ਦਾ ਐਡੀਟਰ ਨਿਊਜ਼, ਚੰਡੀਗੜ੍ਹ। ਭਾਜਪਾ ਦੇ ਸੀਨੀਅਰ ਨੇਤਾ ਵਿਜੇ ਸਾਂਪਲਾ ਨੇ ਐਸੀ ਕਮਿਸ਼ਨ ਭਾਰਤ ਸਰਕਾਰ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਅਸਤੀਫ਼ੇ ਤੋਂ ਬਾਅਦ ਪੰਜਾਬ ਭਾਜਪਾ ਵਿੱਚ ਵੀ ਹਲਚਲ ਸ਼ੁਰੂ ਹੋ ਗਈ ਹੈ। ਵਿਜੇ ਸਾਂਪਲਾ ਨੇ ਆਪਣੇ ਅਸਤੀਫ਼ੇ ਦਾ ਕਾਰਨ ਨਿੱਜੀ ਦੱਸਿਆ ਹੈ, ਲੇਕਿਨ ਕੱਲ ਤੋਂ ਹੀ ਮੀਡੀਆ ਰਿਪੋਰਟ ਵਿੱਚ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਵਿਜੇ ਸਾਂਪਲਾ ਨੂੰ ਪਾਰਟੀ ਵਿੱਚ ਵੱਡੀ ਜੁੰਮੇਵਾਰੀ ਦਿੱਤੀ ਜਾ ਰਹੀ ਹੈ। ਇੱਥੇ ਇਹ ਗੱਲ ਵਰਣਨਯੋਗ ਹੈ ਕਿ 2019 ਦੀਆਂ ਚੋਣਾਂ ਵਿਚ ਵਿਜੇ ਸਾਂਪਲਾ ਦੀ ਟਿਕਟ ਕੱਟੀ ਗਈ ਸੀ ਤੇ, ਉਹਨਾਂ ਦੀ ਜਗ੍ਹਾ ਤੇ ਸੋਮ ਪ੍ਰਕਾਸ਼ ਨੂੰ ਭਾਜਪਾ ਨੇ ਹੁਸ਼ਿਆਰਪੁਰ ਤੋਂ ਚੋਣ ਲੜਾਈ ਸੀ ਅਤੇ ਉਹ ਚੋਣ ਜਿੱਤਣ ਤੋਂ ਬਾਅਦ ਮੰਤਰੀ ਵੀ ਬਣ ਗਏ ਸਨ। ਲੇਕਿਨ ਟਿਕਟ ਕੱਟ ਹੋਣ ਤੋਂ ਬਾਅਦ ਵੀ ਵਿਜੇ ਸਾਂਪਲਾ ਘਰ ਨਹੀਂ ਬੈਠੇ ਅਤੇ ਉਹ ਐਸਈ ਕਮਿਸ਼ਨ ਦੀ ਚੇਅਰਮੈਨੀ ਲੈਣ ਵਿੱਚ ਕਾਮਯਾਬ ਹੋ ਗਏ ਅਤੇ ਚੇਅਰਮੈਨ ਹੁੰਦਿਆਂ ਉਨ੍ਹਾਂ ਨੇ ਪੰਜਾਬ ਵਿੱਚ ਦਲਿਤਾਂ ਦੇ ਮੁੱਦੇ ਵੱਡੇ ਪੱਧਰ ਤੇ ਚੁੱਕੇ ਅਤੇ ਆਪਣੇ ਆਪ ਨੂੰ ਪੰਜਾਬ ਦਾ ਦਲਿਤ ਨੇਤਾ ਸਾਬਤ ਕਰਨ ਦੀ ਕਾਮਯਾਬ ਕੋਸ਼ਿਸ਼ ਕੀਤੀ। ਹੁਣ ਅਸਤੀਫ਼ੇ ਤੋਂ ਬਾਅਦ ਇਹ ਅਟਕਲਾਂ ਦਾ ਦੌਰ ਸ਼ੁਰੂ ਹੋ ਗਿਆ ਕਿ ਪਾਰਟੀ ਵਿੱਚ ਕਿਹੜਾ ਅਹੁਦਾ ਦਿੱਤਾ ਜਾ ਸਕਦਾ ਹੈ। ਭਾਜਪਾ ਦੇ ਨਾਲ ਜੁੜੇ ਸੂਤਰਾਂ ਮਿਲੀ ਜਾਣਕਾਰੀ ਅਨੁਸਾਰ ਵਿਜੇ ਸਾਂਪਲਾ ਨੂੰ ਨੈਸ਼ਨਲ ਪੱਧਰ ਤੇ ਭਾਜਪਾ ਦਾ ਜਰਨਲ ਸਕੱਤਰ ਬਣਾਏ ਜਾਣ ਦੀ ਚਰਚਾ ਜ਼ੋਰਾਂ ਤੇ ਹੈ ਅਤੇ ਨਾਲ ਹੀ ਪੰਜਾਬ ਤੋਂ ਭਾਜਪਾ ਨੇਤਾ ਤਰੁਣ ਚੁੱਘ ਦੀ ਜਨਰਲ ਸਕੱਤਰ ਦੇ ਅਹੁਦੇ ਤੋਂ ਛੁੱਟੀ ਹੋਣ ਦੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਅਤੇ ਚੁੱਘ ਨੂੰ ਕਿੱਤੇ ਹੋਰ ਜਗ੍ਹਾ ਤੇ ਐਡਜਸਟ ਕੀਤਾ ਜਾ ਸਕਦਾ ਹੈ।
ਕੀ ਟਿਕਟ ਲਈ ਹੋਈ ਹਾਂ
ਪਤਾ ਲੱਗਾ ਹੈ ਕਿ ਵਿਜੇ ਸਾਂਪਲਾ ਦੇ ਅਸਤੀਫ਼ੇ ਬਾਰੇ ਫੈਸਲਾ 15 ਦਿਨ ਪਹਿਲਾਂ ਹੀ ਹੋ ਗਿਆ ਸੀ। ਉਹਨਾਂ ਨੂੰ ਇਹ ਇਸ਼ਾਰਾ ਕੀਤਾ ਗਿਆ ਕਿ ਉਹ ਹੁਸ਼ਿਆਰਪੁਰ ਲੋਕ ਸਭਾ ਅੰਦਰ ਜਾ ਕੇ ਆਪਣਾ ਕੰਮ ਸ਼ੁਰੂ ਕਰਨ ਅਤੇ ਚੇਅਰਮੈਨ ਹੁੰਦਿਆਂ ਉਹ ਹੁਸ਼ਿਆਰਪੁਰ ਵਿਚ ਮਹਿਜ਼ ਦੋ ਤਿੰਨ ਹੀ ਕੰਮ ਕਰਦੇ ਸਨ, ਲੇਕਿਨ ਪਿਛਲੇ 15 ਦਿਨਾਂ ਤੋਂ ਉਨ੍ਹਾਂ ਨੇ ਹੁਸ਼ਿਆਰਪੁਰ ਵਿਚ ਆਪਣੀਆਂ ਸਰਗਰਮੀਆਂ ਵੀ ਤੇਜ਼ ਕਰ ਦਿਤੀਆਂ ਹੈ। ਮਿਲੀ ਜਾਣਕਾਰੀ ਅਨੁਸਾਰ ਭਾਜਪਾ ਹਾਈ ਕਮਾਂਡ ਨੇ ਸੋਮ ਪ੍ਰਕਾਸ਼ ਨੂੰ ਟਿਕਟ ਦੇਣ ਤੋਂ ਨਾ ਕਰ ਦਿੱਤੀ ਹੈ ਉਸ ਦਾ ਸਭ ਤੋਂ ਵੱਡਾ ਕਾਰਨ ਉਨ੍ਹਾਂ ਦੀ ਵੱਡੀ ਉਮਰ ਹੈ ਅਤੇ ਹੁਣ ਭਾਜਪਾ ਕੋਲ ਵਿਜੇ ਸਾਂਪਲਾ ਦੇ ਕੱਦ ਦਾ ਕੋਈ ਵੀ ਨੇਤਾ ਹੁਸ਼ਿਆਰਪੁਰ ਵਿੱਚ ਮੌਜੂਦ ਨਹੀਂ ਹੈ। ਹਾਲਾਂਕਿ ਹੁਸ਼ਿਆਰਪੁਰ ਵਿਚ ਭਾਜਪਾ ਟੁਕੜੇ ਟੁਕੜੇ ਵਿੱਚ ਵੰਡੀ ਹੋਈ ਹੈ ਅਤੇ ਸਾਂਪਲਾ ਦੇ ਵਿਰੋਧੀ ਉਹਨਾਂ ਦੀ ਟਿਕਟ ਰੋਕਣ ਲਈ ਅਡੀਚੋਟੀ ਦਾ ਜ਼ੋਰ ਲਗਾਉਣਗੇ।
ਵੇਰਕਾ ਦੇ ਨਾਮ ਦੀ ਚਰਚਾ
ਭਾਜਪਾ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਭਾਜਪਾ ਨੇਤਾ ਰਾਜਕੁਮਾਰ ਵੇਰਕਾ ਨੂੰ ਚੇਅਰਮੈਨ ਲਗਾਏ ਜਾਣ ਦੀ ਚਰਚਾ ਵੀ ਜੋਰਾਂ ਤੇ ਹੈ ਕਿਉਂਕਿ ਵੇਰਕਾ ਪਹਿਲਾਂ ਤੋਂ ਹੀ ਪੰਜਾਬ ਵਿੱਚ ਆਪਣੇ ਆਪ ਨੂੰ ਦਲਿਤ ਨੇਤਾ ਸਥਾਪਤ ਕਰਨ ਵਿੱਚ ਕਾਮਯਾਬ ਹੋ ਚੁੱਕੇ ਹਨ।