ਸਲੱਗ ਲਾਈਨ ਬਰਿਆਣਾ-
-ਮੰਤਰੀ ਦੀ ਦੋ ਟੁੱਕ, ਭੂਤਰੇ ਭਤੀਜੇ ਨੂੰ ਨੱਥ ਪਾ ਬੀਬੀ !
ਹੁਸ਼ਿਆਰਪੁਰ। ਅਕਾਲੀ ਦਲ ਦੀ ਸਾਬਕਾ ਵਿਧਾਇਕ ਬੀਬੀ ਮਹਿੰਦਰ ਕੌਰ ਜੋਸ਼ ਇਕ ਵਾਰ ਫਿਰ ਵੱਡੇ ਵਿਵਾਦ ਵਿਚ ਘਿਰ ਗਈ ਹੈ ਤੇ ਇਸ ਵਾਰ ਉਹ ਆਪਣੇ ਬੇਟੇ ਦੇ ਕਾਰਨ ਵਿਵਾਦ ਵਿਚ ਆਈ ਹੈ, ਅਕਸਰ ਹਲਕੇ ਪੱਧਰ ਦੀ ਬਦਮਾਸ਼ੀ ਲਈ ਜਾਣੇ ਜਾਂਦੇ ਬੀਬੀ ਜੋਸ਼ ਦੇ ਬੇਟੇ ਬਬਲੂ ਜੋਸ਼ ਨੇ ਸ਼ੁੱਕਰਵਾਰ ਦੇਰ ਸ਼ਾਮ ਚੰਡੀਗੜ ਤੋਂ 150 ਕਿਲੋਮੀਟਰ ਦੂਰ ਹੁਸ਼ਿਆਰਪੁਰ ਵਿਚ ਇਕ ਕਾਰੋਬਾਰੀ ਪਰਿਵਾਰ ਦੇ ਮੈਂਬਰਾਂ ਨੂੰ ਆਪਣੀ ਗੁੰਡਾਗਰਦੀ ਦਾ ਮਹਿਜ ਇਸ ਕਰਕੇ ਸ਼ਿਕਾਰ ਬਣਾ ਲਿਆ ਗਿਆ ਕਿ ਬਬਲੂ ਜੋਸ਼ ਵੱਲੋਂ ਪੀੜਤ ਪਰਿਵਾਰ ਦੇ ਇਕ ਮੈਂਬਰ ਨੂੰ ਜਰੂਰਤ ਤੋਂ ਜਿਆਦਾ ਮੋਟਾ ਕਹਿਣ ’ਤੇ ਜਦੋਂ ਉਸ ਸਖਸ਼ ਨੇ ਅਜਿਹਾ ਕਹਿਣ ’ਤੇ ਵਿਰੋਧ ਕੀਤਾ ਤਾਂ ਬਬਲੂ ਜੋਸ਼ ਤੇ ਉਨਾਂ ਨਾਲ ਮੌਜੂਦ ਇਕ ਨਿੱਜੀ ਚੈਨਲ ਦੇ ਪੱਤਰਕਾਰ ਸਮੇਤ ਇਕ ਹੋਰ ਵਿਅਕਤੀ ਨੇ ਉਸ ਵਿਅਕਤੀ ਨੂੰ ਆਪਣੀ ਗੁੰਡਾਗਰਦੀ ਦਾ ਸ਼ਿਕਾਰ ਬਣਾਇਆ ਤੇ ਉਸ ਨਾਲ ਮਾਰਕੁੱਟ ਕੀਤੀ, ਪੀੜਤ ਪਰਿਵਾਰ ਦਾ ਰੇਲਵੇ ਰੋਡ ਹੁਸ਼ਿਆਰਪੁਰ ’ਤੇ ਮੈਡੀਕਲ ਸਟੋਰ ਹੈ ਤੇ ਇਹ ਉਹ ਪਰਿਵਾਰ ਹੈ ਜਿਸ ਨੇ ਹੁਸ਼ਿਆਰਪੁਰ ਵਿਚ ਵਾਪਰੇ ਹੈਰੀ ਵਰਮਾ ਹੱਤਿਆਕਾਂਡ ਵਿਚ ਅਹਿਮ ਗਵਾਹੀ ਦਿੱਤੀ ਸੀ, ਜਿਸ ਕਰਕੇ ਉਸ ਹੱਤਿਆਕਾਂਡ ਵਿਚ ਸ਼ਾਮਿਲ ਦੋਸ਼ੀਆਂ ਦੀ ਰਾਸ਼ਟਰਪਤੀ ਤੱਕ ਸਜਾ ਨਹੀਂ ਟੁੱਟੀ ਸੀ। ਹੋਇਆ ਇਸ ਤਰਾਂ ਕੇ ਜਦੋਂ ਬਬਲੂ ਜੋਸ਼ ਆਪਣੀ ਗੱਡੀ ਵਿਚ ਰੇਲਵੇ ਰੋਡ ਤੋਂ ਜਾ ਰਿਹਾ ਸੀ ਤਦ ਸੜਕ ’ਤੇ ਟ੍ਰੈਫਿਕ ਜਾਮ ਹੋਣ ਕਾਰਨ ਇਨਾਂ ਦੀ ਗੱਡੀ ਪ੍ਰੇਮ ਮੈਡੀਕਲ ਸਟੋਰ ਕੋਲ ਰੁਕ ਗਈ ਤੇ ਉਥੇ ਹੀ ਮੌਜੂਦ ਭਾਨੂ ਅਗਰਵਾਲ ਪ੍ਰਤੀ ਬਬਲੂ ਜੋਸ਼ ਨੇ ਗਲਤ ਟਿੱਪਣੀਆਂ ਕਰ ਦਿੱਤੀਆਂ ਜਿਸ ਦਾ ਭਾਨੂ ਅਗਰਵਾਲ ਤੇ ਉਨਾਂ ਦੇ ਆਯੂਸ਼ ਅਗਰਵਾਲ ਨੇ ਵਿਰੋਧ ਕੀਤਾ ਤੇ ਇਸ ਵਿਰੋਧ ਨੂੰ ਨਾ ਸਹਾਰਦਿਆ ਬਬਲੂ ਜੋਸ਼ ਤੇ ਉਸਦੇ ਸਾਥੀਆਂ ਨੇ ਭਾਨੂੰ ਅਗਰਵਾਲ, ਬੇਟੇ ਆਯੂਸ਼ ਅਗਰਵਾਲ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਤੇ ਜਿਵੇਂ ਹੀ ਆਯੂਸ਼ ਦੀ ਮਾਤਾ ਉਨਾਂ ਨੂੰ ਛਡਾਉਣ ਆਈ ਤਾਂ ਹਮਲਾਵਰਾਂ ਨੇ ਉਸ ’ਤੇ ਵੀ ਹਮਲਾ ਕਰ ਦਿੱਤਾ ਤੇ ਬਬਲੂ ਜੋਸ਼ ਨੇ ਆਪਣਾ ਰਿਵਾਲਵਰ ਤੱਕ ਕੱਢ ਲਿਆ, ਬਬਲੂ ਜੋਸ਼ ਤੇ ਉਸਦੇ ਸਾਥੀ ਭਾਵੇਂ ਮਾਰਕੁੱਟ ਕਰਨ ਉਪਰੰਤ ਮੌਕੇ ਤੋਂ ਪੁਲਿਸ ਦੀ ਹਾਜਰੀ ਵਿਚ ਹੀ ਚਲੇ ਗਏ ਲੇਕਿਨ ਬਾਅਦ ਵਿਚ ਜਦੋਂ ਅਗਰਵਾਲ ਪਰਿਵਾਰ ਦੇ ਜਖਮੀ ਮੈਂਬਰ ਇਲਾਜ ਲਈ ਹਸਪਤਾਲ ਪੁੱਜੇ ਤਦ ਬਬਲੂ ਜੋਸ਼ ਇਕ ਵਾਰ ਫਿਰ ਸਾਥੀਆਂ ਨਾਲ ਹਸਪਤਾਲ ਪੁੱਜ ਗਿਆ ਤੇ ਉੱਥੇ ਫਿਰ ਕੁੱਟਮਾਰ ਸ਼ੁਰੂ ਕਰ ਦਿੱਤੀ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਮੌਕੇ ’ਤੇ ਐਸ.ਐਚ.ਓ. ਬਲਵਿੰਦਰ ਸਿੰਘ ਜੌੜਾ ਵੀ ਪਹੁੰਚ ਗਏ ਲੇਕਿਨ ਉਨਾਂ ਨੇ ਸਾਬਕਾ ਮੰਤਰੀ ਦੇ ਬੇਟੇ ਬਬਲੂ ਜੋਸ਼ ਨੂੰ ਫੜਨ ਦੀ ਬਜਾਏ ਮੌਕੇ ਤੋਂ ਭਜਾ ਦਿੱਤਾ ਤੇ ਇਸ ਕੁਤਾਹੀ ਕਾਰਨ ਉਨਾਂ ਨੂੰ ਲਾਈਨ ਹਾਜਰ ਕਰ ਦਿੱਤਾ ਗਿਆ ਹੈ। ਇਸ ਮਾਮਲੇ ਪ੍ਰਤੀ ਬਬਲੂ ਜੋਸ਼ ਨੇ ਮੀਡੀਆ ਕੋਲ ਆਪਣਾ ਪੱਖ ਰੱਖਦੇ ਹੋਏ ਕਿਹਾ ਹੈ ਕਿ ਉਨਾਂ ਦੀ ਕੋਈ ਗਲਤੀ ਨਹੀਂ ਹੈ ਤੇ ਭਾਨੂੰ ਅਗਰਵਾਲ ਨੇ ਹੀ ਸਾਨੂੰ ਗਾਲ ਕੱਢ ਕੇ ਇਹ ਵਿਵਾਦ ਪੈਦਾ ਕੀਤਾ।
ਜੇ ਭਤੀਜਾ ਹੈ ਤਾਂ ਭੂਤਰੇ ਨੂੰ ਨੱਥ ਪਾ ਕੇ ਰੱਖ ਬੀਬੀ
ਜਿਸ ਪਰਿਵਾਰ ਨੂੰ ਬਬਲੂ ਜੋਸ਼ ਵੱਲੋਂ ਨਿਸ਼ਾਨਾ ਬਣਾਇਆ ਗਿਆ ਉਸ ਪਰਿਵਾਰ ਦੀ ਨੇੜਤਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨਾਲ ਹੈ ਤੇ ਅਰੋੜਾ ਨੇ ਪੁਲਿਸ ਨੂੰ ਤੁਰੰਤ ਕਾਰਵਾਈ ਕਰਨ ਲਈ ਕਿਹਾ ਸੀ ਤੇ ਇਸੇ ਦੌਰਾਨ ਹੀ ਬੀਬੀ ਮਹਿੰਦਰ ਕੌਰ ਜੋਸ਼ ਨੇ ਮੰਤਰੀ ਅਰੋੜਾ ਨੂੰ ਮਾਮਲਾ ਸਲਝਾਉਣ ਲਈ ਫੋਨ ਕਰਦੇ ਹੋਏ ਕਿਹਾ ਕਿ, ਅਰੋੜਾ ਸਾਹਿਬ ਬਬਲੂ ਤਾਂ ਤੁਹਾਡਾ ਭਤੀਜਾ ਹੈ ਜਿਸ ਦੇ ਜਵਾਬ ਵਿਚ ਅਰੋੜਾ ਨੇ ਅੱਗਿਓ ਬੀਬੀ ਜੋਸ਼ ਨੂੰ ਖਰੀਆਂ-ਖਰੀਆਂ ਸੁਣਾਉਦੇ ਹੋਏ ਕਿਹਾ ਕਿ ਜੇਕਰ ਭਤੀਜਾ ਹੈ ਤਾਂ ਬੀਬੀ ਇਸ ਭੂਤਰੇ ਨੂੰ ਨੱਥ ਪਾ ਕੇ ਰੱਖ, ਬਦਮਾਸ਼ੀ ਮੈਂ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰਨੀ ਤੇ ਯਾਦ ਰੱਖੋ ਕਿ ਹੁਣ ਸਰਕਾਰ ਕਾਂਗਰਸ ਦੀ ਹੈ। ਇੱਥੇ ਜਿਕਰਯੋਗ ਹੈ ਕਿ ਬਬਲੂ ਜੋਸ਼ ਨੇ ਪਹਿਲੀ ਵਾਰ ਰਸਤੇ ’ਤੇ ਜਾਂਦਿਆਂ ਕਿਸੇ ਨੂੰ ਆਪਣੀ ਬਦਮਾਸ਼ੀ ਦਾ ਸ਼ਿਕਾਰ ਨਹੀਂ ਬਣਾਇਆ ਸਗੋ ਇਸ ਤੋਂ ਪਹਿਲਾ ਵੀ ਬਬਲੂ ਜੋਸ਼ ਸੜਕਾਂ ’ਤੇ ਲੋਕਾਂ ਨਾਲ ਗੁੱਥਮਗੁੱਥਾ ਹੁੰਦਾ ਲੋਕਾਂ ਨੇ ਆਮ ਦੇਖਿਆ ਹੈ, ਲੇਕਿਨ ਜਦੋਂ ਵੀ ਬਬਲੂ ਨੂੰ ਅੱਗਿਓ ਕੋਈ ਤੱਕੜਾ ਟੱਕਰਦਾ ਰਿਹਾ ਹੈ ਤਦ-ਤਦ ਇਹ ਜਾਨ ਬਚਾ ਕੇ ਭੱਜਣ ਵਾਲਿਆਂ ਵਿਚ ਵੀ ਮਸ਼ਹੂਰ ਹੈ। ਇਹ ਵੀ ਵਰਨਣਯੋਗ ਹੈ ਕਿ ਬੀਬੀ ਜੋਸ਼ ’ਤੇ ਅਕਾਲੀ ਦਲ ਦੀ ਸਰਕਾਰ ਸਮੇਂ ਕਈ ਲੋਕਾਂ ’ਤੇ ਝੂਠੇ ਪਰਚੇ ਦਰਜ ਕਰਵਾਉਣ ਦੇ ਦੋਸ਼ ਵੀ ਲੱਗਦੇ ਰਹੇ ਸਨ ਤੇ ਇਸੇ ਵਜਾਂ ਕਰਕੇ ਹੀ ਬੀਬੀ ਜੋਸ਼ 2017 ਦੀਆਂ ਵਿਧਾਨ ਸਭਾ ਚੋਣਾ ਵਿਚ ਤੀਸਰੇ ਨੰਬਰ ’ਤੇ ਰਹੀ ਸੀ। ਬਬਲੂ ਦੀ ਇਸ ਤਾਜਾ ਹਰਕਤ ਨੇ ਮਹਿੰਦਰ ਕੌਰ ਜੋਸ਼ ਦੀ ਅਗਾਮੀ ਵਿਧਾਨ ਸਭਾ ਚੋਣਾ ਲਈ ਅਕਾਲੀ ਦਲ ਦੀ ਟਿਕਟ ਨੂੰ ਵੀ ਮੁਸ਼ਕਿਲ ਵਿਚ ਪਾ ਦਿੱਤਾ ਹੈ।


ਪੁਲਿਸ ਵੱਲੋਂ ਜੋਸ਼ ਦੇ ਘਰ ਛਾਪੇਮਾਰੀ
ਇਸ ਮਾਮਲੇ ਵਿਚ ਥਾਣਾ ਸਿਟੀ ਦੀ ਪੁਲਿਸ ਨੇ ਆਯੂਸ਼ ਅਗਰਵਾਲ ਪੁੱਤਰ ਭਾਨੂ ਅਗਰਵਾਲ ਦੀ ਸ਼ਿਕਾਇਤ ’ਤੇ ਬਬਲੂ ਜੋਸ਼,ਵਿੱਕੀ ਤੇ ਸੁਖਵਿੰਦਰ ਸਿੰਘ ਦੇ ਖਿਲਾਫ ਧਾਰਾ-452, 354, 323, 506 ਤੇ 427, 34 ਆਈਪੀਸੀ ਤਹਿਤ ਮਾਮਲਾ ਦਰਜ ਕਰਦੇ ਹੋਏ ਮੁਲਜਿਮਾਂ ਦੀ ਗਿ੍ਰਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਸੂਤਰਾਂ ਮੁਤਾਬਿਕ ਸਵੇਰੇ ਪੁਲਿਸ ਦੀ ਇਕ ਪਾਰਟੀ ਬੀਬੀ ਮਹਿੰਦਰ ਕੌਰ ਜੋਸ਼ ਦੇ ਘਰ ਬਬਲੂ ਜੋਸ਼ ਨੂੰ ਗਿ੍ਰਫਤਾਰ ਕਰਨ ਪੁੱਜੀ ਸੀ ਲੇਕਿਨ ਉਹ ਪੁਲਿਸ ਦੇ ਪੁੱਜਣ ਤੋਂ ਪਹਿਲਾ ਹੀ ਫਰਾਰ ਹੋ ਚੁੱਕਾ ਸੀ।
ਸੀਸੀਟੀਵੀ ਫੁਟੇਜ ਵਧਾ ਸਕਦੀ ਹੈ ਮੁਲਜਿਮਾਂ ਦੀ ਪ੍ਰੇਸ਼ਾਨੀ
ਰੇਲਵੇ ਰੋਡ ’ਤੇ ਜਿਸ ਜਗਾਂ ਬਬਲੂ ਜੋਸ਼ ਤੇ ਉਸ ਦੇ ਸਾਥੀਆਂ ਨੇ ਅਗਰਵਾਲ ਪਰਿਵਾਰ ਦੇ ਮੈਂਬਰਾਂ ਨਾਲ ਕੁੱਟਮਾਰ ਕਰਦੇ ਹੋਏ ਉਨਾਂ ਦੀ ਦੁਕਾਨ ਅੰਦਰ ਭੰਨਤੋੜ ਕੀਤੀ ਪੁਲਿਸ ਵੱਲੋਂ ਦੁਕਾਨ ਦੇ ਬਾਹਰ ਤੇ ਆਸਪਾਸ ਦੀਆਂ ਦੁਕਾਨਾਂ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਇਕੱਠੀ ਕੀਤੀ ਜਾ ਰਹੀ ਹੈ ਤੇ ਇਸੇ ਤਰਾਂ ਸਿਵਲ ਹਸਪਤਾਲ ਤੋਂ ਵੀ ਫੁਟੇਜ ਲਈ ਜਾ ਰਹੀ ਹੈ। ਪੁਲਿਸ ਸੂਤਰਾਂ ਮੁਤਾਬਿਕ ਫੁਟੇਜ ਦੇ ਆਧਾਰ ’ਤੇ ਆਉਣ ਵਾਲੇ ਸਮੇਂ ਵਿਚ ਪਹਿਲਾ ਜੋ ਮਾਮਲਾ ਦਰਜ ਕੀਤਾ ਗਿਆ ਹੈ ਉਸ ਵਿਚ ਪੁਲਿਸ ਵੱਲੋਂ ਜੁਰਮ ਵਾਧਾ ਕਰਦੇ ਹੋਏ ਕੁਝ ਹੋਰ ਧਾਰਾਵਾਂ ਵੀ ਜੋੜੀਆਂ ਜਾ ਸਕਦੀਆਂ ਨੇ ਜਿਸ ਨਾਲ ਮੁਲਜਿਮਾਂ ਦੀਆਂ ਮੁਸ਼ਕਿਲਾਂ ਵੱਧ ਜਾਣਗੀਆਂ।