– ਮੀਤ ਹੇਅਰ ਨੇ ਓਲੰਪਿਕਸ ਕੋਟਾ ਹਾਸਲ ਕਰਨ ਉੱਤੇ ਨਿਸ਼ਾਨੇਬਾਜ਼ ਰਾਜੇਸ਼ਵਰੀ ਕੁਮਾਰੀ ਨੂੰ ਦਿੱਤੀ ਮੁਬਾਰਕਬਾਦ
– ਰਾਜੇਸ਼ਵਰੀ ਕੁਮਾਰੀ ਪੈਰਿਸ ਓਲੰਪਿਕ ਖੇਡਾਂ ਲਈ ਕੁਆਲੀਫਾਈ ਕਰਨ ਵਾਲੀ ਪੰਜਾਬ ਦੀ ਦੂਜੀ ਨਿਸ਼ਾਨੇਬਾਜ਼
ਚੰਡੀਗੜ੍ਹ, 25 ਅਗਸਤ 2023 – ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਨਿਸ਼ਾਨੇਬਾਜ਼ ਰਾਜੇਸ਼ਵਰੀ ਕੁਮਾਰੀ ਨੂੰ ਅਗਲੇ ਸਾਲ ਹੋਣ ਵਾਲੀ ਪੈਰਿਸ ਓਲੰਪਿਕ ਖੇਡਾਂ ਲਈ ਕੁਆਲੀਫਾਈ ਕਰਨ ਉੱਤੇ ਮੁਬਾਰਕਬਾਦ ਦਿੱਤੀ ਹੈ। ਰਾਜੇਸ਼ਵਰੀ ਨੇ ਬਾਕੂ ਵਿਖੇ ਚੱਲ ਰਹੀ ਆਈ.ਐਸ.ਐਸ.ਐਫ. ਵਿਸ਼ਵ ਚੈੰਪੀਅਨਸ਼ਿਪ ਵਿੱਚ ਮਹਿਲਾ ਟਰੈਪ ਮੁਕਾਬਲੇ ਵਿੱਚ ਪੰਜਵਾਂ ਸਥਾਨ ਹਾਸਲ ਕਰਕੇ ਪੈਰਿਸ ਓਲੰਪਿਕਸ ਲਈ ਕੁਆਲੀਫਾਈ ਕੀਤਾ।
ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਉਤੇ ਨਵੀਂ ਖੇਡ ਨੀਤੀ ਬਣਾਈ ਗਈ ਹੈ ਜਿਸ ਵਿੱਚ ਮੁੱਖ ਧਿਆਨ ਕੇਂਦਰਿਤ ਖਿਡਾਰੀਆਂ ਨੂੰ ਕੌਮਾਂਤਰੀ ਮੰਚ ਤੱਕ ਲਿਜਾਣ ਉਤੇ ਦਿੱਤਾ ਗਿਆ ਹੈ।ਪੰਜਾਬ ਦੇ ਖਿਡਾਰੀ ਨਿਰੰਤਰ ਵਧੀਆ ਪ੍ਰਦਰਸ਼ਨ ਕਰ ਰਹੇ ਹਨ ਅਤੇ ਖੇਡਾਂ ਵਿੱਚ ਪੰਜਾਬ ਦੇਸ਼ ਦਾ ਮੋਹਰੀ ਸੂਬਾ ਬਣਨ ਵੱਲ ਵਧ ਰਿਹਾ ਹੈ।
ਰਾਜੇਸ਼ਵਰੀ ਕੁਮਾਰੀ ਪੰਜਾਬ ਦੀ ਦੂਜੀ ਤੇ ਦੇਸ਼ ਦੀ ਸੱਤਵੀਂ ਨਿਸ਼ਾਨੇਬਾਜ਼ ਹੈ ਜਿਸ ਨੇ ਓਲੰਪਿਕਸ ਕੋਟਾ ਹਾਸਲ ਕੀਤਾ। ਇਸ ਤੋਂ ਪਹਿਲਾਂ ਸਿਫ਼ਤ ਕੌਰ ਸਮਰਾ ਨੇ ਬੀਤੇ ਦਿਨੀਂ ਓਲੰਪਿਕਸ ਕੋਟਾ ਹਾਸਲ ਕੀਤੀ ਹੈ। ਮਹਿਲਾ ਟਰੈਪ ਈਵੈਂਟ ਦੇ ਇਤਿਹਾਸ ਵਿੱਚ ਓਲੰਪਿਕਸ ਲਈ ਕੁਆਲੀਫਾਈ ਹੋਣ ਵਾਲੀ ਵੀ ਰਾਜੇਸ਼ਵਰੀ ਭਾਰਤ ਦੀ ਦੂਜੀ ਨਿਸ਼ਾਨੇਬਾਜ਼ ਹੈ।