ਦਾ ਐਡੀਟਰ ਨਿਊਜ਼ ਚੰਡੀਗੜ੍ਹ ——- ਅੱਜ ਸਵੇਰ ਤੋਂ ਹੀ ਅਮਰੀਕਾ ਦੇ ਫਰਿਜ਼ਨੋ ਸ਼ਹਿਰ ਵਿੱਚ ਹੋਈ ਗੋਲੀਬਾਰੀ ਤੋਂ ਬਾਅਦ ਸੋਸ਼ਲ ਮੀਡੀਆ ਤੇ ਇਹ ਗੱਲ ਅੱਗ ਦੀ ਤਰ੍ਹਾਂ ਫੈਲ ਗਈ ਕਿ ਇਸ ਗੋਲੀਬਾਰੀ ਵਿੱਚ ਇੰਡੀਆ ਦਾ ਮੋਸਟ ਵਾਂਟਡ ਗੈਂਗਸਟਰ ਗੋਲਡੀ ਬਰਾੜ ਦੀ ਹੱਤਿਆ ਕਰ ਦਿੱਤੀ ਗਈ ਅਤੇ ਉਸ ਦੇ ਨਾਲ ਜ਼ਖਮੀ ਹੋਣ ਵਾਲਾ ਵਿਅਕਤੀ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ ਗੰਭੀਰ ਜ਼ਖਮੀ ਹੈ, ਹਾਲਾਂਕਿ ਨਾ ਤਾਂ ਇਸ ਦੀ ਪੁਸ਼ਟੀ ਅਮਰੀਕਾ ਦੀ ਪੁਲਿਸ ਵੱਲੋਂ ਕੀਤੀ ਗਈ ਅਤੇ ਨਾ ਹੀ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਹੈ, ਲੇਕਿਨ ਇਸ ਦੌਰਾਨ ਹੀ ਪੰਜਾਬ ਪੁਲਿਸ ਦੇ ਖੁਫੀਆ ਵਿਭਾਗ ਤੋਂ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਫਰਿਜ਼ਨੋ ਵਿੱਚ ਮਾਰੇ ਜਾਣ ਵਾਲਾ ਵਿਅਕਤੀ ਅਸਲ ਵਿੱਚ ਗੋਲਡੀ ਬਰਾੜ ਨਹੀਂ ਬਲਕਿ ਡਰੱਗ ਦੇ ਕਾਰੋਬਾਰ ਵਿੱਚ ਸ਼ਾਮਿਲ ਕੋਈ ਹੋਰ ਗੋਲਡੀ ਮਾਰਿਆ ਗਿਆ ਹੈ, ਹਾਲਾਂਕਿ ਪੰਜਾਬ ਪੁਲਿਸ ਅਮਰੀਕਾ ਦੇ ਵਿੱਚ ਆਪਣੇ ਸੂਤਰਾਂ ਤੋਂ ਵੀ ਇਹ ਜਾਣਕਾਰੀ ਇਕੱਠੀ ਕਰ ਰਹੀ ਹੈ ਕਿ ਆਖਰਕਾਰ ਕਿਸ ਦੀ ਹੱਤਿਆ ਹੋਈ ਹੈ।
ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਫਰਿਜਨੋ ਪੁਲਿਸ ਨੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇਣ ਤੋਂ ਇਨਕਾਰ ਕੀਤਾ ਹੈ ਉੱਥੇ ਭਾਰਤੀ ਖੁਫੀਆ ਏਜੰਸੀਆਂ ਵੀ ਇਹ ਖਬਰ ਸੁਣ ਕੇ ਸਰਗਰਮ ਹੋ ਗਈਆਂ ਹਨ ਅਤੇ ਗੋਲਡੀ ਬਰਾੜ ਦੀ ਹੱਤਿਆ ਨੂੰ ਕਨਫਰਮ ਕਰਨ ਲਈ ਗ੍ਰਹਿ ਵਿਭਾਗ ਰਾਹੀਂ ਵੀ ਅਮਰੀਕਾ ਨੂੰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੱਥੇ ਇਹ ਵੀ ਗੱਲ ਜੇਕਰ ਯੋਗ ਹੈ ਕਿ ਪਿਛਲੇ ਕੁਝ ਮਹੀਨਿਆਂ ਤੋਂ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਕਰਨ ਅਤੇ ਅਮਰੀਕਾ ਵਿੱਚ ਖਾਲਿਸਤਾਨੀ ਆਗੂ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਸਾਜਿਸ਼ ਵਿੱਚ ਭਾਰਤੀ ਖੁਫੀਆ ਏਜੰਸੀ ਰਾਅ ‘ਤੇ ਅਮਰੀਕਾ ਅਤੇ ਕੈਨੇਡਾ ਵੱਲੋਂ ਇਲਜ਼ਾਮ ਲਗਾਉਣ ਤੋਂ ਬਾਅਦ ਭਾਰਤ ਅਤੇ ਅਮਰੀਕਾ ਵਿਚਕਾਰ ਸੰਬੰਧਾਂ ਵਿੱਚ ਕਾਫੀ ਖਟਾਸ ਆਈ ਹੋਈ ਹੈ। ਅਜਿਹੇ ਵਿੱਚ ਇਸ ਮਾਮਲੇ ਸਬੰਧੀ ਸ਼ਾਇਦ ਹੀ ਅਮਰੀਕਾ ਕੋਈ ਜਾਣਕਾਰੀ ਦੇ ਸਕਦਾ ਹੈ ਅਤੇ ਆਪਣੀ ਜਾਂਚ ਤੋਂ ਬਾਅਦ ਹੀ ਫਰਿਜ਼ਨੋ ਪੁਲਿਸ ਕਿਸੇ ਗੱਲ ਦਾ ਖੁਲਾਸਾ ਕਰ ਸਕਦੀ ਹੈ। ਗੋਲਡੀ ਬਰਾੜ ਦੀ ਹੱਤਿਆ ਅਤੇ ਅਨਮੋਲ ਬਿਸ਼ਨੋਈ ਨੂੰ ਜਖਮੀ ਕਰਨ ਦੇ ਮਾਮਲੇ ਵਿੱਚ ਇਹ ਵੀ ਖਬਰਾਂ ਆਉਣ ਲੱਗ ਪਈਆਂ ਸਨ ਕਿ ਇਹਨਾਂ ਨੂੰ ਮਾਰਨ ਦੀ ਜਿੰਮੇਵਾਰੀ ਅਰਸ਼ ਡੱਲਾ ਲਖਵੀਰ ਲੰਡਾ ਅਤੇ ਪਵਿੱਤਰ ਸਿੰਘ ਨੇ ਲਈ ਹੈ ਹਾਲਾਂਕਿ ਇਹ ਵੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਸੀ ਕਿ ਗੋਲਡੀ ਬਰਾੜ ਨੂੰ ਮਾਰਨ ਦੇ ਵਿੱਚ ਕੌਸ਼ਲ ਗੈਂਗ ਦਾ ਵੀ ਹੱਥ ਹੈ।