– ਕੇਜਰੀਵਾਲ ਨੇ ਮੁੱਖ ਮੰਤਰੀ ਨੂੰ ਰਾਜਪਾਲ ਨਾਲ ਟਕਰਾਅ ਦੀ ਨੀਤੀ ਅਪਣਾਉਣ ਦੀ ਹਦਾਇਤ ਦੇ ਕੇ ਜਾਣ ਬੁੱਝ ਕੇ ਸੰਵਿਧਾਨਕ ਸੰਕਟ ਪੈਦਾ ਕੀਤਾ: ਅਕਾਲੀ ਦਲ
– ਕੇਜਰੀਵਾਲ ਪਾਰਲੀਮਾਨੀ ਚੋਣਾਂ ਦੇ ਮੌਕੇ ’ਤੇ ਪੰਜਾਬ ’ਚ ਰਾਸ਼ਟਰਪਤੀ ਰਾਜ ਲਾਗੂ ਹੋਣ ’ਤੇ ਉਸਨੂੰ ਨਿਸ਼ਾਨਾ ਬਣਾਏ ਜਾਣ ਦਾ ਰੌਲਾ ਪਾਉਣਾ ਚਾਹੁੰਦੈ: ਡਾ. ਦਲਜੀਤ ਸਿੰਘ ਚੀਮਾ
ਚੰਡੀਗੜ੍ਹ, 25 ਅਗਸਤ 2023: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਾਣ ਬੁੱਝ ਕੇ ਸੂਬੇ ਦੇ ਰਾਜਪਾਲ ਨਾਲ ਟਕਰਾਅ ਦੀ ਨੀਤੀ ਅਪਣਾਉਣ ਵਾਸਤੇ ਆਖਿਆ ਤਾਂ ਜੋ ਪੰਜਾਬ ਵਿਚ ਸੰਵਿਧਾਨਕ ਸੰਕਟ ਪੈਦਾ ਕੀਤਾ ਜਾ ਸਕੇ ਤਾਂ ਜੋ ਪਾਰਟੀ ਪਾਰਲੀਮਾਨੀ ਚੋਣਾਂ ਮੌਕੇ ਸੂਬੇ ਵਿਚ ਰਾਸ਼ਟਰਪਤੀ ਰਾਜ ਲਾਗੂ ਹੋਣ ਦੀ ਸੂਰਤ ਵਿਚ ਨਿਸ਼ਾਨਾ ਬਣਾਏ ਜਾਣ ਦਾ ਰੌਲਾ ਪਾ ਸਕੇ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਆਪਣੀ ਅਸਫਲਤਾ ਤੋਂ ਬਾਅਦ ਆਪ ਦਿੱਲੀ ਸੇਵਾਵਾਂ ਐਕਟ ਦੇ ਮਾਮਲੇ ’ਤੇ ਉਸਨੂੰ ਨਿਸ਼ਾਨਾ ਬਣਾਏ ਜਾਣ ਦਾ ਰੌਲਾ ਪਾਉਂਦੀ ਰਹੀ ਹੈ ਤੇ ਹੁਣ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਇਸ ਕਰ ਕੇ ਗੁੰਮਰਾਹ ਕਰ ਦਿੱਤਾ ਤਾਂ ਜੋ ਸਰਕਾਰ ਬਰਖ਼ਾਸਤ ਕਰਨ ਦੀ ਸੂਰਤ ਵਿਚ ਉਹ ਕੌਮੀ ਪੱਧਰ ’ਤੇ ਸਿਆਸੀ ਲਾਹਾ ਲੈਣ ਦਾ ਆਪਣਾ ਲੁਕਾਂ ਏਜੰਡਾ ਪੂਰਾ ਕਰ ਸਕਣ। ਉਹਨਾਂ ਕਿਹਾ ਕਿ ਅਜਿਹਾ ਕਰਦਿਆਂ ਆਪ ਜਾਣ ਬੁੱਝ ਕੇ ਪੰਜਾਬੀਆਂ ਦੇ ਫਤਵੇ ਨਾਲ ਧੋਖਾ ਕਰ ਰਹੀ ਹੈ ਜਦੋਂ ਕਿ ਪੰਜਾਬੀ ਕਦੇ ਵੀ ਉਸ ਪਾਰਟੀ ’ਤੇ ਵਿਸਾਹ ਨਹੀਂ ਕਰਨਗੇ ਕਿਉਂਕਿ ਇਹ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ ਤੋਂ ਭੱਜ ਗਈ ਹੈ।
ਅਕਾਲੀ ਆਗੂ ਨੇ ਕਿਹਾ ਕਿ ਸੂਬੇ ਵਿਚ ਸਰਕਾਰ ਪੂਰੀ ਤਰ੍ਹਾਂ ਢਹਿ ਢੇਰੀ ਹੋ ਗਈ ਹੈ। ਉਹਨਾਂ ਕਿਹਾ ਕਿ ਲੁਧਿਆਣਾ ਵਿਚ ਨਾਰਕੋਟਿਸ ਕੰਟਰੋਲ ਬਿਊਰੋ (ਐਨ ਸੀ ਬੀ) ਵੱਲੋ਼ 66 ਸ਼ਰਾਬ ਦੇ ਠੇਕਿਆਂ ’ਤੇ ਨਸ਼ੇ ਦੀ ਵਿਕਰੀ ਹੋਣ ਦੇ ਮਾਮਲੇ ਵਿਚ ਕਾਰਵਾਈ ਕੀਤੀ ਹੈ ਜਦੋਂ ਕਿ ਸਰਕਾਰ ਕਾਰਵਾਈ ਕਰਨ ਵਿਚ ਨਾਕਾਮ ਰਹੀ ਹੈ ਤੇ ਇਹ ਮੁੱਦਾ ਰਾਜਪਾਲ ਨੇ ਚੁੱਕਿਆ ਹੈ। ਉਹਨਾਂ ਕਿਹਾ ਕਿ ਰਾਜਪਾਲ ਨੇ ਵੱਖ-ਵੱਖ ਏਜੰਡੀਆਂ ਦੀ ਪੰਜਾਬ ਵਿਚ ਨਸ਼ਿਆਂ ਦੀ ਉਪਲਬਧਤਾ ਤੇ ਦੁਰਵਰਤੋਂ ਦੇ ਮਾਮਲੇ ਵਿਚ ਸ਼ਮੂਲੀਅਤ ਬਾਰੇ ਕਈ ਰਿਪੋਰਟਾਂ ਦਾ ਵੀ ਜ਼ਿਕਰ ਕੀਤਾ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ’ਤੇ ਮੁੱਖ ਮੰਤਰੀ ਦੀ ਚੁੱਪੀ ਇਸ ਗੱਲ ਦਾ ਸੰਕੇਤ ਹੈ ਕਿ ਆਪ ਸਰਕਾਰ ਨਸ਼ਾ ਤਸਕਰਾਂ ਨਾਲ ਰਲੀਹੋਈ ਹੈ ਤੇ ਇਹ ਉਹਨਾਂ ਦੀ ਪੁਸ਼ਤ ਪਨਾਹੀ ਕਰ ਰਹੀ ਹੈ।
ਡਾ. ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਸਿੰਥੈਟਿਕ ਨਸ਼ਿਆਂ ਨਾਲ ਰੋਜ਼ਾਨਾ ਮੌਤਾਂ ਹੋਣ ਦੇ ਮਾਮਲੇ ਸਮੇਤ ਨਸ਼ਾ ਤਸਕਰੀ ਵਿਚ ਚੋਖੇ ਵਾਧੇ ਦੇ ਮਾਮਲੇ ’ਤੇ ਸਵਾਲਾਂ ਦਾ ਜਵਾਬ ਦੇਣ ਤੋਂ ਟਾਲਾ ਵੱਟ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬੀ ਵੀ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਹਨ ਪਰ ਤਾਜ਼ਾ ਰਿਪੋਰਟਾਂ ਤੋਂ ਸੰਕੇਤ ਮਿਲਦਾ ਹੈ ਕਿ ਆਪ ਦੇ ਮੰਤਰੀ ਤੇ ਵਿਧਾਇਕ ਨਸ਼ਾ ਤਸਕਰਾਂ ਦੀ ਪੁਸ਼ਤ ਪਨਾਹੀ ਕਰ ਰਹੇ ਹਨ। ਉਹਨਾਂ ਕਿਹਾ ਕਿ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਲੋਕਾਂ ਦੇ ਹਿੱਤ ਵਿਚ ਹੈ ਤੇ ਮੁੱਖ ਮੰਤਰੀ ਨੂੰ ਇਸ ਮਾਮਲੇ ਵਿਚ ਰਾਜਪਾਲ ਦੇ ਨਾਲ-ਨਾਲ ਪੰਜਾਬੀਆਂ ਨੂੰ ਵੀ ਕਾਰਵਾਈ ਰਿਪੋਰਟ ਸੌਂਪਣੀ ਚਾਹੀਦੀ ਹੈ।
ਡਾ. ਚੀਮਾ ਨੇ ਜ਼ੋਰ ਦੇ ਕੇ ਕਿਹਾ ਕਿ ਆਪ ਸਰਕਾਰ ਹਰ ਮੁਹਾਜ਼ ’ਤੇ ਫੇਲ੍ਹਹੋਈ ਹੈ। ਉਹਨਾਂ ਕਿਹਾ ਕਿ ਲੋਕ ਵੇਖ ਰਹੇ ਹਨ ਕਿ ਕਿਸਾਨ ਕਿਵੇਂ ਮਨੁੱਖਤਾ ਦੇ ਸੰਕਟ ਵਿਚ ਘਿਰੀ ਹੈ ਕਿਉਂਕਿ ਆਪ ਸਰਕਾਰ ਫਸਲਾਂ ਤੇ ਜਾਇਦਾਦ ਦੇ ਨੁਕਸਾਨ ਦਾ ਮੁਆਵਜ਼ਾ ਦੇਣ ਤੋਂ ਇਨਕਾਰੀ ਹੈ। ਉਹਨਾਂ ਕਿਹਾਕਿ ਇਸੇ ਤਰੀਕੇ ਸਭਿਅਕ ਸਮਾਜ ਵੀ ਉਲਝਿਆ ਪਿਆ ਹੈ ਕਿਉਂਕਿ ਸਾਰੀ ਕਾਨੂੰਨ ਵਿਵਸਥਾ ਢਹਿ ਢੇਰੀ ਹੋ ਗਈ ਹੈ ਤੇ ਨਾਰਕੋ ਅਤਿਵਾਦ ਦੇ ਨਾਲ-ਨਾਲ ਗੈਂਗਸਟਰ ਰਾਜ ਚਲ ਰਿਹਾ ਹੈ ਜਿਸ ਕਾਰਨ ਪੈਸਾ ਤਾਂ ਬਾਹਰ ਜਾ ਹੀ ਰਿਹਾ ਹੈ ਤੇ ਪੰਜਾਬ ਵੀ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।