ਦਾ ਐਡੀਟਰ ਨਿਊਜ.ਮੁਕੇਰੀਆ ——– ਵਿਧਾਨ ਸਭਾ ਹਲਕਾ ਮੁਕੇਰੀਆ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨ ਪੁੱਜੇ ਹਲਕੇ ਤੋਂ ਭਾਜਪਾ ਵਿਧਾਇਕ ਜੰਗੀ ਲਾਲ ਮਹਾਜਨ, ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਸੋਮ ਪ੍ਰਕਾਸ਼ ਤੇ ਤਿੰਨ ਵਾਰ ਹਾਰ ਚੁੱਕੇ ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ, ਸੰਜੀਵ ਮਿਨਹਾਸ ਨੂੰ ਲੋਕਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ, ਹਲਕੇ ਦੇ ਇੱਕ ਪਿੰਡ ਵਿੱਚ ਤਾਂ ਪਿੰਡ ਦੇ ਇੱਕ ਨੌਜਵਾਨ ਨੇ ਮੰਚ ਉੱਪਰ ਬੈਠੇ ਇਨ੍ਹਾਂ ਆਗੂਆ ਨੂੰ ਸੰਬੋਧਨ ਕਰਦਿਆ ਕਿਹਾ ਕਿ ਸਾਨੂੰ ਤੁਹਾਡੀ ਝੂਠੀ ਹਮਦਰਦੀ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਇਹ ਸਾਡੇ ਕਿਸੇ ਕੰਮ ਦੀ ਨਹੀਂ ਹੈ ਤੇ ਦੂਜਾ ਜੇਕਰ ਮਦਦ ਦੀ ਗੱਲ ਹੈ ਤਾਂ ਉਹਦੇ ਲਈ ਸਾਡੇ ਦੇਸ਼-ਵਿਦੇਸ਼ ਬੈਠੇ ਭੈਣ-ਭਰਾ ਕਿਸੇ ਤਰ੍ਹਾਂ ਦੀ ਕਮੀ ਨਹੀਂ ਆਉਣ ਦੇ ਰਹੇ, ਇਸ ਨੌਜਵਾਨ ਨੇ ਇੱਥੋ ਤੱਕ ਕਿਹਾ ਕਿ ਅਸੀਂ ਤਿੰਨ ਦਿਨ ਤੱਕ ਪ੍ਰਸ਼ਾਸ਼ਨ ਤੋਂ ਕਿਸ਼ਤੀ ਮੰਗਦੇ ਰਹੇ ਕੇ ਨਾਲ ਦੇ ਪਿੰੰਡ ਦਵਾਈਆਂ ਪੁੱਜਦੀਆਂ ਕਰਨੀਆਂ ਹਨ ਪਰ ਸਾਨੂੰ ਮਿਲੀ ਨਹੀ ਤੇ ਆਖਿਰ ਅਸੀਂ ਗੁੜ ਬਣਾਉਣ ਵਾਲੇ ਕੜਾਹੇ ਦੀ ਮਦਦ ਨਾਲ ਹੜ੍ਹ ਪੀੜਤਾਂ ਤੱਕ ਦਵਾਈਆਂ ਤੇ ਹੋਰ ਸਮਾਨ ਪਹੁੰਚਾਇਆ।
ਇਸ ਨੌਜਵਾਨ ਨੇ ਅੱਗੇ ਕਿਹਾ ਕਿ ਡੀ.ਸੀ. ਵੱਲੋਂ ਸਾਨੂੰ ਪਿੰਡ ਛੱਡਣ ਦੀ ਸਲਾਹ ਦਿੱਤੀ ਗਈ ਤੇ ਜਦੋਂ ਅਸੀਂ ਸਵਾਲ ਕੀਤਾ ਕਿ ਦੱਸੋ ਤੁਸੀਂ ਸਾਡੇ ਲਈ ਕਿੱਥੇ ਟੈਂਟ-ਲੰਗਰ ਲਗਾਇਆ ਹੈ ਤਾਂ ਉਨਾਂ ਕੋਲ ਕੋਈ ਜਵਾਬ ਨਹੀਂ ਸੀ ਤੇ ਨਾ ਹੀ ਸਾਡੇ ਡੰਗਰ-ਵੱਛੇ ਸਾਂਭਣ ਦਾ ਕੋਈ ਪ੍ਰਬੰਧ ਜਿਸ ਕਾਰਨ ਅਸੀਂ ਪਿੰਡ ਨਹੀਂ ਛੱਡਿਆ ਤੇ ਨਾ ਆਪਣੇ ਡੰਗਰ-ਪਸ਼ੂ। ਇਸ ਮੌਕੇ ਹਲਕਾ ਵਿਧਾਇਕ ਜੰਗੀ ਲਾਲ ਮਹਾਜਨ ਨੇ ਜੋਰ ਨਾਲ ਇਹ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਕਿ ਸਾਰੀ ਗਲਤੀ ਪੰਜਾਬ ਦੀ ਆਪ ਸਰਕਾਰ ਦੀ ਹੈ ਲੇਕਿਨ ਪਿੰਡ ਵਾਸੀਆਂ ਨੇ ਉਨ੍ਹਾਂ ਦੀ ਇੱਕ ਨਾ ਸੁਣੀ ਤੇ ਆਖਿਰ ਕੋਈ ਵਾਹ ਪੇਸ਼ ਨਾ ਜਾਂਦੀ ਦੇਖ ਭਾਜਪਾ ਦੇ ਆਗੂਆਂ ਨੇ ਉੱਥੋ ਨਿਕਲਣਾ ਹੀ ਮੁਨਾਸਿਬ ਸਮਝਿਆ। ਪਤਾ ਲੱਗਾ ਹੈ ਕਿ ਕਈ ਹੋਰ ਪਿੰਡਾਂ ਵਿੱਚ ਵੀ ਭਾਜਪਾ ਆਗੂਆਂ ਦਾ ਇਵੇਂ ਹੀ ਵਿਰੋਧ ਹੋਇਆ ਹੈ।