ਦਾ ਐਡੀਟਰ ਨਿਊਜ਼, ਓਟਾਵਾ/ਨਵੀਂ ਦਿੱਲੀ ——– ਕੈਨੇਡਾ ਵਿੱਚ ਖਾਲਿਸਤਾਨੀ ਕਾਰਕੁੰਨ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਮਾਮਲਾ ਅਜੇ ਸੁਰੱਖੀਆਂ ਵਿੱਚ ਹੀ ਹੈ ਕਿ, ਕੈਨੇਡਾ ਦੀ ਇੱਕ ਅਖਬਾਰ “ਗਲੋਬ ਐਂਡ ਮੇਲ” ਨੇ ਇੱਕ ਬਹੁਤ ਵੱਡਾ ਖੁਲਾਸਾ ਕੀਤਾ ਹੈ ਕਿ, ਜਦ 2018 ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਤਤਕਾਲੀ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਭਾਰਤ ਦੌਰੇ ਤੇ ਆ ਰਹੇ ਸਨ ਤਾਂ, ਉਨਾਂ ਦੇ ਜਹਾਜ ਨੂੰ ਭਾਰਤ ਦੀ ਮੋਦੀ ਸਰਕਾਰ ਨੇ ਉਨਾਂ ਚਿਰ ਲੈਂਡ ਕਰਨ ਦੀ ਆਗਿਆ ਨਹੀਂ ਦਿੱਤੀ, ਜਦ ਤੱਕ ਜਸਟਿਨ ਟਰੂਡੋ ਅਤੇ ਹਰਜੀਤ ਸਿੰਘ ਸੱਜਣ ਪੰਜਾਬ ਦੇ ਉਸ ਵਕਤ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਨ ਲਈ ਰਾਜੀ ਨਹੀਂ ਹੋਏ ਅਤੇ ਉਨਾਂ ਦੇ ਹਾਮੀ ਭਰਨ ਤੋਂ ਬਾਅਦ ਹੀ ਉਨਾਂ ਦਾ ਜਹਾਜ਼ ਲੈਂਡ ਕਰਨ ਦਿੱਤਾ ਗਿਆ। “ਗਲੋਬ ਐਂਡ ਮੇਲ” ਨੇ ਇਹ ਖਬਰ ਕੈਨੇਡਾ ਸਰਕਾਰ ਦੇ ਇੱਕ ਸਰਕਾਰੀ ਅਧਿਕਾਰੀ ਦੇ ਹਵਾਲੇ ਨਾਲ ਛਾਪੀ ਗਈ ਹੈ, ਜਿਸ ਦਾ ਨਾਮ ਉਹਨਾਂ ਨੇ ਜਨਤਕ ਨਹੀਂ ਕੀਤਾ ਹੈ। ਅਖਬਾਰ ਨੇ ਇਸ ਗੱਲ ਦਾ ਵੀ ਖੁਲਾਸਾ ਕੀਤਾ ਹੈ ਕਿ ਉਸ ਵਕਤ ਇਹਨਾਂ ਦੋਹਾਂ ਵਿਦੇਸ਼ੀ ਮਹਿਮਾਨਾਂ ਅਤੇ ਕੈਪਟਨ ਅਮਰਿੰਦਰ ਸਿੰਘ ਵਿਚਕਾਰ ਹੋਈ ਮੀਟਿੰਗ ਸੁਖਾਵੀ ਨਹੀਂ ਸੀ ਸਗੋਂ, ਉਸ ਮੀਟਿੰਗ ਵਿੱਚ ਤਲਖੀ ਵਾਲਾ ਮਾਹੌਲ ਸੀ। ਇਹ ਵੀ ਕਿਹਾ ਗਿਆ ਹੈ ਕਿ ਕੈਨੇਡਾ ਦੇ ਡਿਫੈਂਸ ਮਨਿਸਟਰ ਹਰਜੀਤ ਸਿੰਘ ਸੱਜਣ, ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਨਹੀਂ ਕਰਨਾ ਚਾਹੁੰਦੇ ਸਨ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਦੇ ਪਿਤਾ ਨੂੰ ਅੱਤਵਾਦੀ ਕਿਹਾ ਸੀ ਕਿਉਂਕਿ ਉਹ ਵੈਨਕੋਵਰ ਵਿੱਚ ਸਿੱਖਾਂ ਦੀ ਇਕ ਸੰਸਥਾ ਦੇ ਮੁਖੀ ਸਨ, ਇਹ ਵੀ ਕਿਹਾ ਗਿਆ ਹੈ ਕਿ ਉਸ ਵਕਤ ਭਾਰਤ ਸਰਕਾਰ ਵੱਲੋਂ ਤਿਆਰ ਕੀਤੀ ਗਈ 10 ਨਾਵਾਂ ਦੀ ਸੂਚੀ ਇਹਨਾਂ ਦੋਹਾਂ ਆਗੂਆਂ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੀ ਸੀ, ਕਿਉਂਕਿ ਭਾਰਤ ਸਰਕਾਰ ਲਗਾਤਾਰ ਕੈਨੇਡਾ ਵਿੱਚ ਸਿੱਖ ਵੱਖਵਾਦੀ ਦੀਆਂ ਗਤੀਵਿਧੀਆਂ ਨੂੰ ਰੋਕਣ ਲਈ ਪਿਛਲੇ ਕਈ ਸਾਲਾਂ ਤੋਂ ਕੈਨੇਡਾ ਸਰਕਾਰ ਤੇ ਦਬਾਅ ਬਣਾ ਰਹੀ ਸੀ, ਜਿਸ ਨੂੰ ਭਾਰਤ ਅੱਤਵਾਦੀ ਮੰਨ ਰਿਹਾ ਹੈ ਅਤੇ ਇਸ ਸੂਚੀ ਨੂੰ ਸੌਂਪੇ ਜਾਣਾ ਵੀ ਉਸੇ ਕੜੀ ਦਾ ਹਿੱਸਾ ਸੀ। ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਇਸ ਦਸ ਨਾਵਾਂ ਦੇ ਡੋਜੀਅਰ ਵਿੱਚ ਹਾਲ ਹੀ ਵਿੱਚ ਕਤਲ ਕੀਤੇ ਗਏ ਖਾਲਿਸਤਾਨੀ ਕਾਰਕੁੰਨ ਹਰਦੀਪ ਸਿੰਘ ਨਿੱਝਰ ਦਾ ਨਾਮ ਵੀ ਸ਼ਾਮਿਲ ਸੀ, ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ 2018 ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਤਤਕਾਲੀ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਭਾਰਤ ਦੌਰੇ ਤੇ ਆਏ ਸਨ ਅਤੇ ਇਸ ਯਾਤਰਾ ਦਾ ਕੇਂਦਰ ਬਿੰਦੂ ਪੰਜਾਬ ਸੀ ਅਤੇ ਇਹ ਦੋਵੇਂ ਆਗੂ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਨ ਤੋਂ ਇਨਕਾਰ ਕਰ ਚੁੱਕੇ ਸਨ ਅਤੇ ਬਾਅਦ ਵਿੱਚ ਇਹਨਾਂ ਨੇ ਸ੍ਰੀ ਦਰਬਾਰ ਸਾਹਿਬ ਦੀ ਵੀ ਯਾਤਰਾ ਕੀਤੀ ਸੀ, ਇਸ ਦੌਰਾਨ “ਗਲੋਬ ਐਂਡ ਮੇਲ” ਦੀ ਖਬਰ ਵਿੱਚ ਇਸ ਗੱਲ ਦੀ ਵੀ ਜਾਣਕਾਰੀ ਦਿੱਤੀ ਗਈ ਕਿ ਭਾਰਤ ਸਰਕਾਰ ਦੇ ਅਧਿਕਾਰੀਆਂ ਨੇ ਇਸ ਸੂਚੀ ਨੂੰ ਕੈਨੇਡੀਅਨ ਸੁਰੱਖਿਆ ਖੁਫੀਆ ਸੇਵਾ ਨੂੰ ਵੀ ਦਿੱਤੀ ਸੀ ਅਤੇ ਕਨੇਡੀਅਨ ਅਧਿਕਾਰੀਆਂ ਨੇ ਭਾਰਤੀ ਅਧਿਕਾਰੀਆਂ ਨੂੰ ਇਸ ਗੱਲ ਦਾ ਭਰੋਸਾ ਦਿੱਤਾ ਸੀ ਕਿ ਉਹ ਇਸ ਸੂਚੀ ਨੂੰ ਤਤਕਾਲੀ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਸੌਂਪਣਗੇ। ਕਨੇਡੀਅਨ ਅਧਿਕਾਰੀਆਂ ਨੇ ਆਪਣੇ ਭਾਰਤੀ ਹਮਰੁਤਬਾ ਨੂੰ ਉਸ ਵਕਤ ਇਹ ਭਰੋਸਾ ਦਿੱਤਾ ਸੀ ਕਿ ਉਹ ਭਾਰਤ ਦੀਆਂ ਅੱਤਵਾਦ ਨਾਲ ਸੰਬੰਧਿਤ ਚਿੰਤਾਵਾਂ ਨੂੰ ਸਮਝਦੇ ਹਨ, ਲੇਕਿਨ ਉਹਨਾਂ ਨੇ ਜੋਰ ਦੇ ਕੇ ਇਹ ਵੀ ਕਿਹਾ ਸੀ ਕਿ ਕਨੇਡੀਅਨ ਪੁਲਿਸ ਸਿਰਫ ਇਸ ਲਈ ਕਿਸੇ ਨੂੰ ਗ੍ਰਿਫਤਾਰ ਨਹੀਂ ਕਰ ਸਕਦੀ, ਕਿ ਉਹ ਆਪਣੇ ਵਿਚਾਰ ਪ੍ਰਗਟ ਕਰ ਰਿਹਾ ਹੈ, ਜੋ ਕਿ ਨਵੀਂ ਦਿੱਲੀ ਨੂੰ ਪਸੰਦ ਨਹੀਂ ਹਨ। ਇਹ ਵੀ ਦੱਸਿਆ ਗਿਆ ਕਿ ਕਨੇਡੀਅਨ ਅਧਿਕਾਰੀਆਂ ਦੀ ਭਾਰਤ ਦੇ ਵਿਦੇਸ਼ ਵਿਭਾਗ ਨਾਲ ਸਬੰਧਤ ਅਧਿਕਾਰੀਆਂ ਨਾਲ ਵੀ ਮੀਟਿੰਗ ਕੋਈ ਬਹੁਤੀ ਚੰਗੀ ਨਹੀਂ ਰਹੀ। ਅਖਬਾਰ ਨੇ ਇਸ ਗੱਲ ਦਾ ਵੀ ਪ੍ਰਗਟਾਵਾ ਕੀਤਾ ਹੈ ਕਿ ਭਾਰਤ ਸਰਕਾਰ ਨੇ 2021 ਵਿੱਚ ਹਰਦੀਪ ਸਿੰਘ ਨਿੱਝਰ ਨੂੰ ਇੱਕ ਅੱਤਵਾਦੀ ਵਜੋਂ ਸ਼੍ਰੇਣੀ ਵੱਧ ਕੀਤਾ ਗਿਆ ਸੀ, ਪਰ ਉਸਦੇ ਸਮਰਥਕ ਉਸ ਨੂੰ ਮਨੁੱਖੀ ਅਧਿਕਾਰ ਕਾਰਕੁੰਨ ਵਜੋਂ ਦੇਖਦੇ ਹਨ, ਜੋ ਬੋਲਣ ਦੀ ਆਜ਼ਾਦੀ ਦੇ ਅਧਿਕਾਰ ਦੀ ਵਰਤੋਂ ਕਰਦੇ ਹਨ।
ਟਰੂਡੋ ਨੂੰ ਅੱਤਵਾਦ ਤੇ ਬਿਆਨ ਦੇਣ ਲਈ ਕੀਤਾ ਗਿਆ ਮਜਬੂਰ ?
ਇਹ ਡੋਜੀਅਰ ਉਸ ਸਮੇਂ ਸਾਂਝਾ ਕੀਤਾ ਗਿਆ ਜਦੋਂ ਸੀਐਸਆਈਐਸ, ਭਾਰਤ ਦੀ ਖੁਫੀਆ ਏਜੰਸੀ ਰਾਹ ਨਾਲ ਮਿਲ ਕੇ ਕੰਮ ਕਰ ਰਿਹਾ ਸੀ, ਤਾਂ ਜੋ ਕਨੇਡਾ ਵਿੱਚ ਰਹਿੰਦੇ ਸਿੱਖ ਵੱਖਵਾਦੀ ਦੀਆਂ ਗਤੀਵਿਧੀਆਂ ਦੀ ਜਾਂਚ ਕੀਤੀ ਜਾ ਸਕੇ, ਜਿਸ ਵਿੱਚ ਸੰਭਾਵੀ ਫੰਡ ਇਕੱਠਾ ਕਰਨ ਦੇ ਨਾਲ ਨਾਲ ਅੱਤਵਾਦ ਗਤੀਵਿਧੀਆਂ ਵੀ ਸ਼ਾਮਿਲ ਸਨ। ਉਸ ਸਮੇਂ ਕਨੇਡੀਅਨ ਅਧਿਕਾਰੀਆਂ ਨੇ ਭਾਰਤੀ ਅਧਿਕਾਰੀਆਂ ਨੂੰ ਇਸ ਗੱਲ ਦਾ ਭਰੋਸਾ ਦਵਾਇਆ ਸੀ ਕਿ ਜਸਟਿਨ ਟਰੂਡੋ ਅੱਤਵਾਦ ਅਤੇ ਕੱਟੜਵਾਦ ਦੇ ਖਿਲਾਫ ਸਖਤ ਬਿਆਨ ਦੇਣਗੇ, ਜੋ ਕਿ ਉਹਨਾਂ ਨੇ ਦੌਰੇ ਦੇ ਅੰਤ ਵਿੱਚ ਦਿੱਲੀ ਵਿੱਚ ਦਿੱਤਾ ਸੀ। ਇਸ ਰਿਪੋਰਟ ਵਿੱਚ ਜਿੱਥੇ ਜਸਟਿਨ ਟਰੂਡੋ ਦੀ ਇਸ ਫੇਰੀ ਦੌਰਾਨ 1980 ਵਿੱਚ ਕੈਨੇਡਾ ਦੀ ਯਾਤਰਾ ਕਰ ਰਹੇ ਭਾਰਤੀ ਕੈਬਨਟ ਮੰਤਰੀ ਨੂੰ ਮਾਰਨ ਦੀ ਨਿਕਾਮ ਕੋਸ਼ਿਸ਼ ਵਿੱਚ ਦੋਸ਼ੀ ਠਹਿਰਾਏ ਗਏ ਜਸਪਾਲ ਅਟਵਾਲ ਦੀ ਸੋਫੀ ਗਰੋਗੋਇਰ ਨਾਲ ਫੋਟੋ ਖਿਚਵਾਉਣ ਦਾ ਵਿਵਾਦ ਦਾ ਵੀ ਜ਼ਿਕਰ ਕੀਤਾ ਗਿਆ ਹੈ। ਇੱਥੇ ਹੀ ਨਹੀਂ ਇਸ ਰਿਪੋਰਟ ਵਿੱਚ ਐਨਡੀਟੀਵੀ ਦੇ ਹਵਾਲੇ ਨਾਲ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਸ ਬਿਆਨ ਦਾ ਵੀ ਜ਼ਿਕਰ ਕੀਤਾ ਗਿਆ ਹੈ ਜਿਸ ਵਿੱਚ ਮੋਦੀ ਨੇ ਇਹ ਗੱਲ ਕਹੀ ਸੀ ਕਿ “ਅੱਜ ਭਾਰਤ ਹੁਣ ਡੋਜੀਅਰ ਨਹੀਂ ਭੇਜਦਾ ਘਰ ਵਿੱਚ ਵੜ ਕੇ ਮਾਰਦਾ ਹੈ” ਦਾ ਵੀ ਜ਼ਿਕਰ ਕੀਤਾ ਗਿਆ ਹੈ
ਡੋਜੀਅਰ ਤੇ ਸਵਾਲ
ਕਨੇਡੀਅਨ ਖੁਫੀਆ ਏਜੰਸੀ ਸੀਐਸਆਈਐਸ ਦੇ ਸਾਬਕਾ ਕਾਰਜਕਾਰੀ ਮੈਨੇਜਰ ਡਨ ਸਟੈਂਟਨ ਦੇ ਹਵਾਲੇ ਨਾਲ ਕਿਹਾ ਹੈ ਕਿ ਅਕਸਰ, ਜਿਹੜੇ ਸਬੂਤ ਭਾਰਤ ਵੱਲੋਂ ਮੁੱਹਈਆ ਕਰਵਾਏ ਜਾਂਦੇ ਹਨ ਉਹ ਹਮੇਸ਼ਾ ਸ਼ੱਕੀ ਹੁੰਦੇ ਹਨ, ਕਿਉਂਕਿ ਉਹ ਕਨੇਡੀਅਨ ਕਾਨੂੰਨੀ ਮਾਪਦੰਡਾਂ ਦੇ ਅਨੁਸਾਰ ਪੂਰੇ ਨਹੀਂ ਉਤਰਦੇ। ਉਹਨਾਂ ਕਿਹਾ ਕਿ ਹਾਲਾਂ ਉਹ 1990 ਦੇ ਦਹਾਕੇ ਵਿੱਚ ਸਿੱਖ ਅੱਤਵਾਦ ਤੇ ਕੰਮ ਕਰਦੇ ਰਹੇ ਹਨ, ਲੇਕਿਨ ਉਹਨਾਂ ਨੇ 2018 ਵਾਲਾ ਡੋਜੀਅਰ ਨਹੀਂ ਦੇਖਿਆ ਹੈ, ਲੇਕਿਨ ਉਸ ਡੋਜੀਅਰ ਦੀ ਭਰੋਸੇ ਯੋਗਤਾ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਉਹ ਕਨੇਡੀਅਨ ਕਾਨੂੰਨੀ ਮਾਪਦੰਡਾਂ ਤੇ ਕਿੰਨਾ ਖਰਾ ਉਤਰਦਾ ਹੈ। ਜੇਕਰ ਕੋਈ ਕਾਰਵਾਈ ਨਹੀਂ ਹੋਈ ਤਾਂ ਇਹ ਗੱਲ ਸੰਭਵ ਹੈ ਕਿ ਉਹ ਇਹਨਾਂ ਮਾਪਦੰਡਾਂ ਤੇ ਖਰਾ ਨਹੀਂ ਉੱਤਰਦਾ ਹੋਵੇਗਾ।
ਸੱਜਣ ਦੀ ਪੰਜਾਬ ਫੇਰੀ ਦੌਰਾਨ ਕੈਪਟਨ ਨੇ ਨਹੀਂ ਦਿੱਤਾ ਸਰਕਾਰੀ ਸਨਮਾਨ
ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਜਦ ਹਰਜੀਤ ਸਿੰਘ ਸੱਜਣ ਪੰਜਾਬ ਦੇ ਦੌਰੇ ਤੇ ਸਨ ਤਾਂ, ਉਸ ਵਕਤ ਦੀ ਕੈਪਟਨ ਸਰਕਾਰ ਨੇ ਉਹਨਾਂ ਨੂੰ ਬਣਦਾ ਮਾਨ ਸਤਿਕਾਰ ਤਾਂ ਕੀ ਦੇਣਾ ਸਗੋਂ ਪ੍ਰੋਟੋਕਾਲ ਦੇ ਹਿਸਾਬ ਨਾਲ ਵੀ ਉਹਨਾਂ ਦਾ ਵੈਲਕਮ ਨਹੀਂ ਕੀਤਾ ਗਿਆ ਸੀ। ਜਦ ਉਹ ਹੁਸ਼ਿਆਰਪੁਰ ਜਿਲੇ ਦੇ ਮਹਿਲਪੁਰ ਦੇ ਲਾਗੇ ਪੈਂਦੇ ਪਿੰਡ ਬੰਬੇਲੀ ਪੁੱਜੇ ਸਨ ਤਾਂ ਉਸ ਵਕਤ ਵੀ ਸਰਕਾਰੀ ਸਨਮਾਨ ਨਹੀਂ ਦਿੱਤਾ ਗਿਆ, ਹਾਲਾਂਕਿ ਪਿੰਡ ਅਤੇ ਇਲਾਕੇ ਵੱਲੋਂ ਉਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਗੱਲ ਨੂੰ ਲੈ ਕੇ ਪੰਜਾਬ ਹੀ ਨਹੀਂ ਪੂਰੇ ਕੈਨੇਡਾ ਤੱਕ ਇਹ ਵਿਵਾਦ ਕਾਫੀ ਭਖਿਆ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਇਸ ਕਾਰਵਾਈ ਦੀ ਜੰਮ ਕੇ ਆਲੋਚਨਾ ਵੀ ਹੋਈ ਸੀ। ਇਸ ਦੌਰਾਨ ਸੱਜਣ ਜਦ ਇੱਕ ਦਿਨ ਲਈ ਆਪਣੇ ਜੱਦੀ ਘਰ ਵਿੱਚ ਰੁਕੇ ਅਤੇ ਖੁਦ ਆਪਣਾ ਮੰਜਾ ਚੁੱਕ ਕੇ ਘਰ ਦੀ ਛੱਤ ਤੇ ਲੈ ਗਏ ਅਤੇ ਉਹਨਾਂ ਛੱਤ ਤੇ ਹੀ ਰਾਤ ਗੁਜ਼ਾਰੀ, ਹਾਲਾਂਕਿ ਉਹਨਾਂ ਨਾਲ ਉਸ ਸਮੇਂ ਕਨੇਡੀਅਨ ਪੁਲਿਸ ਦੀ ਸੁਰੱਖਿਆ ਛਤਰੀ ਨਾਲ ਸੀ।
ਬਣ ਸਕਦਾ ਸਿਆਸੀ ਵਿਵਾਦ
ਇਹ ਰਿਪੋਰਟ ਉਸ ਵਕਤ ਆਈ ਹੈ, ਜਦੋਂ ਭਾਰਤ ਵਿੱਚ ਲੋਕ ਸਭਾ ਚੋਣਾਂ ਦਾ ਦੌਰ ਪੂਰੇ ਜ਼ਰਾਂ ਤੇ ਹੈ ਅਤੇ ਪੰਜਾਬ ਵਿੱਚ 1 ਜੂਨ ਨੂੰ ਚੋਣਾਂ ਹੋਣੀਆਂ ਹਨ। ਇਸ ਗੱਲ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਇਸ ਰਿਪੋਰਟ ਦੇ ਨਸ਼ਰ ਹੋਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਇੱਕ ਵਾਰ ਫਿਰ ਵਿਵਾਦ ਵਿੱਚ ਆ ਜਾਣਗੇ। ਇਥੇ ਇਹ ਗੱਲ ਜੇਕਰ ਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਜਦ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸਨ ਤਾਂ ਇਹਨਾਂ ਤੇ ਇਸ ਗੱਲ ਦਾ ਦੋਸ਼ ਲੱਗਦਾ ਰਿਹਾ ਕਿ ਇਹ ਭਾਜਪਾ ਦੇ ਨਾਲ ਮਿਲੇ ਹੋਏ ਹਨ, ਹਾਲਾਂਕਿ ਬਾਅਦ ਵਿੱਚ ਇਹ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਵੀ ਹੋ ਗਏ ਸਨ। ਆਉਣੇ ਵਾਲੇ ਦਿਨਾਂ ਵਿੱਚ ਇਸ ਗੱਲ ਨੂੰ ਲੈ ਕੇ ਕਈ ਸਿਆਸੀ ਅਤੇ ਸਿੱਖ ਧਿਰਾਂ ਕੈਪਟਨ ਅਮਰਿੰਦਰ ਸਿੰਘ ਤੇ ਨਿਸ਼ਾਨੇ ਸਾਧ ਸਕਦੀਆਂ ਹਨ ਅਤੇ ਇਹ ਗੱਲ ਕਹਿ ਸਕਦੀਆਂ ਹਨ ਕਿ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਤੋਂ ਹੀ ਇੱਕ ਸਿੱਖ ਵਿਰੋਧੀ ਸ਼ਖਸ਼ੀਅਤ ਰਹੀ ਹੈ।