ਸੁਖਬੀਰ ਬਾਦਲ ਸਣੇ ਹੋਰ ਲੀਡਰਾਂ ‘ਤੇ ਕਰੋਨਾ ਦੇ ਬੱਦਲ ਮੰਡਰਾਏ
ਕਰੋਨਾ ਪਾਜੇਟਿਵ ਆਉਣ ਵਾਲਾ ਕਾਕੀ ਬੁੱਧਵਾਰ ਮਿਲਿਆ ਸੀ ਵੱਡੇ ਅਕਾਲੀ ਲੀਡਰਾਂ ਨੂੰ
ਚੰਡੀਗੜ। ਬਟਾਲਾ ਦੇ ਵਿਧਾਨ ਸਭਾ ਹਲਕਾ ਕਾਦੀਆ ਨਾਲ ਸਬੰਧਿਤ ਸੀਨੀਅਰ ਅਕਾਲੀ ਆਗੂ ਕੰਵਲਜੀਤ ਸਿੰਘ ਕਾਕੀ ਦੀ ਕੋਰੋਨਾ ਰਿਪੋਰਟ ਪਾਜੇਟਿਵ ਆਉਣ ਕਾਰਨ ਅਕਾਲੀ ਦਲ ਦੀ ਲੀਡਰਸ਼ਿਪ ਵਿਚ ਖਲਬਲੀ ਮੱਚ ਗਈ ਹੈ ਕਿਉਂਕਿ ਹਾਲੇ ਬੀਤੇ ਕੱਲ ਬੁੱਧਵਾਰ ਨੂੰ ਕਾਕੀ ਨੇ ਚੰਡੀਗੜ ਵਿਚ ਅਕਾਲੀ ਦਲ ਦੀਆਂ ਹੋਈਆਂ ਦੋ ਅਹਿਮ ਮੀਟਿੰਗਾਂ ਵਿਚ ਹਿੱਸਾ ਲਿਆ ਸੀ, ਜਿਸ ਵਿਚ ਸੁਖਬੀਰ ਸਿੰਘ ਬਾਦਲ, ਜਥੇ .ਤੋਤਾ ਸਿੰਘ, ਬਲਵਿੰਦਰ ਸਿੰਘ ਭੂੰਦੜ, ਸਿਕੰਦਰ ਸਿੰਘ ਮਲੂਕਾ, ਦਲਜੀਤ ਸਿੰਘ ਚੀਮਾ, ਪ੍ਰੇਮ ਸਿੰਘ ਚੰਦੂਮਾਜਰਾ ਆਦਿ ਵੀ ਸ਼ਾਮਿਲ ਸਨ ਤੇ ਕਾਕੀ ਦੇ ਪਾਜੇਟਿਵ ਆਉਣ ਪਿੱਛੋ ਇਨਾਂ ਲੀਡਰਾਂ ‘ਤੇ ਵੀ ਕੋਰੋਨਾ ਪਾਜੇਟਿਵ ਹੋਣ ਦੇ ਬੱਦਲ ਮੰਡਰਾਉਣ ਲੱਗੇ ਹਨ। ਇਨਾਂ ਮੀਟਿੰਗਾਂ ਵਿਚ ਸ਼ਾਮਿਲ ਰਹਿਣ ਵਾਲੇ ਕਾਕੀ ਨੇ ਮੀਟਿੰਗਾਂ ਵਿਚ ਉਸ ਵੱਲੋਂ ਖਿੱਚੀਆਂ ਗਈਆਂ ਫੋਟੋਆਂ ਵੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਸਨ , ਜਿਸ ਵਿਚ ਕਈ ਅਕਾਲੀ ਆਗੂ ਬਿਨਾ ਮਾਸਕ ਤੋਂ ਬੈਠੇ ਵੀ ਦਿਖਾਈ ਦੇ ਰਹੇ ਹਨ ਤੇ ਇਸ ਕਾਰਨ ਮਾਮਲਾ ਹੋਰ ਵੀ ਗੰਭੀਰ ਬਣ ਗਿਆ ਹੈ। ਅਕਾਲੀ ਦਲ ਦੇ ਸੂਤਰਾਂ ਮੁਤਾਬਿਕ ਇਨਾਂ ਮੀਟਿੰਗਾਂ ਦੌਰਾਨ ਕਾਕੀ ਅਕਾਲੀ ਦਲ ਦੇ ਵੱਡੇ ਆਗੂਆਂ ਨੂੰ ਜੱਫੀਆਂ ਪਾ ਕੇ ਮਿਲੇ ਸਨ। ਪਾਜੇਟਿਵ ਆਉਣ ਪਿੱਛੋ ਕਾਕੀ ਨੂੰ ਹੋਮ ਕਵਾਰੇਟਾਈਨ ਕੀਤਾ ਗਿਆ ਹੈ ਤੇ ਸੂਤਰਾਂ ਅਨੁਸਾਰ ਅਕਾਲੀ ਦਲ ਦੇ ਮੀਟਿੰਗਾਂ ਵਿਚ ਹਾਜਰ ਰਹੇ ਆਗੂ ਵੀ ਆਪੋ-ਆਪਣੇ ਟੈਸਟ ਕਰਾਉਣ ਵੱਲ ਤੁਰ ਪਏ ਹਨ। ਅਕਾਲੀ ਦਲ ਨਾਲ ਜੁੜੇ ਇਕ ਨੌਜਵਾਨ ਆਗੂ ਨੇ ਦੱਸਿਆ ਕਿ ਬੁੱਧਵਾਰ ਨੂੰ ਜਦੋਂ ਮੀਟਿੰਗਾਂ ਸ਼ੁਰੂ ਹੋਈਆਂ ਸਨ ਤਦ ਕਾਕੀ ਨੂੰ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਪਿੱਛੇ-ਪਿੱਛੇ ਮੀਟਿੰਗ ਵਿਚ ਜਾਂਦਿਆ ਦੇਖਿਆ ਗਿਆ ਸੀ ਤੇ ਕਾਕੀ ਨੇ ਦਲਜੀਤ ਸਿੰਘ ਚੀਮਾ ਦੇ ਪੀ.ਏ.ਤੋਂ ਮੀਟਿੰਗ ਤੋਂ ਪਹਿਲਾ ਪੈਨ ਲੈਣ ਸਮੇਂ ਉਸ ਨਾਲ ਹੱਥ ਵੀ ਮਿਲਾਇਆ ਸੀ ਤੇ ਵੀਰਵਾਰ ਸਵੇਰੇ ਜਦੋਂ ਕਾਕੀ ਨੂੰ ਉਸਦੇ ਕਰੋਨਾ ਪਾਜੇਟਿਵ ਹੋਣ ਬਾਰੇ ਪਤਾ ਲੱਗਾ ਤਾਂ ਸਭ ਤੋਂ ਪਹਿਲਾ ਫੋਨ ਕਾਕੀ ਨੇ ਦਲਜੀਤ ਸਿੰਘ ਚੀਮਾ ਨੂੰ ਕਰਕੇ ਇਸਦੀ ਜਾਣਕਾਰੀ ਦਿੱਤੀ ਸੀ, ਜਿਸ ਪਿੱਛੋ ਅਕਾਲੀ ਦਲ ਦੇ ਆਗੂਆਂ ਵਿਚ ਖਲਬਲੀ ਮਚੀ ਹੋਈ ਹੈ।