ਦਾ ਐਡੀਟਰ ਨਿਊਜ਼.ਅੰਮ੍ਰਿਤਸਰ । ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੱੁਖੀ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਮਲੇ ਤੋਂ ਬਾਅਦ ਪੈਦਾ ਹੋਏ ਹਾਲਾਤਾਂ ’ਤੇ ਚਰਚਾ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਰੱਖੀ ਗਈ ਮੀਟਿੰਗ ਵਿੱਚ ਤਮਾਮ ਮੁੱਦਿਆਂ ’ਤੇ ਚਰਚਾ ਕੀਤੀ ਗਈ, ਇਸ ਮੀਟਿੰਗ ਵਿਚ ਦੇਸ਼-ਵਿਦੇਸ਼ ਦੀਆਂ ਕਈ ਸਿੱਖ ਜਥੇਬੰਦੀਆਂ ਦੇ ਸਿੱਖ ਆਗੂ ਪਹੁੰਚੇ ਹੋਏ ਸਨ। ਮੀਟਿੰਗ ਵਿੱਚ ਚਰਚਾ ਤੋਂ ਬਾਅਦ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸੰਬੋਧਨ ਕਰਦਿਆਂ ਜਿੱਥੇ ਪੰਜਾਬ ਸਰਕਾਰ ਨੂੰ 24 ਘੰਟਿਆਂ ਦਾ ਅਲਟੀਮੇਟਮ ਦਿੱਤਾ ਹੈ ਕਿ ਜਿੰਨੇ ਵੀ ਸਿੱਖ ਨੌਜਵਾਨਾਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ, ਉਨ੍ਹਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ, ਉੱਥੇ ਉਨ੍ਹਾਂ ਨੇ ਕੇਂਦਰ ਸਰਕਾਰ ’ਤੇ ਵੀ ਤਿੱਖਾ ਹਮਲਾ ਕਰਦਿਆਂ ਕਿਹਾ ਹੈ ਕਿ ਇੱਕ ਸਾਜਿਸ਼ ਤਹਿਤ ਸਿੱਖਾਂ ਦੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ ਅਤੇ ਇਸ ਵਿਚ ਭਾਰਤ ਦਾ ਨੈਸ਼ਨਲ ਮੀਡੀਆ ਸਿੱਧੇ ਤੌਰ ’ਤੇ ਜਿੰਮੇਵਾਰ ਹੈ। ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਸਿੱਖ ਸੰਸਥਾਵਾਂ ਨੂੰ ਇਸ ਗੱਲ ਦਾ ਆਦੇਸ਼ ਦਿੱਤਾ ਹੈ ਕਿ ਨੈਸ਼ਨਲ ਮੀਡੀਆ ਨੂੰ ਅਦਾਲਤਾਂ ਵਿੱਚ ਘੜੀਸਿਆ ਜਾਵੇ, ਉਨ੍ਹਾਂ ਦੋ ਦਿਨ ਪਹਿਲਾਂ ਆਪਣੇ ਦਿੱਤੇ ਬਿਆਨ ਦਾ ਵੀ ਜ਼ਿਕਰ ਕਰਦਿਆਂ ਕਿਹਾ ਕੇ ਉਸ ਬਿਆਨ ਨੂੰ ਵੀ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ ਤੇ ਉਸ ਬਿਆਨ ਦੇ ਉਸ ਹਿੱਸੇ ਨੂੰ ਹੀ ਪ੍ਰਸਾਰਿਤ ਕੀਤਾ ਗਿਆ ਜਿਹੜਾ ਨੈਸ਼ਨਲ ਮੀਡੀਆ ਨੂੰ ਸੂਟ ਕਰਦਾ ਸੀ ਜੋ ਕਿ ਸਿਰਫ ਅਤੇ ਸਿਰਫ ਇਸ ਏਜੰਡੇ ’ਤੇ ਚੱਲ ਰਿਹਾ ਹੈ ਕਿ ਸਿੱਖਾਂ ਨੂੰ ਹਰ ਹਾਲਤ ਵਿੱਚ ਲੋਕਤੰਤਰ ਦੇ ਵਿਰੋਧੀ ਦੱਸ ਦੇ ਬਦਨਾਮ ਕਰਨਾ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਗੇ ਕਿਹਾ ਕਿ ਸਾਰੀਆਂ ਸਿੱਖ ਸੰਸਥਾਵਾਂ ਨੂੰ ਸਿਰ ਜੋੜ ਕੇ ਵਿਚਾਰਾਂ ਕਰਨੀਆਂ ਚਾਹੀਦੀਆਂ ਹਨ ਕਿਉਂਕਿ ਤਦ ਹੀ ਅਸੀਂ ਸਿੱਖ ਵਿਰੋਧੀ ਮਾਨਸਿਕਤਾ ਵਾਲੇ ਲੋਕਾਂ ਨੂੰ ਮੂੰਹ ਤੋੜਵਾ ਜਵਾਬ ਦੇ ਸਕਾਂਗੇ, ਉਨ੍ਹਾਂ ਕਿਹਾ ਕਿ ਸਿੱਖਾਂ ਦੀ ਆਬਾਦੀ ਨੂੰ ਇੱਕ ਸਾਜਿਸ਼ ਤਹਿਤ ਪੰਜਾਬ ਤੋਂ ਬਾਹਰ ਭੇਜਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਪਿਛਲੇ ਕੁਝ ਸਾਲਾਂ ਵਿੱਚ ਹੀ 5 ਲੱਖ ਦੇ ਕਰੀਬ ਪੰਜਾਬੀਆਂ ਦਾ ਵਿਦੇਸ਼ ਵੱਲ ਪ੍ਰਵਾਸ ਹੋਣਾ ਇਸ ਸਾਜਿਸ਼ ਦਾ ਹੀ ਹਿੱਸਾ ਹੈ, ਉਨ੍ਹਾਂ ਕਿਹਾ ਕਿ ਸਾਡੇ ਪੰਜਾਬੀ ਨੌਜਵਾਨ ਮੁੰਡੇ-ਕੁੜੀਆਂ ਡਿਗਰੀਆਂ ਕਰਕੇ 7-8 ਹਜਾਰ ਦੀਆਂ ਪ੍ਰਾਈਵੇਟ ਨੌਕਰੀਆਂ ਕਰ ਰਹੇ ਹਨ ਜਦੋਂ ਕਿ ਜਿੰਨੇ ਵੀ ਛੋਟੇ-ਵੱਡੇ ਕਾਰੋਬਾਰ ਹਨ ਉਨ੍ਹਾਂ ’ਤੇ ਪ੍ਰਵਾਸੀਆਂ ਦਾ ਕਬਜਾ ਕਰਵਾਇਆ ਜਾ ਰਿਹਾ ਹੈ ਪਰ ਇੱਥੇ ਸਾਡੀ ਨੌਜਵਾਨ ਪੀੜ੍ਹੀ ਨੂੰ ਵੀ ਵਿਚਾਰ ਕਰਨਾ ਚਾਹੀਦਾ ਹੈ ਅਤੇ ਛੋਟੇ-ਵੱਡੇ ਕਾਰੋਬਾਰਾਂ ਨੂੰ ਜਾਇਜ ਢੰਗ ਨਾਲ ਆਪਣੇ ਹੱਥ ਲੈਣਾ ਚਾਹੀਦਾ ਹੈ ਜਿੱਥੇ ਕਿ ਲੱਖਾਂ ਰੁਪਏ ਦੀ ਆਮਦਨ ਹੋ ਰਹੀ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਾਡੇ ਵਿਰੋਧੀ ਡਿਪਲੋਮੈਟਿਕ ਲੜਾਈ ਲੜ ਰਹੇ ਹਨ ਅਤੇ ਸਾਨੂੰ ਵੀ ਹੁਣ ਇਸੇ ਰਸਤੇ ਵਿਰੋਧੀਆਂ ਨੂੰ ਕਰਾਰਾ ਜਵਾਬ ਦੇਣਾ ਚਾਹੀਦਾ ਹੈ, ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਦੌਰਾਨ ਪੰਜਾਬ ਪੁਲਿਸ ਨੇ ਸਿੱਖ ਸੰਗਤਾਂ ਨਾਲ ਵਧੀਕੀਆਂ ਕੀਤੀਆਂ, ਜੇਕਰ ਕਿਸੇ ਜਗ੍ਹਾਂ ਸਿੱਖ ਸੰਗਤ ਨੇ ਪੁਲਿਸ ਦੀ ਗਲਤ ਕਾਰਵਾਈ ਦਾ ਵਿਰੋਧ ਕੀਤਾ ਤਾਂ ਜਿੱਥੇ ਸੰਗਤ ’ਤੇ ਲਾਠੀਚਾਰਜ ਕੀਤਾ ਗਿਆ ਉੱਥੇ ਹੀ ਸਿੱਖ ਸੰਗਤ ਦੀਆਂ ਗੱਡੀਆਂ ਦੀ ਪੁਲਿਸ ਨੇ ਭੰਨ-ਤੋੜ ਕਰਕੇ ਗੱਡੀਆਂ ਜਬਤ ਕਰ ਲਈਆਂ, ਉਨ੍ਹਾਂ ਪੁਲਿਸ ਨੂੰ ਤਾੜਨਾ ਕਰਦੇ ਹੋਏ ਜਬਤ ਕੀਤੇ ਗਏ ਵਾਹਨ ਜਲਦ ਰਿਲੀਜ ਕਰਨ ਲਈ ਕਿਹਾ ਹੈ।
ਸਿੱਖ ਰਿਆਸਤਾਂ ਦੀਆਂ ਮਹਾਨ ਨਿਸ਼ਾਨੀਆਂ ਨੂੰ ਬਦਨਾਮ ਕਰਨ ਦੀ ਸਾਜਿਸ਼ ਘੜੀ ਗਈ
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪਿਛਲੇ ਦਿਨਾਂ ਦੇ ਘਟਨਾਕ੍ਰਮਾਂ ਦੌਰਾਨ ਦੁਨੀਆ ਦੇ ਮਹਾਨ ਸਿੱਖ ਰਾਜ ਦੇ ਮਹਾਰਾਜੇ ਰਣਜੀਤ ਸਿੰਘ ਦੇ ਰਾਜ ਨੂੰ ਵੀ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ, ਸਿੱਖ ਰਿਆਸਤਾਂ ਦੀਆਂ ਮਹਾਨ ਨਿਸ਼ਾਨੀਆਂ ਨੂੰ ਪੰਜਾਬ ਪੁਲਿਸ ਨੇ ਵੱਖਵਾਦੀਆਂ ਨਾਲ ਜੋੜਨ ਦੀ ਸਾਜਿਸ਼ ਘੜੀ ਜੋ ਕਿ ਮੰਦਭਾਗਾ ਵਰਤਾਰਾ ਹੈ।
ਜਲਦ ਸ਼ੁਰੂ ਕਰਾਂਗੇ ਵਹੀਰ
ਗਿਆਨੀ ਹਰਪ੍ਰੀਤ ਸਿੰਘ ਨੇ ਇਹ ਵੀ ਐਲਾਨ ਕੀਤਾ ਕਿ ਹੈ ਜੇਕਰ 24 ਘੰਟਿਆਂ ਵਿਚ ਇਨ੍ਹਾਂ ਨੌਜਵਾਨਾਂ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਮੀਟਿੰਗ ਵਿੱਚ ਸ਼ਾਮਲ ਸਾਰੀਆਂ ਜਥੇਬੰਦੀਆਂ ਪੰਜਾਬ ਵਿਚ ਇਕ ਵਹੀਰ ਕੱਢਣਗੀਆਂ, ਜਿਸ ਵਿੱਚ ਘਰ-ਘਰ ਜਾ ਕੇ ਸਿੱਖ ਮਸਲਿਆਂ ਬਾਰੇ ਪੰਜਾਬ ਵਾਸੀਆਂ ਨੂੰ ਜਾਗਰੂਕ ਕੀਤਾ ਜਾਵੇਗਾ, ਉਥੇ ਹੀ ਅੰਮ੍ਰਿਤ ਸੰਚਾਰ ਦੀ ਲਹਿਰ ਵੀ ਚਲਾਈ ਜਾਵੇਗੀ।
ਪੁਲਿਸ ਅਫਸਰਾਂ ਨੂੰ ਚੇਤਾਵਨੀ
ਮੀਟਿੰਗ ਨੂੰ ਸੰਬੋਧਨ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਪੁਲਿਸ ਵੱਲੋਂ ਤੋੜੀਆਂ ਗਈਆਂ ਗੱਡੀਆਂ ਦਾ ਜ਼ਿਕਰ ਕਰਦਿਆ ਕਿਹਾ ਕਿ ਜਿਨ੍ਹਾਂ ਅਫ਼ਸਰਾਂ ਨੇ ਗੱਡੀਆਂ ਅਤੇ ਮੋਟਰਸਾਈਕਲਾਂ ਨੂੰ ਤੋੜਿਆ ਹੈ, ਉਹਨਾਂ ਅਫਸਰਾਂ ਉਤੇ ਵੀ ਸਖਤ ਕਾਰਵਾਈ ਪੰਜਾਬ ਸਰਕਾਰ ਕਰੇ, ਉੱਥੇ ਉਨ੍ਹਾਂ ਨੇ ਸਮੂਹ ਸਿੱਖ ਪੰਥ ਨੂੰ ਇਹ ਕਿਹਾ ਕਿ ਜਿਹੜਾ ਹਥਿਆਰ ਸਿੱਖਾਂ ਦੇ ਖਿਲਾਫ ਇਸਤੇਮਾਲ ਕੀਤਾ ਜਾ ਰਿਹਾ, ਸਿੱਖ ਉਸੇ ਹਥਿਆਰ ਦਾ ਹੀ ਇਸਤੇਮਾਲ ਕਰਕੇ ਜਵਾਬ ਦੇਣ, ਉਨ੍ਹਾਂ ਸਿੱਖ ਪੰਥ ਨੂੰ ਸੰਜਮ ਵਰਤਣ ਦੀ ਸਲਾਹ ਦਿੱਤੀ, ਉਨ੍ਹਾਂ ਇਹ ਵੀ ਕਿਹਾ ਕਿ ਕਈ ਤਾਕਤਾਂ ਇਸ ਮੀਟਿੰਗ ਨੂੰ ਵੀ ਫੇਲ੍ਹ ਕਰਨ ਵਿਚ ਜੁਟੀਆਂ ਹੋਈਆਂ ਸਨ ਲੇਕਿਨ ਸਿੱਖ ਸੰਗਤ ਨੇ ਉਨ੍ਹਾਂ ਦੀਆਂ ਸਾਜਿਸ਼ਾਂ ਨੂੰ ਫੇਲ ਕਰ ਦਿੱਤਾ ਹੈ। ਇਸ ਮੌਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਜਥੇਦਾਰ ਬਲਬੀਰ ਸਿੰਘ ਮੁਖੀ ਸ਼੍ਰੋਮਣੀ ਪੰਥ ਅਕਾਲੀ 96 ਕਰੋੜੀ, ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲਾ, ਮਨਜੀਤ ਸਿੰਘ ਜੀਕੇ,ਪੰਥ ਪ੍ਰਸਿੱਧ ਢਾਡੀ ਤਰਸੇਮ ਸਿੰਘ ਮੋਰਾਂਵਾਲੀ ਸਮੇਤ ਕਈ ਪ੍ਰਮੁੱਖ ਆਗੂ ਪਹੁੰਚੇ ਹੋਏ ਸਨ