ਦਾ ਐਡੀਟਰ ਨਿਊਜ.ਹੁਸ਼ਿਆਰਪੁਰ —- ਨਗਰ ਨਿਗਮ ਹੁਸ਼ਿਆਰਪੁਰ ਦੇ ਵਾਰਡ ਨੰਬਰ-40 ਤੋਂ ਕੌਂਸਲਰ ਅਨਮੋਲ ਜੈਨ ਜੋ ਕਿ ਕੁਝ ਮਹੀਨੇ ਪਹਿਲਾ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਸਨ ਨੇ ‘ ਸਿਆਸੀ ਗੰਡਾ ਬੰਬ ’ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਦੇ ਸਿਆਸੀ ਵਿਹੜੇ ਵਿੱਚ ਸੁੱਟਦਿਆ ਕਿਹਾ ਹੈ ਕਿ ਉਸ ਨੂੂੰ ਆਪ ਦੇ ਕੁਝ ਆਗੂਆਂ ਨੇ ਕਥਿਤ ਤੌਰ ਉੱਪਰ ਬਲੈਕਮੇਲ ਕਰਕੇ ਆਪ ਵਿੱਚ ਸ਼ਾਮਿਲ ਹੋਣ ਲਈ ਮਜਬੂਰ ਕੀਤਾ ਸੀ, ਇਸ ਸਬੰਧੀ ਆਪਣੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਸ਼ੇਅਰ ਕਰਦੇ ਹੋਏ ਅਨਮੋਲ ਜੈਨ ਨੇ ਕਿਹਾ ਕਿ ਕੁਝ ਮਹੀਨੇ ਪਹਿਲਾ ਥਾਣਾ ਸਿਟੀ ਵਿੱਚ ਮੇਰੇ ਖਿਲਾਫ ਇੱਕ ਦਰਖਾਸਤ ਦਿਵਾਈ ਗਈ ਜਿਸ ਵਿੱਚ ਕਿਹਾ ਗਿਆ ਕਿ ਅਨਮੋਲ ਜੈਨ ਏਜੰਟੀ ਦਾ ਕੰਮ ਕਰਦਾ ਹੈ ਤੇ ਸ਼ਿਕਾਇਤਕਰਤਾ ਨੇ ਕਿਹਾ ਕਿ ਜੈਨ ਨੇ ਮੇਰੇ ਕੋਲੋ ਵਿਦੇਸ਼ ਭੇਜਣ ਦੇ ਨਾਂ ਉਪਰ 15 ਲੱਖ ਰੁਪਏ ਠੱਗੇ ਹਨ, ਉਸ ਨੇ ਅੱਗੇ ਦੱਸਿਆ ਕਿ ਜਦੋਂ ਇਸ ਸਬੰੰਧ ਵਿੱਚ ਥਾਣਾ ਸਿਟੀ ਦੀ ਪੁਲਿਸ ਨੇ ਮੈਨੂੰ ਥਾਣੇ ਬੁਲਾਇਆ ਤਾਂ ਉਥੇ ਸ਼ਿਕਾਇਤਕਰਤਾ ਤੇ ਆਪ ਦਾ ਇੱਕ ਸਥਾਨਕ ਆਗੂ ਥਾਣੇ ਪੁੱਜੇ ਜਿਸ ਪਿੱਛੋ ਮੈਨੂੰ ਸ਼ਿਕਾਇਤ ਬਾਰੇ ਪਤਾ ਲੱਗਿਆ, ਅਨਮੋਲ ਜੈਨ ਨੇ ਅੱਗੇ ਕਿਹਾ ਕਿ ਆਪ ਦੇ ਆਗੂ ਤੇ ਉਸਦੇ ਸਾਥੀ ਵਕੀਲ ਨੇ ਮੈਨੂੰ ਕਿਹਾ ਕਿ ਜਾਂ ਤਾਂ ਆਪ ਵਿੱਚ ਸ਼ਾਮਿਲ ਹੋ ਜਾ ਨਹੀਂ ਤਾਂ ਤੇਰੇ ਖਿਲਾਫ ਪਰਚਾ ਦਰਜਾ ਕਰਵਾਇਆ ਜਾਵੇਗਾ।
ਅਨਮੋਲ ਜੈਨ ਮੁਤਾਬਿਕ ਮੈਂ ਆਮ ਵਿਅਕਤੀ ਹਾਂ ਤੇ ਉਸ ਸਮੇਂ ਡਰ ਗਿਆ ਜਿਸ ਪਿੱਛੋ ਮੇਅਰ ਸੁਰਿੰਦਰ ਸ਼ਿੰਦਾ ਦੇ ਨਾਲ ਹੀ ਮੈਂ ਆਪ ਜੁਆਇਨ ਕੀਤੀ। ਲਗਾਤਾਰ ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਅਨਮੋਲ ਜੈਨ ਕਹਿ ਰਿਹਾ ਹੈ ਕਿ ਹੋਰ ਵੀ ਕੌਂਸਲਰਾਂ ਨੂੰ ਦਬਾਅ ਦੇ ਤਹਿਤ ਆਪ ਵਿੱਚ ਸ਼ਾਮਿਲ ਹੋਣ ਲਈ ਮਜਬੂਰ ਕੀਤਾ, ਉਨ੍ਹਾਂ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੂੰ ਮੁਖਾਤਿਬ ਹੁੰਦਿਆ ਕਿਹਾ ਕਿ ਤਹਾਨੂੰ ਜਵਾਬ ਦੇਣਾ ਔਖਾ ਹੋ ਜਾਵੇਗਾ ਕਿਉਂਕਿ ਮੈਂ ਆਪਣੀ ਮਰਜੀ ਨਾਲ ਆਪ ਜੁਆਇਨ ਨਹੀਂ ਕੀਤੀ ਸੀ ਬਲਕਿ ਮੈਨੂੰ ਧੱਕੇ ਨਾਲ ਆਪ ਵਿੱਚ ਲਿਆਂਦਾ ਗਿਆ।