ਦਾ ਐਡੀਟਰ ਨਿਊਜ.ਹੁਸ਼ਿਆਰਪੁਰ —– ਹੁਸ਼ਿਆਰਪੁਰ ਰੇਲਵੇ ਸਟੇਸ਼ਨ ਤੋਂ ਮਥੁਰਾ-ਆਗਰਾ ਤੱਕ ਸਿੱਧੀ ਰੇਲ ਗੱਡੀ 26 ਅਗਸਤ ਨੂੰ ਰਾਤ ਸਮੇਂ ਪਹਿਲੀ ਵਾਰ ਚੱਲੇਗੀ ਜਿਸ ਪਿੱਛੋ ਬ੍ਰਿੰਦਾਬਨ ਧਾਮ ਦੇ ਦਰਸ਼ਨਾਂ ਲਈ ਰੇਲ ਗੱਡੀ ਚਲਾਉਣ ਦੀ ਭਗਤਾਂ ਵੱਲੋਂ ਕੀਤੀ ਜਾ ਰਹੀ ਮੰਗ ਪੂਰੀ ਹੋ ਜਾਵੇਗੀ ਲੇਕਿਨ ਇਸ ਰੇਲਗੱਡੀ ਨੂੰ ਚਲਵਾਉਣ ਦਾ ਕ੍ਰੈਡਿਟ ਲੈਣ ਦੇ ਚੱਕਰ ਵਿੱਚ ਹੁਸ਼ਿਆਰਪੁਰ ਨਾਲ ਸਬੰਧਿਤ ਛੋਟੇ-ਵੱਡੇ ਭਾਜਪਾ ਆਗੂਆਂ ਨੇ ਭਾਜਪਾ ਪਾਰਟੀ ਦੀ ਗੱਡੀ ਦਾ ਚੱਕਾ-ਚੱਕਾ ਖਿਲਾਰ ਕੇ ਰੱਖ ਦਿੱਤਾ ਹੈ, ਇਸ ਮਾਮਲੇ ਵਿੱਚ ਭਾਜਪਾ ਆਗੂਆਂ ਦੌਰਾਨ ਚੱਲ ਰਹੀ ਨੂਰਾ ਕੁਸ਼ਤੀ ਵਿੱਚ ਇੱਕ ਆਗੂ ਦੂਜੇ ਨੂੰ ਠੱਬੀ ਲਗਾਉਦਾ ਨਜਰ ਆ ਰਿਹਾ ਹੈ ਤੇ ਪੂਰਾ ਸ਼ਹਿਰ ਇਨ੍ਹਾਂ ਦਾ ਤਮਾਸ਼ਾ ਤਾੜੀਆਂ ਮਾਰ ਕੇ ਦੇਖ ਰਿਹਾ ਹੈ।
ਕ੍ਰੈਡਿਟ ਵਾਰ ਦੇ ਇਸ ਤਮਾਸ਼ੇ ਦੀ ਸ਼ੁਰੂਆਤ ਤਦ ਹੋਈ ਜਦੋਂ ਕੇਂਦਰੀ ਰੇਲ ਮੰਤਰੀ ਵੱਲੋਂ ਇਸ ਰੇਲਗੱਡੀ ਦੀ ਸ਼ੁਰੂਆਤ ਦੀ ਜਾਣਕਾਰੀ ਸੰਸਦ ਮੈਂਬਰ ਸੋਮ ਪ੍ਰਕਾਸ਼ ਨਾਲ ਸਾਂਝੀ ਕੀਤੀ ਗਈ, ਜਿਸ ਪਿੱਛੋ ਝੱਟਪੱਟ ਤਿੰਨ ਵਾਰ ਵਿਧਾਨ ਸਭਾ ਦੀ ਚੋਣ ਹਾਰ ਚੁੱਕੇ ਸਾਬਕਾ ਕੈਬਨਿਟ ਮੰਤਰੀ ਤੀਕਸ਼ਨ ਸੂਦ ਨੇ ਆਪਣੇ ਕੁਝ ਸਮਰਥਕਾਂ ਨੂੰ ਸੱਦ ਕੇ ਐਲਾਨ ਕਰ ਦਿੱਤਾ ਕਿ 26 ਅਗਸਤ ਦੀ ਰਾਤ ਰੇਲਗੱਡੀ ਨੂੰ ਸੋਮ ਪ੍ਰਕਾਸ਼ ਵੱਲੋਂ ਹਰੀ ਝੰਡੀ ਦਿਖਾਉਣ ਤੋਂ ਕੁਝ ਘੰਟੇ ਪਹਿਲਾ ਉਨ੍ਹਾਂ ਵੱਲੋਂ ਰੇਲਵੇ ਸਟੇਸ਼ਨ ਉੱਪਰ ਇੱਕ ਧਾਰਮਿਕ ਸਮਾਗਮ ਕਰਵਾਇਆ ਜਾਵੇਗਾ ਜਿਸ ਵਿੱਚ ਸ਼ਹਿਰ ਵਾਸੀਆਂ ਨੂੰ ਪੁੱਜਣ ਦਾ ਸੱਦਾ ਦਿੱਤਾ ਗਿਆ ਤੇ ਦੱਸਿਆ ਗਿਆ ਕਿ ਰਾਤ 9 ਤੋਂ 9.45 ਤੱਕ ਧਾਰਮਿਕ ਸਮਾਗਮ ਹੋਵੇਗਾ ਤੇ ਬਾਅਦ ਵਿੱਚ ਸੋਮ ਪ੍ਰਕਾਸ਼ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ।


ਤੀਕਸ਼ਨ ਸੂਦ ਵੱਲੋਂ ਸੋਮ ਪ੍ਰਕਾਸ਼ ਦੇ ਭੱਥੇ ਵਿੱਚੋ ਕੱਢ ਕੇ ਪਾਰਟੀ ਵਿਚਲੇ ਵਿਰੋਧੀਆਂ ਵੱਲ ਛੱਡਿਆ ਗਿਆ ਕ੍ਰੈਡਿਟ ਵਾਰ ਦਾ ਇਹ ਤੀਰ ਕਈਆਂ ਦੇ ਕਾਲਜੇ ਜਾ ਲੱਗਾ ਤੇ ਫਿਰ ਉਹ ਆਗੂ ਵੀ ਖੜ੍ਹੇ ਹੋ ਗਏ ਜਿਨ੍ਹਾਂ ਨੇ ਸੋਮ ਪ੍ਰਕਾਸ਼ ਤੋਂ ਪਹਿਲਾ ਇਸ ਰੇਲਗੱਡੀ ਨੂੰ ਚਲਾਉਣ ਲਈ ਕੋਸ਼ਿਸ਼ਾਂ ਕੀਤੀਆਂ ਸਨ। ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਜੋ ਕਿ ਪਹਿਲਾ ਚੁੱਪ ਸਨ ਵੱਲੋਂ ਵੀ ਰੇਲਗੱਡੀ ਦੀ ਸ਼ੁਰੂਆਤ ਤੋਂ ਪਹਿਲਾ ਰੇਲਵੇ ਸਟੇਸ਼ਨ ’ਤੇ ਪੁੱਜਣ ਵਾਲੀ ਸੰਗਤ ਲਈ ਲੱਗੇ ਲੰਗਰ ਦੌਰਾਨ ਸੇਵਾ ਕੀਤੀ ਗਈ ਤੇ ਰੇਲਗੱਡੀ ਚੱਲਣ ਲਈ ਸ਼ਹਿਰ ਵਾਸੀਆਂ ਨੂੰ ਵਧਾਈ ਦਿੱਤੀ ਗਈ, ਜਿਕਰਯੋਗ ਹੈ ਕਿ ਸੰਸਦ ਮੈਂਬਰ ਰਹਿੰਦਿਆ ਖੰਨਾ ਵੱਲੋਂ ਇਸ ਰੇਲਗੱਡੀ ਨੂੰ ਚਲਾਉਣ ਲਈ ਭਰਪੂਰ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ।
ਵਿਜੇ ਸਾਂਪਲਾ ਨੇ ਦੋ ਡੱਬੇ ਬੁੱਕ ਕਰਵਾ ਲਏ
ਇਸ ਤੋਂ ਅੱਗੇ ਚਲੀਏ ਤਾਂ ਸਾਬਕਾ ਸੰਸਦ ਮੈਂਬਰ ਵਿਜੇ ਸਾਂਪਲਾ ਵੀ ਇਸ ਮਾਮਲੇ ਵਿੱਚ ਪਿੱਛੇ ਰਹਿਣ ਵਾਲੇ ਨਹੀਂ ਸਨ, ਉਨ੍ਹਾਂ ਨੇ ਜਿੱਥੇ ਸ਼ਹਿਰ ਵਾਸੀਆਂ ਨੂੰ ਇਹ ਸੁਨੇਹਾ ਦਿੱਤਾ ਤੇ ਦੱਸਿਆ ਕਿ ਇਸ ਰੇਲ ਗੱਡੀ ਨੂੰ ਚਲਾਉਣ ਲਈ ਉਨ੍ਹਾਂ ਨੇ ਵੀ ਕੋਈ ਕਸਰ ਨਹੀਂ ਛੱਡੀ, ਉੱਥੇ ਹੀ ਦੂਜਿਆਂ ਤੋਂ ਇੱਕ ਕਦਮ ਅੱਗੇ ਵੱਧ ਕੇ ਸਾਂਪਲਾ ਨੇ ਚੱਲਣ ਵਾਲੀ ਇਸ ਰੇਲਗੱਡੀ ਦੇ ਦੋ ਡੱਬੇ ਨਿੱਜੀ ਤੌਰ ’ਤੇ ਬੁੱਕ ਕਰਵਾ ਲਏ ਹਨ ਤੇ ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਧਾਰਮਿਕ ਯਾਤਰਾ ਉੱਪਰ ਜਾਣ ਦਾ ਖੁੱਲ੍ਹਾ ਸੱਦਾ ਵੀ ਦੇ ਦਿੱਤਾ ਹੈ।
ਸੋਮ ਪ੍ਰਕਾਸ਼ ਨੇ ਕੀਤੀ ਸਿਆਣੀ ਗੱਲ
ਹੁਸ਼ਿਆਰਪੁਰ ਦੇ ਭਾਜਪਾ ਆਗੂਆਂ ਦੇ ਇਸ ਕਾਟੋ-ਕਲੇਸ਼ ਤੋਂ ਸੰਸਦ ਮੈਂਬਰ ਸੋਮ ਪ੍ਰਕਾਸ਼ ਕਾਫੀ ਦੁੱਖੀ ਦੱਸੇ ਜਾ ਰਹੇ ਹਨ ਤੇ ਉਨ੍ਹਾਂ ਨੂੰ ਵੱਡਾ ਦੁੱਖ ਇਸ ਗੱਲ ਦਾ ਹੈ ਕਿ ਇਸ ਨੂਰਾ ਕੁਸ਼ਤੀ ਦੀ ਸ਼ੁਰੂਆਤ ਉਨ੍ਹਾਂ ਲੋਕਾਂ ਨੇ ਕੀਤੀ ਹੈ ਜਿਨ੍ਹਾਂ ਨੂੰ ਉਹ ਪਿਛਲੇ ਲੱਗਭੱਗ 5 ਸਾਲ ਤੋਂ ਸਿਆਸੀ ਆਕਸੀਜਨ ਦੇ ਰਹੇ ਹਨ, ਫਿਲਹਾਲ ਸੋਮ ਪ੍ਰਕਾਸ਼ ਨੇ ਇੱਕ ਟਵੀਟ ਕਰਕੇ ਭਾਜਪਾ ਦੇ ਸਾਰੇ ਆਗੂਆਂ ਨੂੰ ਕ੍ਰੈਡਿਟ ਵਾਰ ਦੀ ਭੱਠੀ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ ਤੇ ਕਿਹਾ ਹੈ ਕਿ ਇਸ ਰੇਲਗੱਡੀ ਨੂੰ ਚਲਾਉਣ ਲਈ ਸਭ ਨੇ ਬਣਦਾ ਯੋਗਦਾਨ ਪਾਇਆ ਹੈ।
होशियारपुर से बांके बिहारी एवं राधा-रानी की नगरी मथुरा-वृंदावन जाने वाले श्रद्धालुओं के लिए इस सौगात को देने के लिए मैं मान. प्रधानमंत्री श्री @NarendraModi जी व मान. रेल मंत्री श्री @AshwiniVaishnaw जी का ह्रदय से धन्यवाद देता हूँ, उनका आभार प्रकट करता हूंl pic.twitter.com/GVXPGdG9re
— Som Parkash ਸੋਮ ਪ੍ਰਕਾਸ਼ (@SomParkashBJP) August 22, 2023
ਮੀਨੂੰ ਸੇਠੀ ਵੱਲੋਂ ਆਪਣੇ ਲਹਿਜੇ ਵਿੱਚ ਨਸੀਹਤ
ਭਾਜਪਾ ਮਹਿਲਾ ਮੋਰਚਾ ਦੀ ਪੰਜਾਬ ਪ੍ਰਧਾਨ ਮੀਨੂੰ ਸੇਠੀ ਨੇ ਕ੍ਰੈਡਿਟ ਵਾਰ ਵਿੱਚ ਪਏ ਆਗੂਆਂ ਨੂੰ ਆਪਣੇ ਲਹਿਜੇ ਵਿੱਚ ਨਸੀਹਤ ਦੇਣ ਦੀ ਕੋਸ਼ਿਸ਼ ਕੀਤੀ ਹੈ, ਉਨ੍ਹਾਂ ਵੱਲੋਂ ਇਸ ਰੇਲਗੱਡੀ ਨੂੰ ਚਲਾਉਣ ਲਈ ਉਨ੍ਹਾਂ ਸਾਰੇ ਆਗੂਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਆਪਣੇ-ਆਪਣੇ ਪੱਧਰ ਤੇ ਕੋਸ਼ਿਸ਼ ਕੀਤੀ ਤੇ ਨਾਲ ਹੀ ਸ਼ਹਿਰ ਵਾਸੀਆਂ ਨੂੰ ਇਸ ਲਈ ਵਧਾਈ ਦਿੱਤੀ। ਦੱਸ ਦਈਏ ਕਿ ਕਿਸੇ ਸਮੇਂ ਮੀਨੂੰ ਸੇਠੀ ਤੀਕਸ਼ਨ ਸੂਦ ਧੜੇ ਦੇ ਨਜਦੀਕ ਰਹੀ ਲੇਕਿਨ ਪੰਜਾਬ ਪੱਧਰ ਦੀ ਜਿੰਮੇਵਾਰੀ ਮਿਲਣ ਪਿੱਛੋ ਉਨ੍ਹਾਂ ਨੇ ਧੜੇਬੰਦੀ ਤੋਂ ਉੱਪਰ ਉੱਠ ਕੇ ਸਭ ਨੂੰ ਨਾਲ ਲੈ ਕੇ ਚੱਲਣਾ ਠੀਕ ਸਮਝਿਆ।