ਚੰਡੀਗੜ੍ਹ, 24 ਅਗਸਤ 2023 – ਚੰਡੀਗੜ੍ਹ ਦੇ ਸੈਕਟਰ-17 ਤੋਂ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਦੇ ਸਿਰ ‘ਤੇ ਸੱਟ ਲੱਗੀ ਹੈ ਅਤੇ ਨੌਜਵਾਨ ਦੇ ਸਿਰ ‘ਤੇ ਟਾਂਕੇ ਲਾਏ ਗਏ ਹਨ।
ਪੀੜਤ ਵਿਦਿਆਰਥੀ ਨਰਵੀਰ ਸਿੰਘ ਨੇ ਦੱਸਿਆ ਕਿ ਉਹ ਪੰਜਾਬ ਯੂਨੀਵਰਸਿਟੀ ਵਿੱਚ ਲਾਅ ਕਰ ਰਿਹਾ ਹੈ। ਬੁੱਧਵਾਰ ਦੇਰ ਸ਼ਾਮ ਸੈਕਟਰ-17 ‘ਚ ਖਾਣਾ ਖਾਣ ਆਇਆ ਸੀ। ਉਸ ਨੇ ਦੋਸ਼ ਲਾਏ ਕਿ ਇਸ ਦੌਰਾਨ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਪੁੱਤਰ ਉਦੈਵੀਰ ਸਿੰਘ ਕੁਝ ਗੰਨਮੈਨਾਂ ਨਾਲ ਉਥੇ ਪਹੁੰਚ ਗਿਆ। ਸਾਰੇ ਨਸ਼ੇ ‘ਚ ਸਨ ਅਤੇ ਆਉਂਦਿਆਂ ਹੀ ਉਨ੍ਹਾਂ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਨਰਵੀਰ ਅਨੁਸਾਰ ਇਸ ਦੌਰਾਨ ਉਸ ਨੂੰ ਮੌਕਾ ਮਿਲਦੇ ਹੀ ਉਸ ਨੇ ਆਪਣੇ ਦੋਸਤ ਮੀਤ ਨੂੰ ਫ਼ੋਨ ‘ਤੇ ਬੁਲਾਇਆ, ਪਰ ਮੁਲਜ਼ਮਾਂ ਨੇ ਉਸ ਨੂੰ ਬੰਦੂਕ ਦੀ ਨੋਕ ‘ਤੇ ਚੁੱਕ ਕੇ ਕਾਰ ‘ਚ ਬਿਠਾਉਣਾ ਸ਼ੁਰੂ ਕਰ ਦਿੱਤਾ। ਕਾਰ ‘ਚ ਬੈਠ ਕੇ ਲੋਕਾਂ ਨੂੰ ਦੇਖ ਕੇ ਉਸ ਨੇ ਰੌਲਾ ਪਾਇਆ ਤਾਂ ਦੋਸ਼ੀ ਉਸ ਨੂੰ ਸੈਕਟਰ-17 ਥਾਣੇ ਲੈ ਗਏ। ਇਸ ਲੜਾਈ ਦੌਰਾਨ ਸਿਰ ਵਿੱਚ ਸੱਟ ਵੀ ਲੱਗੀ। ਉਥੇ ਹੀ ਪੀੜਤ ਨੇ ਇਲਜ਼ਾਮ ਇਹ ਵੀ ਲਾਏ ਕਿ ਪੁਲਿਸ ਪਰਚਾ ਦਰਜ ਨਹੀਂ ਕਰ ਰਹੀ, ਸਗੋਂ ਸਮਝੌਤੇ ਦਾ ਦਬਾਅ ਬਣਾ ਰਹੀ ਹੈ।
ਦੂਜੇ ਪਾਸੇ ਨਰਵੀਰ ਦੇ ਦੋਸਤ ਮੀਤ ਨੇ ਦੱਸਿਆ ਕਿ ਨਰਵੀਰ ਸਿੰਘ ਅਤੇ ਉਦੈਵੀਰ ਰੰਧਾਵਾ ਵਿਚਕਾਰ ਪੁਰਾਣੀ ਦੁਸ਼ਮਣੀ ਚੱਲ ਰਹੀ ਹੈ, ਜੋ ਪਿਛਲੇ ਕਾਫੀ ਸਮੇਂ ਤੋਂ ਚੱਲ ਰਹੀ ਸੀ। ਇਸ ਤੋਂ ਪਹਿਲਾਂ ਵੀ ਦੋਵਾਂ ਵਿਚਾਲੇ ਕਈ ਵਾਰ ਲੜਾਈ ਹੋ ਚੁੱਕੀ ਹੈ ਪਰ ਅੱਜ ਤੱਕ ਦੁਸ਼ਮਣੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
ਉਥੇ ਹੀ ਜਦੋਂ ਇਹ ਗੱਲ ਮੀਡੀਆ ਕੋਲ ਆਈ ਤਾਂ ਪੱਤਰਕਾਰਾਂ ਨੇ ਇਸ ਮਾਮਲੇ ਸੰਬੰਧੀ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਪੁੱਤਰ ਉਦੈਵੀਰ ਸਿੰਘ ਦਾ ਪੱਖ ਜਾਨਣ ਦੀ ਕੋਸ਼ਿਸ਼ ਕੀਤੀ ਤਾਂ ਉਦੈਵੀਰ ਸਿੰਘ ਦਾ ਮੂੰਹ ਕੋਰੋਨਾ ਨਾ ਬਾਵਜੂਦ ਵੀ ਮਾਸਕ ਨਾਲ ਢਕਿਆ ਹੋਇਆ ਹੀ, ਉਥੇ ਜਦੋਂ ਪੱਤਰਕਾਰਾਂ ਨੇ ਅੱਗੇ ਹੋ ਕੇ ਸਵਾਲ ਪੁੱਛਣੇ ਚਾਹੇ ਤਾਂ ਅੱਗੋਂ ਹੈਂਕੜਬਾਜ਼ੀ ‘ਚ ਉਦੈਵੀਰ ਸਿੰਘ ਨੇ ਪੱਤਰਕਾਰਾਂ ਨਾਲ ਬਦਸਲੂਕੀ ਕੀਤੀ।