚ ਲੱਗੇ ਹੋਏ ਹਨ ਤੇ ਇਸਦੇ ਨਾਲ ਹੀ ਸਰਕਾਰ ਦੇ ਇਸ਼ਾਰੇ ‘ਤੇ ਚੱਢਾ ਨਾਮ ਦੀ ਇਕ ਕੰਪਨੀ ਪਿਛਲੇ ਦੋ ਮਹੀਨਿਆਂ ਤੋਂ ਲਗਾਤਾਰ ਇੱਥੇ ਕਰੈਸ਼ਰ ਮਾਲਿਕਾਂ ਤੋਂ ਗੁੰਡਾ ਟੈਕਸ ਵਸੂਲ ਰਹੀ ਹੈ, ਜਿਸ ਕਾਰਨ ਰੇਤ ਤੇ ਬਜਰੀ ਦੇ ਭਾਅ ਵੀ ਵੱਧ ਗਏ ਹਨ। ਇਸੇ ਮਾਮਲੇ ਨੂੰ ਲੈ ਕੇ ਅੱਜ ਯੂਥ ਅਕਾਲੀ ਦਲ ਦੇ ਸਕੱਤਰ ਜਨਰਲ ਸਰਬਜੋਤ ਸਿੰਘ ਸਾਬੀ ਤੇ ਉਨਾਂ ਦੇ ਸਾਥੀਆਂ ਨੇ ਨਜਾਇਜ ਮਾਈਨਿੰਗ ਵਾਲੀ ਜਗਾਂ ਪੁੱਜ ਕੇ ਕਾਂਗਰਸ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਤੇ ਕਿਹਾ ਕਿ ਕਾਂਗਰਸ ਦੇ ਵਿਧਾਇਕ ਤੇ ਮੰਤਰੀ ਆਪਣੇ ਮੁੱਖ ਮੰਤਰੀ ਦੀ ਸ੍ਰਪਰਸਤੀ ਹੇਠ ਇਹ ਨਜਾਇਜ ਮਾਈਨਿੰਗ ਕਰਵਾ ਕੇ ਲੋਕਾਂ ਦੀਆਂ ਜਮੀਨਾਂ ਤਹਿਸ ਨਹਿਸ ਕਰਨ ‘ਤੇ ਲੱਗੇ ਹੋਏ ਹਨ। ਸਾਬੀ ਨੇ ਕਿਹਾ ਕਿ ਕਾਂਗਰਸ ਸਰਕਾਰ ਸੂਬੇ ਵਿਚੋ ਨਜਾਇਜ ਮਾਈਨਿੰਗ ਤੇ ਨਸ਼ਾ ਖਤਮ ਕਰਨ ਵਿਚ ਨਾ-ਕਾਮਯਾਬ ਰਹੀ ਹੈ ਤੇ ਆਉਂਦੇ ਸਮੇਂ ਦੌਰਾਨ ਪੰਜਾਬ ਦੇ ਲੋਕ ਇਸ ਨਿਕੰਮੀ ਸਰਕਾਰ ਨੂੰ ਅਲਵਿਦਾ ਆਖ ਦੇਣਗੇ। ਉਨਾਂ ਕਿਹਾ ਕਿ ਜੇਕਰ ਸਰਕਾਰ ਨੇ ਤੁਰੰਤ ਇਹ ਮਾਈਨਿੰਗ ਬੰਦ ਨਾ ਕਰਵਾਈ ਤਾਂ ਆਉਦੇ ਦਿਨਾਂ ਦੌਰਾਨ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਵਿਚ ਅਕਾਲੀ ਵਰਕਰ ਨਜਾਇਜ ਕ੍ਰੈਸ਼ਰਾਂ ‘ਤੇ ਪਹੁੰਚ ਕਰਕੇ ਧਰਨਾ ਦੇਣਗੇ।
ਤਲਵਾੜਾ-ਹਾਜੀਪੁਰ ਵਿਚ 50 ਨਜਾਇਜ ਕ੍ਰੈਸ਼ਰ
ਮੌਜੂਦਾ ਸਮੇਂ ਹਲਕਾ ਦਸੂਹਾ ਤੇ ਮੁਕੇਰੀਆ ਅਧੀਨ ਪੈਂਦੇ ਖੇਤਰ ਤਲਵਾੜਾ ਤੇ ਹਾਜੀਪੁਰ ਵਿਚ 50 ਦੇ ਲੱਗਭੱਗ ਨਜਾਇਜ ਕ੍ਰੈਸ਼ਰ ਦਿਨ ਰਾਤ ਖੁਦਾਈ ਕਰ ਰਹੇ ਹਨ। ਹੁਣ ਤੋਂ 2 ਮਹੀਨੇ ਪਹਿਲਾ ਇਨਾਂ ਇਲਾਕਿਆਂ ਵਿਚ ਰਾਤ ਸਮੇਂ ਹੀ ਮਾਈਨਿੰਗ ਕੀਤੀ ਜਾ ਰਹੀ ਸੀ ਲੇਕਿਨ ਜਦੋਂ ਤੋਂ ਗੁੰਡਾ ਟੈਕਸ ਲੱਗਾ ਹੈ ਉਸ ਸਮੇਂ ਤੋਂ ਕ੍ਰੈਸ਼ਰ ਮਾਲਿਕ ਦਿਨ ਰਾਤ ਮਾਈਨਿੰਗ ਕਰ ਰਹੇ ਹਨ ਤੇ ਇਲਾਕੇ ਵਿਚ 100 ਫੁੱਟ ਤੱਕ ਖੁਦਾਈ ਕੀਤੀ ਜਾ ਚੁੱਕੀ ਹੈ।
ਹਲਕਾ ਵਿਧਾਇਕ ਨੂੰ ਨਹੀਂ ਜਾਣਕਾਰੀ
ਹਲਕਾ ਮੁਕੇਰੀਆ ਦੀ ਕਾਂਗਰਸੀ ਵਿਧਾਇਕ ਇੰਦੂ ਬਾਲਾ ਨੇ ਕਿਹਾ ਕਿ ਹਲਕੇ ਵਿਚ ਕਿਤੇ ਵੀ ਨਜਾਇਜ ਮਾਈਨਿੰਗ ਨਹੀਂ ਹੋ ਰਹੀ ਤੇ ਜਿੱਥੇ ਹੋਈ ਵੀ ਹੈ ਉਹ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਹੀ ਹੋਈ ਹੈ। ਉਨਾਂ ਕਿਹਾ ਕਿ ਫਿਰ ਵੀ ਮੈਂ ਅਧਿਕਾਰੀਆਂ ਨੂੰ ਚੈਕਿੰਗ ਕਰਨ ਲਈ ਕਹਾਂਗੀ।
ਮੈਨੂੰ ਤਾਂ ਸ਼ਿਕਾਇਤ ਹੀ ਨਹੀਂ ਮਿਲੀ-ਐਸਡੀਐੱਮ
ਮੁਕੇਰੀਆ ਦੇ ਐਸ.ਡੀ.ਐਮ.ਅਸ਼ੋਕ ਕੁਮਾਰ ਨੂੰ ਵੀ ਉਨਾਂ ਦੇ ਏਰੀਆ ਵਿਚ ਹੋ ਰਹੀ ਨਜਾਈਜ ਮਾਈਨਿੰਗ ਦੀ ਜਾਣਕਾਰੀ ਹੀ ਨਹੀਂ ਹੈ,ਜਦੋਂ ਉਨਾਂ ਨਾਲ ਸੰਪਰਕ ਕੀਤਾ ਗਿਆ ਤਾਂ ਉਹ ਬੋਲੇ ਕਿ ਮੈਨੂੰ ਜਦੋਂ ਕੋਈ ਸ਼ਿਕਾਇਤ ਮਿਲੇਗੀ ਤਦ ਹੀ ਕੋਈ ਕਾਰਵਾਈ ਕਰਾਂਗਾ।
ਕੈਪਸ਼ਨ-ਨਜਾਇਜ ਮਾਈਨਿੰਗ ਵਾਲੀ ਜਗਾਂ ਪੁੱਜੇ ਹੋਏ ਸਰਬਜੋਤ ਸਾਬੀ ਤੇ ਹੋਰ ਵਰਕਰ।