ਤਰਨਤਾਰਨ, 19 ਅਗਸਤ 2023 – ਤਰਨਤਾਰਨ ‘ਚ 3 ਸਾਲਾ ਬੇਟੇ ਦੇ ਕਤਲ ਦੀ ਗੁੱਥੀ ਪੁਲਸ ਨੇ 24 ਘੰਟਿਆਂ ‘ਚ ਸੁਲਝਾ ਲਈ ਸੀ। ਪਰ ਕੋਈ ਸਮਝ ਨਹੀਂ ਸਕਿਆ ਕਿ ਉਸ ਨੇ ਆਪਣੇ ਪੁੱਤਰ ਨੂੰ ਕਿਉਂ ਮਾਰਿਆ। ਪਰ ਹੁਣ ਆਪਣੇ ਬੇਟੇ ਦੀ ਹੱਤਿਆ ਕਰਨ ਵਾਲੇ ਪਿਤਾ ਨੇ ਕੈਮਰੇ ਦੇ ਸਾਹਮਣੇ ਆ ਕੇ ਹੁਣ ਆਪਣੀ ਗਰੀਬੀ ਨੂੰ ਕਾਰਨ ਦੱਸਿਆ ਹੈ, ਜਿਸ ਕਾਰਨ ਉਸ ਨੇ ਆਪਣੇ ਪੁੱਤ ਦਾ ਕਤਲ ਕੀਤਾ। 3 ਸਾਲਾ ਗੁਰਸੇਵਕ ਦਾ ਕਤਲ ਕਰਨ ਤੋਂ ਬਾਅਦ ਪਿਤਾ ਅੰਗਰੇਜ ਸਿੰਘ ਖ਼ੁਦਕੁਸ਼ੀ ਕਰਨਾ ਚਾਹੁੰਦਾ ਸੀ।
ਅੰਗਰੇਜ ਨੇ ਪੁਲਿਸ ਅਤੇ ਕੈਮਰੇ ਦੇ ਸਾਹਮਣੇ ਆ ਕੇ ਬੇਟੇ ਦੀ ਹੱਤਿਆ ਦਾ ਕਾਰਨ ਗਰੀਬੀ ਨੂੰ ਦੱਸਿਆ। ਅੰਗਰੇਜ਼ ਸਿੰਘ ਨੇ ਕਿਹਾ- ਮੈਂ ਦਿਹਾੜੀਦਾਰ ਦਾ ਕੰਮ ਕਰਦਾ ਹਾਂ। ਮੇਰੇ ਕੋਲ ਮੁਸ਼ਕਿਲ ਨਾਲ ਹੀ 2 ਕਿਲੇ ਜ਼ਮੀਨ ਹੈ। ਜਦੋਂ ਮੈਂ ਕੁਝ ਦਿਨ ਪਹਿਲਾਂ ਘਰ ਆਇਆ ਤਾਂ ਮੇਰੇ ਲੜਕੇ ਨੇ ਮੈਨੂੰ ਪੁੱਛਿਆ ਕਿ ਕੀ ਮੈਂ ਵੀ ਦਿਹਾੜੀ ਕਰਾਂਗਾ ? ਉਸ ਤੋਂ ਬਾਅਦ ਮੇਰਾ ਦਾ ਦਿਮਾਗ ਖਰਾਬ ਹੋ ਗਿਆ।
ਮੈਂ ਆਪਣੇ ਬੇਟੇ ਨੂੰ ਬਹੁਤ ਪਿਆਰ ਕਰਦਾ ਹਾਂ। ਗੁੱਡੀ (ਬੱਚੇ ਦੀ ਮਾਂ) ਅਤੇ ਮੈਂ ਆਪਣੇ ਪੁੱਤ ਤੋਂ ਬਿਨਾਂ ਸਾਹ ਵੀ ਨਹੀਂ ਲੈ ਸਕਦੇ ਸੀ। ਇਹ ਗੱਲ ਵਾਰ-ਵਾਰ ਮਨ ਵਿਚ ਆਉਣ ਲੱਗੀ ਕਿ ਮੇਰਾ ਪੁੱਤਰ ਦਿਹਾੜੀਦਾਰ ਦਾ ਕੰਮ ਕਰੇਗਾ। ਪਹਿਲਾਂ ਵੀ ਮੈਂ ਆਪ ਮਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਬਾਅਦ ਵਿੱਚ ਬੇਟੇ ਨੂੰ ਮਾਰ ਦਿੱਤਾ।
ਪਹਿਲਾਂ ਉਸ ਦਾ ਰੱਸੀ ਨਾਲ ਗਲਾ ਘੁੱਟਿਆ ਗਿਆ ਅਤੇ ਫਿਰ ਸੂਏ ਵਿੱਚ ਸੁੱਟ ਦਿੱਤਾ। ਮੈਨੂੰ ਨਹੀਂ ਪਤਾ ਕਿ ਮੇਰੇ ਨਾਲ ਕੀ ਹੋਇਆ ਹੈ। ਰੱਬ ਨੇ ਮੈਨੂੰ ਕੀ ਬਣਾਇਆ, ਮੇਰੇ ਕੋਲੋਂ ਕਹਿਰ ਹੋ ਗਿਆ। ਹੁਣ ਮੈਂ ਪਛਤਾ ਰਿਹਾ ਹਾਂ, ਮੈਂ ਮਰ ਜਾਂਦਾ। ਮੈਂ ਆਪਣੇ ਆਪ ਨੂੰ ਫਾਹਾ ਲਗਾ ਕੇ ਮਰਨਾ ਚਾਹੁੰਦਾ ਹਾਂ। ਮੈਨੂੰ ਮਾਫ਼ ਕਰ ਪਰਮਾਤਮਾ, ਮੈਂ ਵੱਡਾ ਪਾਪੀ ਹਾਂ, ਮੈਂ ਆਪਣੇ ਬੱਚੇ ਨੂੰ ਮਾਰਿਆ ਹੈ। ਮੈਨੂੰ ਕਿਸੇ ਨੇ ਨਹੀਂ ਦੱਸਿਆ, ਮੈਂ ਆਪ ਹੀ ਆਪਣੇ ਪੁੱਤਰ ਨੂੰ ਮਾਰਿਆ ਹੈ। ਮੇਰਾ ਦਿਮਾਗ ਖਰਾਬ ਹੋ ਗਿਆ ਸੀ।
ਮੁਲਜ਼ਮ ਅੰਗਰੇਜ ਸਿੰਘ ਨੇ 13 ਅਗਸਤ ਦੀ ਰਾਤ ਨੂੰ ਉਸ ਦੇ ਲੜਕੇ ਗੁਰਸੇਵਕ (3) ਦਾ ਕਤਲ ਕਰ ਕੇ ਲਾਸ਼ ਨੂੰ ਨਾਲੇ ਵਿੱਚ ਸੁੱਟ ਦਿੱਤਾ ਸੀ। ਇਸ ਤੋਂ ਬਾਅਦ ਉਸ ਨੇ ਆ ਕੇ ਪੁਲਸ ਨੂੰ ਆਪਣੇ ਲੜਕੇ ਦੇ ਅਗਵਾ ਹੋਣ ਦੀ ਕਹਾਣੀ ਸੁਣਾਈ। ਉਸ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੇ ਲੜਕੇ ਨੂੰ ਰਾਹਲ-ਚਹਿਲ ਪਿੰਡ ਨੇੜੇ ਕੁਝ ਕਾਰ ਸਵਾਰਾਂ ਨੇ ਅਗਵਾ ਕਰ ਲਿਆ।
ਪੁਲੀਸ ਨੇ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਉਸ ਨੇ ਟਿਕਾਣਾ ਬਦਲ ਕੇ ਢੋਟੀਆਂ ਕਰ ਦਿੱਤਾ। ਜਦੋਂ ਪੁਲਿਸ ਨੇ ਸੀਸੀਟੀਵੀ ਫੁਟੇਜ ਦੀ ਜਾਂਚ ਸ਼ੁਰੂ ਕੀਤੀ ਤਾਂ ਬੇਟਾ ਪਿਤਾ ਦੇ ਮੋਟਰਸਾਈਕਲ ‘ਤੇ ਹੀ ਦੇਖਿਆ ਗਿਆ। ਜਿਸ ਤੋਂ ਬਾਅਦ ਪੁਲਸ ਨੇ ਪਿਤਾ ਨੂੰ ਹਿਰਾਸਤ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਗਲੇ ਦਿਨ ਪਿੰਡ ਵਾਸੀਆਂ ਨੂੰ ਵੀ ਬੱਚੇ ਦੀ ਲਾਸ਼ ਸੂਏ ਕੋਲ ਪਈ ਮਿਲੀ ਸੀ।