ਦਾ ਐਡੀਟਰ ਨਿਊਜ, ਹੁਸ਼ਿਆਰਪੁਰ। ਸਿਆਸੀ ਅਤੇ ਸਮਾਜਿਕ ਬਦਲਾਅ ਦਾ ਨਾਅਰਾ ਲਗਾਉਣ ਵਾਲੀ ਆਮ ਆਦਮੀ ਪਾਰਟੀ ਵੀ ਰਿਵਾਇਤੀ ਪਾਰਟੀਆਂ ਵਾਲੇ ਰਾਹ ਪੈ ਗਈ ਹੈ ਜਿਸ ਦੀ ਤਾਜਾ ਮਿਸਾਲ ਅੱਜ ਹੁਸ਼ਿਆਰਪੁਰ ਵਿੱਚ ਉਸ ਸਮੇਂ ਵੇਖਣ ਨੂੰ ਮਿਲੀ ਜਦੋਂ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ‘ ਦਿ ਹੁਸ਼ਿਆਰਪੁਰ ਕੋਆਪ੍ਰੇਟਿਵ ਬੈਂਕ ’ ਦੇ ਚੇਅਰਮੈਨ ਵਿਕਰਮ ਸ਼ਰਮਾ ਬੌਬੀ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕਰਵਾਇਆ ਅਤੇ ਇਸ ਸਮੇਂ ਖਾਸਤੌਰ ’ਤੇ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਪੰਜਾਬ ਦੇ ਇੰਚਾਰਜ ਜਰਨੈਲ ਸਿੰਘ ਵੀ ਮੌਜੂਦ ਰਹੇ, ਇਹ ਉਹੀ ਵਿਕਰਮ ਸ਼ਰਮਾ ਹਨ ਜਿਨ੍ਹਾਂ ਨੇ ਹਾਲੇ ਕੁਝ ਮਹੀਨੇ ਪਹਿਲਾ ਹੀ ਹੁਸ਼ਿਆਰਪੁਰ ਦੀ ਆਪ ਲੀਡਰਸ਼ਿਪ ਤੇ ਕੋ-ਆਪਰੇਟਿਵ ਬੈਂਕ ਦੇ ਆਪਣੀ ਪਾਰਟੀ ਦੇ ਜਿੱਤੇ ਹੋਏ 4 ਸਾਥੀ ਡਾਇਰੈਕਟਰਾਂ ਦੀਆਂ ਗੋਡਣੀਆਂ ਲਵਾ ਕੇ ਵਿਰੋਧੀ ਪਾਰਟੀਆਂ ਦੇ ਡਾਇਰੈਕਟਰਾਂ ਦੀ ਮਦਦ ਨਾਲ ਚੇਅਰਮੈਨ ਦੀ ਕੁਰਸੀ ਨੂੰ ਰੰਗ-ਭਾਗ ਲਾਏ ਸਨ। ਵਿਕਰਮ ਸ਼ਰਮਾ ਦੀ ਮੁੜ ਆਪ ਵਿੱਚ ਹੋਈ ਸ਼ਮੂਲੀਅਤ ਨਾਲ ਪਾਰਟੀ ਦੇ ਅੰਦਰ ਭਾਂਬੜ ਮੱਚਣ ਲੱਗ ਪਏ ਹਨ ਤੇ ਯਕੀਨੀ ਤੌਰ ’ਤੇ ਇਸਦਾ ਸੇਕ ਪਾਰਟੀ ਦੇ ਕੁਝ ਆਗੂਆਂ ਨੂੰ ਆਉਦੇ ਸਮੇਂ ਵਿੱਚ ਝੱਲਣਾ ਪਵੇਗਾ, ਵੈਸੇ ਦਿਲਚਸਪ ਗੱਲ ਇਹ ਹੈ ਕਿ ਵਿਕਰਮ ਸ਼ਰਮਾ ਦਾ ਆਪ ਵਿੱਚ ਸ਼ਾਮਿਲ ਹੋਣਾ ਖਾਸ ਗੱਲ ਨਹੀਂ ਹੈ ਬਲਕਿ ਖਾਸ ਗੱਲ ਇਹ ਹੈ ਕਿ 2022 ਵਿੱਚ ਜਦੋਂ ਵਿਧਾਨ ਸਭਾ ਦੀ ਚੋਣ ਹੋਈ ਤਦ ਵਿਕਰਮ ਸ਼ਰਮਾ ਨੇ ਬ੍ਰਹਮ ਸ਼ੰਕਰ ਜਿੰਪਾ ਦੀ ਖੁੱਲ੍ਹ ਕੇ ਮਦਦ ਕੀਤੀ ਤੇ ਜਦੋਂ ਆਪ ਦੀ ਸਰਕਾਰ ਬਣੀ ਤਦ ਕੁਝ ਸਮੇਂ ਬਾਅਦ ਹੀ ‘ ਦਿ ਹੁਸ਼ਿਆਰਪੁਰ ਕੋਆਪ੍ਰੇਟਿਵ ਬੈਂਕ ’ ਦੇ ਡਾਇਰੈਕਟਰਾਂ ਦੀ ਹੋਈ ਚੋਣ ਵਿੱਚ ਆਪ ਲੀਡਰਸ਼ਿਪ ਦੀ ਛਤਰ-ਛਾਇਆ ਹੇਠ ਵਿਕਰਮ ਸ਼ਰਮਾ ਅਤੇ 4 ਹੋਰ ਉਮੀਦਵਾਰ ਜਿੱਤ ਦਰਜ ਕਰ ਗਏ ਪਰ ਜਦੋਂ ਇਨ੍ਹਾਂ ਪੰਜਾ ਵਿੱਚੋ ਕਿਸੇ ਇੱਕ ਨੂੰ ਚੇਅਰਮੈਨ ਨਿਯੁਕਤ ਕਰਨ ਦੀ ਗੱਲ ਆਈ ਤਦ ਵਿਕਰਮ ਸ਼ਰਮਾ ਪਲਟੀ ਮਾਰ ਗਏ ਅਤੇ ਵਿਰੋਧੀ ਪਾਰਟੀਆਂ ਦੇ ਜਿੱਤੇ ਹੋਏ ਹੋਰ 4 ਉਮੀਦਵਾਰਾਂ ਦੀ ਮਦਦ ਲੈ ਕੇ ਬੈਂਕ ਬਾਡੀ ਦੇ ਚੇਅਰਮੈਨ ਬਣ ਗਏ ਜਿਸ ਪਿੱਛੋ ਜਦੋਂ ਬ੍ਰਹਮ ਸ਼ੰਕਰ ਜਿੰਪਾ ’ਤੇ ਸਵਾਲ ਉੱਠੇ ਤਾਂ ਉਨ੍ਹਾਂ ਇਹ ਕਹਿ ਕੇ ਪੱਲਾ ਛੁਡਾ ਲਿਆ ਕਿ ਵਿਕਰਮ ਦਾ ਹੁਣ ਆਪ ਨਾਲ ਕੋਈ ਲੈਣਾ-ਦੇਣਾ ਨਹੀਂ ਪਰ ਹੁਣ ਕੁਝ ਮਹੀਨਿਆਂ ਦੇ ਬਾਅਦ ਹੀ ਮੰਤਰੀ ਜਿੰਪਾ ਖੁਦ ਵਿਕਰਮ ਸ਼ਰਮਾ ਨੂੰ ਆਪ ਵਿੱਚ ਸ਼ਾਮਿਲ ਕਰਵਾਉਣ ਦਾ ਐਲਾਨ ਕਰ ਰਹੇ ਹਨ ਜੋ ਕਿ ਆਪ ਆਗੂਆਂ ਨੂੰ ਹਜਮ ਨਹੀਂ ਹੋ ਰਿਹਾ।
ਇਨ੍ਹਾਂ ਚਾਰ ਡਾਇਰੈਕਟਰਾਂ ਦੀ ਮਦਦ ਨਾਲ ਚੇਅਰਮੈਨ ਬਣੇ ਨੇ ਵਿਕਰਮ
ਡਾਇਰੈਕਟਰ ਪਰਮਿੰਦਰ ਸਿੰਘ ਪੰਨੂ ਜੋ ਕਿ ਸੰਯੁਕਤ ਅਕਾਲੀ ਦਲ, ਲਖਵਿੰਦਰ ਸਿੰਘ ਮੁਕੇਰੀਆ ਭਾਜਪਾ ਨਾਲ, ਅਮਰਜੀਤ ਸਿੰਘ ਅਕਾਲੀ ਦਲ ਅਤੇ ਜਸਵੀਰ ਸਿੰਘ ਕਾਂਗਰਸ ਨਾਲ ਸਬੰਧਿਤ ਹਨ ਅਤੇ ਇਨ੍ਹਾਂ 4 ਡਾਇਰੈਕਟਰਾਂ ਦੀ ਮਦਦ ਨਾਲ ਵਿਕਰਮ ਸ਼ਰਮਾ ਚੇਅਰਮੈਨ ਬਣੇ ਹੋਏ ਹਨ ਤੇ ਹੁਣ ਦੇਖਣਾ ਹੋਵੇਗਾ ਕਿ ਉਹ ਇਨ੍ਹਾਂ ਵਿਰੋਧੀ ਪਾਰਟੀਆਂ ਦਾ ਸਾਥ ਛੱਡ ਆਪ ਦੇ ਡਾਇਰੈਕਟਰਾਂ ਦੀ ਮਦਦ ਮੰਗਦੇ ਹਨ ਜਾਂ ਫਿਰ ਇਸੇ ਤਰ੍ਹਾਂ ਚੱਲਦਾ ਰਹੇਗਾ।
ਵਿਕਰਮ ਵਿਰੋਧੀਆਂ ਦੇ ਲਾਲਚ ਵਿੱਚ ਗਿਆ ਸੀ-ਫੁਗਲਾਣਾ
ਆਪ ਦੇ ਡਾਇਰੈਕਟਰਾਂ ਵਿੱਚ ਗੁਰਮੀਤ ਸਿੰਘ ਫੁਗਲਾਣਾ, ਰਣਵੀਰ ਸਿੰਘ ਕੱਥੂਨੰਗਲ, ਜਗੀਰ ਸਿੰਘ ਗੜ੍ਹਦੀਵਾਲਾ ਅਤੇ ਦਵਿੰਦਰ ਸਿੰਘ ਦਸੂਹਾ ਸ਼ਾਮਿਲ ਹਨ ਤੇ ਸ. ਫੁਗਲਾਣਾ ਨੇ ਕਿਹਾ ਹੈ ਕਿ ਜੇਕਰ ਹੁਣ ਵਿਕਰਮ ਸ਼ਰਮਾ ਨੂੰ ਆਪ ਵਿੱਚ ਦੋਬਾਰਾ ਲਿਆਂਦਾ ਗਿਆ ਹੈ ਤਾਂ ਫਿਰ ਮੰਤਰੀ ਜਿੰਪਾ ਆਪ ਦੇ ਡਾਇਰੈਕਟਰਾਂ ਨੂੰ ਵੀ ਸਥਿਤੀ ਸਪੱਸ਼ਟ ਕਰੇ। ਉਨ੍ਹਾਂ ਕਿਹਾ ਕਿ ਚੋਣਾ ਉਪਰੰਤ ਚੇਅਰਮੈਨ ਬਣਾਉਣ ਪ੍ਰਤੀ ਸਹਿਮਤੀ ਬਣ ਚੁੱਕੀ ਸੀ ਲੇਕਿਨ ਵਿਕਰਮ ਸ਼ਰਮਾ ਵਿਰੋਧੀਆਂ ਦੀ ਚੱਕ ਤੇ ਲਾਲਚ ਵਿੱਚ ਆ ਗਿਆ ਸੀ। ਪਤਾ ਲੱਗਾ ਹੈ ਕਿ ਚੋਣਾ ਉਪਰੰਤ ਢਾਈ ਸਾਲ ਲਈ ਗੁਰਮੀਤ ਫੁਗਲਾਣਾ ਤੇ ਢਾਈ ਸਾਲ ਲਈ ਵਿਕਰਮ ਸ਼ਰਮਾ ਨੂੰ ਚੇਅਰਮੈਨ ਬਣਾਉਣ ਤੇ ਸਹਿਮਤੀ ਬਣੀ ਸੀ ਪਰ ਇਹ ਫਾਰਮੂਲਾ ਸਿਰੇ ਨਹੀਂ ਚੜ੍ਹਿਆ।
ਵਿਕਰਮ ਨੂੰ ਪਾਰਟੀ ਵਿੱਚ ਲੈ ਜਿੰਪਾ ਨੇ ਕੀ ਕਿਹਾ
ਕੈਬਨਿਟ ਮੰਤਰੀ ਜਿੰਪਾ ਨੇ ਕਿਹਾ ਕਿ ਵਿਕਰਮ ਸ਼ਰਮਾ ਤੇ ਡਿਪਟੀ ਮੇਅਰ ਰੰਜੀਤਾ ਚੌਧਰੀ ਦੋਵਾਂ ਆਗੂਆਂ ਦਾ ਸ਼ਹਿਰ ਵਿੱਚ ਚੰਗਾ ਜਨ-ਆਧਾਰ ਹੈ ਅਤੇ ਇਨ੍ਹਾਂ ਦੇ ਪਾਰਟੀ ਵਿੱਚ ਸ਼ਾਮਿਲ ਹੋਣ ਨਾਲ ਪਾਰਟੀ ਦਾ ਕੇਡਰ ਹੋਰ ਮਜ਼ਬੂਤ ਹੋਵੇਗਾ। ਪੰਜਾਬ ਇੰਚਾਰਜ ਜਰਨੈਲ ਸਿੰਘ ਨੇ ਕਿਹਾ ਕਿ ਪਾਰਟੀ ਵਿੱਚ ਸ਼ਾਮਲ ਹਰ ਵਰਕਰ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਰੰਜੀਤਾ ਚੌਧਰੀ ਅਤੇ ਵਿਕਰਮ ਸ਼ਰਮਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਸਾਫ ਸੁਥਰੀ ਰਾਜਨੀਤੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੋਕ ਭਲਾਈ ਤੇ ਵਿਕਾਸ ਸਬੰਧੀ ਲਏ ਗਏ ਫੈਸਲਿਆਂ ਕਾਰਨ ਹੀ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ।