ਦਿੱਲੀ/ਹੁਸ਼ਿਆਰਪੁਰ। ਕੇਂਦਰ ਸਰਕਾਰ ਵੱਲੋਂ ਕਿਸਾਨੀ ਸਬੰਧੀ ਬਣਾਏ ਕਾਨੂੰਨਾਂ ਦਾ ਦਿੱਲੀ ਦੇ ਸਿੰਘੂ ਬਾਰਡਰ ‘ਤੇ ਵਿਰੋਧ ਕਰ ਰਹੇ ਕਿਸਾਨਾਂ ਵਿਚ ਜਿਲਾਂ ਹੁਸ਼ਿਆਰਪੁਰ ਨਾਲ ਸਬੰਧਿਤ ਕਿਸਾਨਾਂ ਵੱਲੋਂ ਵੀ ਮੋਹਰੀ ਭੂਮਿਕਾ ਨਿਭਾਈ ਜਾ ਰਹੀ ਹੈ। ਜਿਲੇ ਦੇ ਪਿੰਡ ਸੱਜਣਾ ਦੇ ਸਰਪੰਚ ਪਰਵਿੰਦਰ ਸਿੰਘ ਸੱਜਣਾਂ ਨੇ ਦਿੱਲੀ ਕਿਸਾਨ ਮੋਰਚੇ ਤੋਂ ਗੱਲਬਾਤ ਕਰਦੇ ਹੋਏ ਕਿਹਾ ਕਿ ਅੰਦੋਲਨ ਵਿਚ ਮੌਜੂਦ ਕਿਸਾਨਾਂ ਦੇ ਹੌਸਲੇ ਬੁਲੰਦ ਹਨ।
ਉਨਾਂ ਦੱਸਿਆ ਕਿ ਜਿਲੇ ਤੋਂ ਰੋਜਾਨਾ ਵੱਡੀ ਗਿਣਤੀ ਵਿਚ ਕਿਸਾਨ ਦਿੱਲੀ ਪਹੁੰਚ ਰਹੇ ਹਨ ਤੇ ਨਾਲ ਹੀ ਰੋਜਾਨਾ ਵਰਤੋ ਵਿਚ ਆਉਣ ਵਾਲਾ ਸਮਾਨ ਉੱਥੇ ਪਹੁੰਚਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਹੁਣ ਤਦ ਤੱਕ ਦਿੱਲੀ ਤੋਂ ਵਾਪਿਸ ਨਹੀਂ ਆਉਣਗੇ ਜਦੋਂ ਤੱਕ ਕੇਂਦਰ ਸਰਕਾਰ ਕਿਸਾਨਾਂ ਦੀ ਗੱਲ ਮੰਨ ਨਹੀਂ ਲੈਂਦੀ। ਸਿੰਘੂ ਬਾਰਡਰ ਤੋਂ ਹੀ ਸਵਰਨ ਸਿੰਘ ਧੁੱਗਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕਾਦੀਆ ਜਿਲਾਂ ਹੁਸ਼ਿਆਰਪੁਰ ਨੇ ਕਿਹਾ ਕਿ ਭਾਵੇਂ ਰੋਜਾਨਾ ਠੰਡ ਵੱਧ ਰਹੀ ਹੈ ਲੇਕਿਨ ਇਸਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ ਹਨ ਤੇ ਰੋਜਾਨਾ ਕਿਸਾਨ ਆਪਣੀ ਰੋਟੀ-ਟੁੱਕ ਕਰਨ ਤੋਂ ਉਪਰੰਤ ਕਿਸਾਨ ਅੰਦੋਲਨ ਦੇ ਲੱਗੇ ਹੋਏ ਮੁੱਖ ਪੰਡਾਲ ਵਿਚ ਆਪਣੀ ਹਾਜਰੀ ਲਗਾ ਰਹੇ ਹਨ ਤੇ ਜਦੋਂ ਵੀ ਜਥੇਬੰਦੀਆਂ ਦੇ ਆਗੂਆਂ ਵੱਲੋਂ ਹੁਕਮ ਹੋਇਆ ਤਦ ਦਿੱਲੀ ਦੇ ਦੂਜੇ ਬਾਰਡਰਾਂ ਦੀ ਘੇਰਾਬੰਦੀ ਵੀ ਸ਼ੁਰੂ ਕਰ ਦਿੱਤੀ ਜਾਵੇਗੀ, ਉਨਾਂ ਜਿਲੇ ਨਾਲ ਸਬੰਧਿਤ ਉਨਾਂ ਨੌਜਵਾਨਾਂ ਨੂੰ ਦਿੱਲੀ ਪਹੁੰਚਣ ਦੀ ਅਪੀਲ ਕੀਤੀ ਜੋ ਹੁਣ ਤੱਕ ਦਿੱਲੀ ਸੰਘਰਸ਼ ਦਾ ਹਿੱਸਾ ਨਹੀਂ ਬਣੇ। ਇਸ ਸਮੇਂ ਜਸਵੀਰ ਸਿੰਘ ਚੱਕੋਵਾਲ, ਓਮ ਸਿੰਘ ਸਟਿਆਣਾ, ਸਤਪਾਲ ਸਿੰਘ ਡਡਿਆਣਾ, ਗੁਰਮੇਲ ਸਿੰਘ, ਤਰਲੋਕ ਸਿੰਘ ਮਨੀ, ਕਮਲਜੀਤ ਸਿੰਘ ਲਾਲੀ, ਗੁਰਕੀਰਤ ਸਿੰਘ ਖਾਨਪੁਰ ਥਿਆੜਾ, ਇੰਦਰਜੀਤ ਸਿੰਘ ਕੂੰਟਾ, ਗੁਰਵਿੰਦਰ ਸਿੰਘ ਲੱਖਾ, ਮੇਲਾ ਸਿੰਘ ਆਦਿ ਵੀ ਇੱਥੇ ਮੌਜੂਦ ਹਨ।