ਦਾ ਐਡੀਟਰ ਨਿਊਜ਼,ਚੰਡੀਗੜ੍ਹ। ਪੰਜਾਬ ਵਿਜੀਲੈਂਸ ਬਿਊਰੋ ਨੇ ਪੰਜਾਬ ਦੇ ਸਾਬਕਾ ਮੰਤਰੀ ਬ੍ਰਹਮ ਮਹਿੰਦਰਾ ਤੋਂ ਵੀਰਵਾਰ ਨੂੰ ਲਗਾਤਾਰ 8 ਘੰਟੇ ਤੱਕ ਪੁੱਛਗਿੱਛ ਕੀਤੀ, ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਬ੍ਰਹਮ ਮਹਿੰਦਰਾ ਦੀ ਜਾਇਦਾਦ ਸਬੰਧੀ ਵਿਜੀਲੈਂਸ ਨੂੰ ਅਹਿਮ ਸਬੂਤ ਮਿਲੇ ਹਨ, ਇਹ ਵੀ ਪਤਾ ਲੱਗਾ ਹੈ ਕਿ ਬ੍ਰਹਮ ਮਹਿੰਦਰਾ ਦੇ ਇੱਕ ਪੀ.ਏ.ਵੀ ਰਾਡਾਰ ’ਤੇ ਆ ਗਿਆ ਹੈ ਅਤੇ ਉਸ ਨੂੰ ਵੀ ਵਿਜੀਲੈਂਸ ਵੱਲੋਂ ਸੰਮਨ ਕਰ ਲਏ ਗਏ ਹਨ। 8 ਘੰਟੇ ਦੀ ਇਸ ਪੁੱਛਗਿੱਛ ਦੌਰਾਨ ਬ੍ਰਹਮ ਮਹਿੰਦਰਾ ਨੇ ਆਪਣੀਆਂ ਕਈ ਜਾਇਦਾਦਾਂ ਦੇ ਖੁਲਾਸੇ ਕੀਤੇ ਹਨ, ਉਨ੍ਹਾਂ ਖੁਲਾਸਿਆਂ ਵਿੱਚ ਚੰਡੀਗੜ੍ਹ ਨਜਦੀਕ ਪੈਂਦੇ ਇੱਕ ਵੱਡੇ ਫਾਰਮ ਹਾਊਸ ਬਾਰੇ ਵੀ ਵਿਜੀਲੈਂਸ ਨੂੰ ਜਾਣਕਾਰੀ ਮਿਲੀ ਹੈ, ਇੱਥੇ ਇਹ ਗੱਲ ਵਰਨਣਯੋਗ ਹੈ ਕਿ ਬ੍ਰਹਮ ਮਹਿੰਦਰਾ ਅਤੇ ਉਨ੍ਹਾਂ ਦੇ ਬੇਟੇ ਮੋਹਿਤ ਮਹਿੰਦਰਾ ਦੀ ਪਹਿਲਾ ਹੀ ਜਾਂਚ ਚੱਲ ਰਹੀ ਹੈ ਅਤੇ ਹੁਣ ਪੀ.ਏ. ਵੀ ਜਾਂਚ ਦੇ ਦਾਇਰੇ ਵਿੱਚ ਆ ਗਿਆ ਹੈ। ਵਿਜੀਲੈਂਸ ਨੂੰ ਸ਼ੱਕ ਹੈ ਕਿ ਬ੍ਰਹਮ ਮਹਿੰਦਰਾ ਨੇ ਆਪਣੇ ਪੀ.ਏ.ਦੇ ਨਾਮ ’ਤੇ ਵੀ ਬੇਹੱਦ ਜਾਇਦਾਦਾਂ ਬਣਾਈਆਂ ਹੋਈਆਂ ਹਨ, ਇਹ ਵੀ ਗੱਲ ਪਤਾ ਲੱਗੀ ਹੈ ਕਿ ਇੱਕ ਵਿਅਕਤੀ ਕੋਲੋ 70 ਲੱਖ ਰੁਪਏ ਰਿਸ਼ਵਤ ਦੇ ਤੌਰ ’ਤੇ ਲਏ ਗਏ ਸੀ ਅਤੇ ਅੱਜ ਉਸ ਵਿਅਕਤੀ ਨੂੰ ਬ੍ਰਹਮ ਮਹਿੰਦਰਾ ਦੇ ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਗਈ ਹੈ, ਹਾਲਾਂਕਿ ਇਸ ਤੋਂ ਪਹਿਲਾ ਇਹ ਉਸ ਬੰਦੇ ਬਾਰੇ ਜਾਣਕਾਰੀ ਤੋਂ ਹੀ ਇਨਕਾਰ ਕਰਦੇ ਆ ਰਹੇ ਸਨ, ਆਉਣ ਵਾਲੇ ਸਮੇਂ ਵਿੱਚ ਬ੍ਰਹਮ ਮਹਿੰਦਰਾ ਨੂੰ ਕਿਸੇ ਸਮੇਂ ਵੀ ਵਿਜੀਲੈਂਸ ਵੱਲੋਂ ਗਿ੍ਰਫਤਾਰ ਕਰ ਸਕਦੀ ਹੈ।