ਅੰਮ੍ਰਿਤਸਰ, 19 ਅਗਸਤ 2023 – ਅੰਮ੍ਰਿਤਸਰ ‘ਚ ਬੈਂਕ ਲਾਕਰ ‘ਚੋਂ ਪੈਸੇ ਕਢਵਾ ਕੇ ਘਰ ਜਾ ਰਹੇ ਜਿੰਮ ਸੰਚਾਲਕ ਤੋਂ 62 ਲੱਖ ਰੁਪਏ ਲੁੱਟ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋ ਕਾਰ ਸਵਾਰ ਨੌਜਵਾਨਾਂ ਨੇ ਜਿਮ ਮਾਲਕ ਦਾ ਰਸਤਾ ਰੋਕ ਲਿਆ ਅਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਸੂਚਨਾ ਮਿਲਦੇ ਹੀ ਪੁਲਿਸ ਮੁਲਾਜ਼ਮਾਂ ਨੇ ਮੌਕੇ ‘ਤੇ ਪਹੁੰਚ ਕੇ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ।
ਇਸ ਸੰਬੰਧੀ ਏ.ਸੀ.ਪੀ ਸਰਬਜੀਤ ਸਿੰਘ ਨੇ ਦੱਸਿਆ ਕਿ ਜਿੰਮ ਦਾ ਮਾਲਕ ਬਖਤਾਵਰ ਸਿੰਘ ਸ਼ੇਰਗਿੱਲ ਜੋ ਕਿ ਘਰਿੰਡਾ ਦੇ ਪੱਦਰੀ ਰੋਡ ‘ਤੇ ਰਹਿੰਦਾ ਹੈ, ਉਸ ਨੇ ਬੈਂਕ ਆਫ ਇੰਡੀਆ ਦੇ ਲਾਕਰ ‘ਚੋਂ 62 ਲੱਖ ਰੁਪਏ ਕਢਵਾਏ ਸਨ। ਜਦੋਂ ਉਹ ਪੈਸੇ ਲੈ ਵਾਪਸ ਜਾ ਰਿਹਾ ਸੀ। ਗਾਓਂ ਮਹਿਲ ਨੇੜੇ ਦੋ ਕਾਰਾਂ ਉਨ੍ਹਾਂ ਦੇ ਸਾਹਮਣੇ ਆ ਕੇ ਰੁਕੀਆਂ। ਇਨ੍ਹਾਂ ਵਿੱਚੋਂ ਇੱਕ ਇਨੋਵਾ ਅਤੇ ਦੂਜੀ ਸੇਡਾਨ ਕਾਰ ਸੀ। ਜਿਨ੍ਹਾਂ ‘ਚੋਂ ਉੱਤਰ ਕੇ ਨੌਜਵਾਨ ਜਿੰਮ ਮਾਲਕ ਕੋਲੋਂ ਲੁੱਟ ਕਰਕੇ ਫਰਾਰ ਹੋ ਗਏ।
ਸ਼ੁਰੂਆਤੀ ਜਾਂਚ ‘ਚ ਪੁਲਿਸ ਨੂੰ ਲੁੱਟ ਦਾ ਮਾਮਲਾ ਸ਼ੱਕੀ ਲੱਗ ਰਿਹਾ ਹੈ। ਇਸ ਦੇ ਨਾਲ ਹੀ 62 ਲੱਖ ਰੁਪਏ ਵਰਗੀ ਵੱਡੀ ਰਕਮ ਬੈਂਕ ਦੀ ਬਜਾਏ ਲਾਕਰ ‘ਚ ਰੱਖਣ ਦਾ ਕੀ ਇਰਾਦਾ ਸੀ, ਇਸ ਬਾਰੇ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।