ਸਲੱਗ ਲਾਈਨ ਬਰਿਆਣਾ-
ਚੱਬੇਵਾਲ (ਹੁਸ਼ਿਆਰਪੁਰ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਿੱਤ ਦਿਨ ਗੈਰ-ਕਾਨੂੰਨੀ ਮਾਈਨਿੰਗ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਤਾਂ ਠੋਕਦੇ ਰਹੇ ਹਨ ਲੇਕਿਨ ਇਨਾਂ ਬਿਆਨਾਂ ਦੀ ਹਕੀਕਤ ਮੌਜੂਦਾ ਹਾਲਾਤ ਤੋਂ ਦੂਰ ਹੈ ਤੇ ਰੇਤ ਦੀਆਂ ਖੱਡਾਂ ਹੁਣ ਗੋਲਡ ਮਾਈਨ ਬਣ ਚੁੱਕੀਆਂ ਹਨ ਤੇ ਕਾਂਗਰਸ ਦੇ ਵਿਧਾਇਕ ਤੇ ਮਾਈਨਿੰਗ ਮਾਫੀਆ ਕੈਪਟਨ ਅਮਰਿੰਦਰ ਸਿੰਘ ਦੇ ਦਾਅਵਿਆਂ ਨੂੰ ਪੂਰੀ ਤਰਾਂ ਠੇਂਗਾ ਦਿਖਾ ਰਹੇ ਹਨ, ਅਜਿਹੀ ਮਿਸਾਲ ਜਿਲਾਂ ਹੁਸ਼ਿਆਰਪੁਰ ਦੇ ਵਿਧਾਨ ਸਭਾ ਹਲਕਾ ਚੱਬੇਵਾਲ ਵਿਚ ਦੇਖਣ ਨੂੰ ਮਿਲ ਰਹੀ ਹੈ ਕਿ ਕਿਸ ਤਰਾਂ ਲੀਗਲ ਖੱਡ ਦੀ ਆੜ ਹੇਠ ਕਈ ਏਕੜ ਜਿਆਦਾ ਨਜਾਇਜ ਮਾਈਨਿੰਗ ਕਰ ਦਿੱਤੀ ਗਈ ਹੈ ਤੇ ਇੱਥੇ ਇਹ ਗੱਲ ਜਿਕਰਯੋਗ ਹੈ ਕਿ ਚੱਬੇਵਾਲ ਹਲਕੇ ਤੋਂ ਡਾ. ਰਾਜ ਕੁਮਾਰ ਚੱਬੇਵਾਲ ਕਾਂਗਰਸੀ ਵਿਧਾਇਕ ਹਨ ਜਿਨਾਂ ਨੇ ਸ਼ੁਰੂਆਤੀ ਦਿਨਾਂ ਵਿਚ ਇਹ ਵੱਡੇ-ਵੱਡੇ ਦਾਅਵੇ ਕੀਤੇ ਸਨ ਕਿ ਉਹ ਹਲਕੇ ਵਿਚ ਨਜਾਇਜ ਮਾਈਨਿੰਗ ਨਹੀਂ ਹੋਣ ਦੇਣਗੇ ਲੇਕਿਨ ਪਿਛਲੇ ਚਾਰ ਸਾਲਾਂ ਤੋਂ ਉਹ ਇਸ ਮਾਮਲੇ ’ਤੇ ਬਿਲਕੁਲ ਖਾਮੋਸ਼ ਹਨ। ਇਹ ਸਾਰਾ ਕੁਝ ਜਿਲਾਂ ਪ੍ਰਸ਼ਾਸਨ ਤੇ ਮਾਈਨਿੰਗ ਵਿਭਾਗ ਦੇ ਨੱਕ ਹੇਠ ਇਸ ਕਰਕੇ ਹੋ ਰਿਹਾ ਹੈ ਕਿਉਕਿ ਇਲਾਕੇ ਨਾਲ ਸਬੰਧਿਤ ਇਕ ਬੜੇ ਕਾਂਗਰਸੀ ਆਗੂ ਦਾ ਭਰਾ ਇਹ ਸਾਰਾ ਕਾਰੋਬਾਰ ਚਲਾ ਰਿਹਾ ਹੈ। ਚੱਬੇਵਾਲ ਵਿਧਾਨ ਸਭਾ ਹਲਕੇ ਦੇ ਵਿਚ ਪੈਂਦੇ ਪਿੰਡ ਬਜਰਾਵਰ ਵਿਚ ਪਿਛਲੇ ਸਾਲ ਇਸੇ ਪਿੰਡ ਵਿਚ ਪੈਂਦੇ ਇਤਹਾਸਿਕ ਗੁਰਦੁਆਰਾ ਹਰੀਆਂ ਵੇਲਾਂ ਦੇ ਨਜਦੀਕ ਪੈਂਦੀ ਚੋ ਦੀ ਜਮੀਨ ਵਿਚੋ ਰੇਤ ਚੁੱਕਣ ਲਈ ਮਹਿਜ 2 ਏਕੜ ਜਮੀਨ ਤੋਂ ਵੀ ਘੱਟ ਦੀ ਸਰਕਾਰੀ ਬੋਲੀ ਹੋਈ ਸੀ ਤੇ ਇਸ ਦਾ ਠੇਕਾ ਪ੍ਰਾਈਮ ਵਿਜਨ ਕੰਪਨੀ ਦੇ ਨਾਮ ਗਿਆ ਸੀ। ਬਜਰਾਵਰ ਵਿਖੇ ਮਹਿਜ 1.90 ਏਕੜ ਜਮੀਨ ਦੀ ਬੋਲੀ ਹੋਈ ਸੀ ਜਿਸ ਵਿਚੋ 305 ਮੀਟਰਕ ਟਨ ਹੀ ਰੇਤ ਚੁੱਕੀ ਜਾਣੀ ਸੀ ਤੇ ਜਿਹੜੀ ਜਮੀਨ ਦੀ ਬੋਲੀ ਹੋਈ ਸੀ ਉਹ ਗੁਰਦੁਆਰਾ ਹਰੀਆਂ ਵੇਲਾਂ ਸਾਹਿਬ ਦੇ ਚੜਦੇ ਪਾਸੇ ਮੌਜੂਦ ਹੈ ਲੇਕਿਨ ‘ਦ ਐਡੀਟਰ ਦੀ ਟੀਮ ਵੱਲੋਂ ਜਦੋਂ ਮੌਕੇ ’ਤੇ ਪਹੁੰਚ ਕੇ ਦੇਖਿਆ ਗਿਆ ਤਾਂ ਗੁਰਦੁਆਰਾ ਸਾਹਿਬ ਦੇ ਲਹਿੰਦੇ ਤੇ ਚੜਦੇ ਪਾਸੇ ਲੱਗਭੱਗ 20-25 ਏਕੜ ਜਮੀਨ ਵਿਚੋਂ ਕਰੀਬ 20-20 ਫੁੱਟ ਡੂੰਘੀ ਨਜਾਇਜ ਮਾਈਨਿੰਗ ਕਰ ਦਿੱਤੀ ਗਈ ਹੈ ਜਦੋਂ ਕਿ ਨਿਯਮਾਂ ਮੁਤਾਬਿਕ 5 ਫੁੱਟ ਤੋਂ ਜਿਆਦਾ ਮਾਈਨਿੰਗ ਨਹੀਂ ਕੀਤੀ ਜਾ ਸਕਦੀ। ਤਕਰੀਬਨ ਹਰ ਰੋਜ 50 ਟਰਾਲੀਆਂ ਤੇ 25 ਤੋਂ ਲੈ ਕੇ 30 ਤੱਕ ਟਿੱਪਰ ਇੱਥੋ ਰੇਤ ਲੈ ਕੇ ਜਾ ਰਹੇ ਹਨ ਤੇ ਹਰ ਦਿਨ ਇੱਥੋ 8 ਤੋਂ ਲੈ ਕੇ 10 ਲੱਖ ਰੁਪਏ ਤੱਕ ਦੀ ਨਜਾਇਜ ਮਾਈਨਿੰਗ ਹੋ ਰਹੀ ਹੈ ਤੇ ਇਹ ਸਿਲਸਿਲਾ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਿਹਾ ਹੈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਇੱਥੋ 1700 ਤੋਂ ਲੈ ਕੇ 2200 ਰੁਪਏ ਤੱਕ ਪ੍ਰਤੀ ਸੈਂਕੜਾ ਰੇਤ ਦਾ ਵਸੂਲਿਆ ਜਾਂਦਾ ਹੈ ਤੇ ਜੇਕਰ ਮੌਕੇ ਤੋਂ ਕੀਤੀ ਗਈ ਸਾਰੀ ਮਾਈਨਿੰਗ ਦਾ ਹਿਸਾਬ ਲਾਇਆ ਜਾਵੇ ਤਾਂ ਇੱਥੋ 50 ਕਰੋੜ ਤੋਂ ਜਿਆਦਾ ਦੀ ਰੇਤ ਚੋਰੀ ਹੋ ਚੁੱਕੀ ਹੈ ਤੇ ਇਹ ਸਾਰਾ ਗੋਰਖਧੰਦਾ ਸਥਾਨਕ ਪੁਲਿਸ ਤੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਦਾ ਨਤੀਜਾ ਹੈ। ਦੱਸਿਆ ਜਾਂਦਾ ਹੈ ਕਿ ਇਸ ਵਿਚੋ ਵੱਡਾ ਹਿੱਸਾ ਕਾਂਗਰਸੀ ਆਗੂ ਦਾ ਭਰਾ ਲੈ ਜਾਂਦਾ ਹੈ, ਇੱਥੇ ਜਿਕਰਯੋਗ ਹੈ ਕਿ ਇਸ ਭਰਾ ਦੇ ਨਾਮ ਦੀ ਚਰਚਾ ਪੂਰੇ ਹਲਕੇ ਵਿਚ ਹੋ ਰਹੀ ਹੈ। ਇੱਥੇ ਇਹ ਜਿਕਰਯੋਗ ਹੈ ਕਿ ਇਹ ਠੇਕਾ ਜਸਵੀਰ ਕੌਰ ਚੱਢਾ ਦੀ ਕੰਪਨੀ ਪ੍ਰਾਈਮ ਵਿਜਨ ਨੇ ਲਿਆ ਹੋਇਆ ਹੈ ਤੇ ਪੂਰੇ ਪੰਜਾਬ ਵਿਚ ਮਾਈਨਿੰਗ ਤੇ ਕਬਜਾ ਮੈਡਮ ਚੱਢਾ ਦਾ ਹੀ ਹੈ।
ਮਾਈਨਿੰਗ ਵਿਭਾਗ ਦਾ ਅਧਿਕਾਰੀ ਪਾਉਦਾ ਰਿਹਾ ਪਰਦਾ
ਜਦੋਂ ਇਸ ਬਾਰੇ ਮਾਈਨਿੰਗ ਵਿਭਾਗ ਦੇ ਇੰਸਪੈਕਟਰ ਹਰਮਿੰਦਰ ਸਿੰਘ ਜੋ ਕਿ ਇਸ ਨਜਾਇਜ ਮਾਈਨਿੰਗ ਲਈ ਸਿੱਧੇ ਤੌਰ ’ਤੇ ਜਿੰਮੇਵਾਰ ਹੈ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਪਹਿਲਾ ਜਵਾਬ ਬੜੇ ਧੜੱਲੇ ਨਾਲ ਦਿੰਦਿਆ ਕਿਹਾ ਕਿ ਬਜਰਾਵਰ ਵਿਚ ਤਾਂ ਸਾਡੀ ਕਾਨੂੰਨੀ ਖੱਡ ਚੱਲ ਰਹੀ ਹੈ ਲੇਕਿਨ ਜਦੋਂ ਉਸ ਨੂੰ ਇਹ ਪੁੱਛਿਆ ਗਿਆ ਕਿ ਕਿੰਨੇ ਏਰੀਏ ਦੀ ਸਰਕਾਰੀ ਬੋਲੀ ਹੋਈ ਹੈ ਤਾਂ ਉਸਨੇ ਕਿਹਾ ਕਿ ਮੈਨੂੰ ਇਸ ਦੀ ਜਾਣਕਾਰੀ ਨਹੀਂ ਹੈ, ਤੁਸੀਂ ਵੈਬਸਾਈਟ ਤੋਂ ਦੇਖ ਸਕਦੇ ਹੋ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸ ਅਧਿਕਾਰੀ ’ਤੇ ਕਾਂਗਰਸੀ ਆਗੂਆਂ ਦਾ ਖੌਫ ਸਾਫ ਦਿਖਾਈ ਦੇ ਰਿਹਾ ਸੀ ਕਿਉਕਿ ਜਦੋਂ ਉਸ ਨੂੰ ਇਹ ਦੱਸਿਆ ਗਿਆ ਕਿ ਉੱਥੇ ਵੱਡੇ ਪੱਧਰ ’ਤੇ ਨਜਾਇਜ ਮਾਈਨਿੰਗ ਹੋ ਗਈ ਹੈ ਤਾਂ ਉਸ ਨੇ ਖਹਿੜਾ ਛਡਾਉਦੇ ਹੋਏ ਕਿਹਾ ਕਿ ਮੇਰੀ ਤਾਂ ਡਿਊਟੀ ਜਿਆਦਾਤਰ ਭੱਠਿਆਂ ’ਤੇ ਹੈ ਤੇ ਜਦੋਂ ਉਸ ਨੂੰ ਭੱਠਿਆਂ ਲਈ ਹੁੰਦੀ ਨਜਾਇਜ ਮਾਈਨਿੰਗ ਪ੍ਰਤੀ ਵੀ ਦੱਸਿਆ ਗਿਆ ਕਿ ਕਿੱਥੇ-ਕਿੱਥੇ ਮਿੱਟੀ ਦੀ ਨਜਾਇਜ ਮਾਈਨਿੰਗ ਹੋ ਰਹੀ ਹੈ ਤਾਂ ਹਰਮਿੰਦਰ ਸਿੰਘ ਨੇ ਕਿਹਾ ਕਿ ਮੈਂ ਵੱਡੇ ਅਧਿਕਾਰੀਆਂ ਦੀ ਆਗਿਆ ਤੋਂ ਬਿਨਾਂ ਕਿਤੇ ਨਹੀਂ ਜਾ ਸਕਦਾ, ਜਦੋਂ ਵੱਡੇ ਅਧਿਕਾਰੀਆਂ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਮੈਨੂੰ ਕਿਸੇ ਵੀ ਅਧਿਕਾਰੀ ਬਾਰੇ ਜਾਣਕਾਰੀ ਨਹੀਂ ਹੈ।
ਪੂਰੇ ਚੱਬੇਵਾਲ ਹਲਕੇ ਵਿਚ ਹੋ ਰਹੀ ਹੈ ਨਜਾਇਜ ਮਾਈਨਿੰਗ-ਠੰਡਲ
ਅਕਾਲੀ ਦਲ ਦੇ ਸਾਬਕਾ ਮੰਤਰੀ ਸੋਹਣ ਸਿੰਘ ਠੰਡਲ ਨੇ ਕਿਹਾ ਕਿ ਬਜਰਾਵਰ ਹੀ ਨਹੀਂ ਬਲਕਿ ਪੂਰੇ ਚੱਬੇਵਾਲ ਹਲਕੇ ਵਿਚ ਹੀ ਨਜਾਇਜ ਮਾਈਨਿੰਗ ਹੋ ਰਹੀ ਹੈ ਤੇ ਇਸ ਵਿਚ ਸੱਤਾਧਾਰੀ ਪਾਰਟੀ ਦੇ ਨੇਤਾ ਸ਼ਾਮਿਲ ਹਨ।


ਉਨਾਂ ਕਿਹਾ ਕਿ ਪਿੰਡ ਮੈਲੀ ਵਿਚ ਵੱਡੇ ਪੱਧਰ ’ਤੇ ਨਜਾਇਜ ਦਰੱਖਤ ਵੱਢੇ ਗਏ ਹਨ ਤੇ ਨਜਾਇਜ ਕੰਮਾਂ ਵਿਚ ਸਾਰੀ ਸਰਕਾਰ ਹੀ ਮਿਲੀ ਹੋਈ ਹੈ ਤੇ ਹੁਣ ਸਵਾਲ ਇਹ ਹੈ ਕਿ ਲੋਕ ਸ਼ਿਕਾਇਤ ਕਰਨ ਤਾਂ ਕਿੱਥੇ ਕਰਨ।
ਸਰਕਾਰੀ ਖਜਾਨੇ ਨੂੰ ਲਗਾਇਆ ਗਿਆ ਚੂਨਾ-ਸੰਧੂ
ਆਪ ਦੇ ਹਲਕਾ ਚੱਬੇਵਾਲ ਤੋਂ ਇੰਚਾਰਜ ਹਰਮਿੰਦਰ ਸਿੰਘ ਸੰਧੂ ਨੇ ਕਿਹਾ ਕਿ ਮਾਈਨਿੰਗ ਦੇ ਠੇਕੇਦਾਰ ਮੇਰੇ ਕੋਲ ਆਏ ਸਨ ਤੇ ਕਹਿ ਰਹੇ ਸਨ ਕਿ ਸਾਨੂੰ ਚੱਬੇਵਾਲ ਕਸਬੇ ਵਿਚੋ ਲੰਘਣ ਲਈ ਰਸਤਾ ਦਿੱਤਾ ਜਾਵੇ ਲੇਕਿਨ ਮੈਂ ਉਨਾਂ ਨੂੰ ਸਪੱਸ਼ਟ ਕੀਤਾ ਸੀ ਕਿ ਤੁਸੀਂ ਉੱਥੋ ਦੀ ਗੱਡੀਆਂ ਲੈ ਕੇ ਜਾਓ ਜਿੱਥੋ ਦੇ ਤੁਸੀਂ ਨਕਸ਼ੇ ਪਾਸ ਕਰਵਾਏ ਹਨ।
ਉਨਾਂ ਇਹ ਵੀ ਕਿਹਾ ਕਿ ਸਰਕਾਰੀ ਸ਼ਹਿ ’ਤੇ ਸਰਕਾਰੀ ਖਜਾਨੇ ਦੀ ਲੁੱਟ ਹੋ ਰਹੀ ਹੈ ਤੇ ਇਸ ਹਲਕੇ ਦੇ ਮੌਜੂਦਾ ਰਹਿਨੁਮਾ ਨੇ ਹਲਕੇ ਵਿਚ ਵੱਡੇ ਪੱਧਰ ’ਤੇ ਲੁੱਟ ਮਚਾਈ ਹੋਈ ਹੈ।