ਦਾ ਐਡੀਟਰ ਨਿਊਜ਼, ਮੱਖੂ ——- ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਬੁਲਾਰੇ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਹੈ ਕਿ ਲੰਘੀਆਂ ਚੋਣਾਂ ਦੌਰਾਨ ਪੰਜਾਬ ਦੀਆਂ ਸਹਿਕਾਰੀ ਸਭਾਵਾਂ ਨੂੰ ਸਪਲਾਈ ਹੋਣ ਵਾਲੀ ਡੀਏਪੀ ਦੇ ਨਮੂਨਿਆਂ ਦੀ ਜਾਂਚ ਕੀਤੀ ਗਈ, ਜਿਸ ਦੇ ਨਮੂਨੇ ਫੇਲ੍ਹ ਪਾਏ ਗਏ, ਇਸ ਨਕਲੀ ਡੀਏਪੀ ਦੇ ਘੁਟਾਲੇ ਦੀ ਪਹਿਲਾਂ ਖੇਤੀਬਾੜੀ ਮਹਿਕਮੇ ਦੇ ਉੱਚ ਅਧਿਕਾਰੀਆਂ ਵੱਲੋੰ ਅੰਦਰੇ ਹੀ ਦਬਾਉਣ ਦੀ ਕੋਸ਼ਿਸ਼ ਵੀ ਕੀਤੀ ਗਈ, ਪਰ ਇਹ ਮਾਮਲਾ ਹੁਣ ਜਨਤਕ ਹੋਣ ‘ਤੇ ਪੰਜਾਬ ਦਾ ਖੇਤੀਬਾੜੀ ਵਿਭਾਗ ਸ਼ੱਕ ਦੇ ਘੇਰੇ ‘ਚ ਹੈ ਤੇ ਖੇਤੀਬਾੜੀ ਮੰਤਰੀ ਵੱਲੋਂ ਇਸ ਮੁੱਦੇ ਨੂੰ ਠੰਢੇ ਬਸਤੇ ਪਾਉਣ ਲਈ ਡੀਏਪੀ ਸਪਲਾਈ ਕਰਨ ਵਾਲੀਆਂ ਦੋ ਕੰਪਨੀਆਂ ‘ਤੇ ਬੈਨ ਲਗਾ ਦਿੱਤਾ ਗਿਆ ਹੈ, ਪਰ ਕੀ ਇਹ ਅਸਲ ਮੁੱਦੇ ਦਾ ਹੱਲ ਹੈ ?
ਕਰਨੈਲ ਸਿੰਘ ਪੀਰਮੁਹੰਮਦ ਨੇ ਇਸ ਡੀ ਏ ਪੀ ਘੁਟਾਲੇ ਬਾਰੇ ਸਖਤ ਕਾਰਵਾਈ ਦੀ ਮੰਗ ਕਰਦਿਆ ਕਿਹਾ ਕਿ ਇਸ ਸਮੇ ਸੂਬੇ ਵਿੱਚ ਭਾਰੀ ਮੀਂਹ ਦੇ ਚੱਲਦਿਆਂ ਝੋਨਾ ਡੁੱਬ ਚੁੱਕਿਆ ਹੈ ਤੇ ਨਰਮੇ ਦੀ ਫਸਲ ਨੂੰ ਗੁਲਾਬੀ ਸੁੰਡੀ ਪੈਣ ਕਰਕੇ ਕਿਸਾਨਾਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ, ਸੂਬੇ ਦੀ ਆਪ ਸਰਕਾਰ ਕਿਸਾਨਾਂ ਦੀ ਸਾਰ ਲੈਣ ਦੀ ਬਜਾਇ ਟੋਟਕਿਆਂ ਨਾਲ ਕੰਮ ਚਲਾਉਣ ਬਾਰੇ ਸੋਚ ਰਹੀ ਹੈ। ਕਿਸਾਨਾਂ ਨੂੰ ਫਸਲੀ ਚੱਕਰ ‘ਚੋਂ ਕੱਢਣ ਤੇ ਖੇਤੀਬਾੜੀ ਦੇ ਸੁਧਾਰ ਲਈ ਸਰਕਾਰ ਵੱਲੋਂ ਕੋਈ ਪੁਖਤਾ ਕਦਮ ਨਹੀਂ ਚੁੱਕੇ ਜਾ ਰਹੇ।