ਦਾ ਐਡੀਟਰ ਨਿਊਜ਼. ਹੁਸ਼ਿਆਰਪੁਰ ——- ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨ ਸਭਾ ਹਲਕਾ ਸ਼ਾਮਚੁਰਾਸੀ ਦੇ ਹਲਕਾ ਇੰਚਾਰਜ ਸੰਦੀਪ ਸੀਕਰੀ ਦੇ ਭਰਾ ਬਲਜਿੰਦਰ ਸਿੰਘ ਦੇ ਭੁੱਕੀ ਕਾਂਡ ਪਿੱਛੋਂ ਸਿਆਸੀ ਤੌਰ ’ਤੇ ਬੈਕਫੁੱਟ ਉੱਪਰ ਗਏ ਸੀਕਰੀ ਨੂੰ ਅਕਾਲੀ ਦਲ ਦੇ ਹੀ ਸਾਬਕਾ ਪਾਰਲੀਮਾਨੀ ਸਕੱਤਰ ਦੇਸ ਰਾਜ ਸਿੰਘ ਧੁੱਗਾ ਨੇ ਯੂਥ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਅਰਮਿੰਦਰ ਹੁਸੈਨਪੁਰ ਜਰੀਏ ‘ ਸਿਆਸੀ ਬੁੱਗੀ ’ ਦਿੰਦਿਆ ਸ਼ਾਮਚੁਰਾਸੀ ਹਲਕੇ ਵਿੱਚ ਤਾਲ ਠੋਕ ਦਿੱਤੀ ਹੈ, ਮਤਲਬ ਕੇ ਹਲਕਾ ਸ਼ਾਮਚੁਰਾਸੀ ਅੰਦਰ ਆਉਂਦੇ ਸਮੇਂ ਦੌਰਾਨ ਸਿਆਸੀ ਸ਼ਰੀਕੇਬਾਜੀ ਦੀ ਪਿੱਠ ਭੂਮੀ ਤਿਆਰ ਹੋ ਚੁੱਕੀ ਹੈ ਜਿਸ ਪਿੱਛੋਂ ਹਲਕੇ ਦੀ ਸਿਆਸੀ ਤਸਵੀਰ ਬਦਲਣੀ ਤੈਅ ਮੰਨੀ ਜਾ ਰਹੀ ਹੈ, ਇਸ ਖਬਰ ਨਾਲ ਜਿਹੜੀ ਤਸਵੀਰ ਅਸੀਂ ਇਸਤੇਮਾਲ ਕਰਨ ਜਾ ਰਹੇ ਹਾਂ ਉਹ ਕਾਫੀ ਕੁਝ ਬਿਆਨ ਕਰ ਗਈ ਹੈ, ਅਕਾਲੀ ਦਲ ਅੰਦਰ ਜਿੱਥੇ ਇਸ ਗੱਲ ਨੂੰ ਲੈ ਕੇ ਮੰਥਨ ਸ਼ੁਰੂ ਹੋ ਗਿਆ ਹੈ ਕਿ ਸੰਦੀਪ ਸਿੰਘ ਸੀਕਰੀ ਨੂੰ ਬੜੀ ਕਾਹਲੀ ਵਿਚ ਪਾਰਟੀ ਅੰਦਰ ਸ਼ਾਮਿਲ ਕਰਵਾਇਆ ਅਤੇ ਨਾਲ ਹੀ ਉਸ ਨੂੰ ਹਲਕਾ ਇੰਚਾਰਜ ਵੀ ਬਣਾ ਦਿੱਤਾ ਗਿਆ ਸੀ ਅਤੇ ਹੁਣ ਉੱਥੇ ਹੀ ਪਾਰਟੀ ਹਾਈਕਮਾਂਡ ਨੇ ਦੂਸਰੇ ਬਦਲ ਵੀ ਭਾਲਣੇ ਸ਼ੁਰੂ ਕਰ ਦਿੱਤੇ ਹਨ ਅਤੇ ਇਸੇ ਕੜੀ ਵਿੱਚ ਪਿਛਲੇ ਕੁਝ ਦਿਨਾਂ ਤੋਂ ਸਾਬਕਾ ਅਕਾਲੀ ਮੰਤਰੀ ਦੇਸ ਰਾਜ ਧੁੱਗਾ ਦੀਆਂ ਹਲਕੇ ਅੰਦਰ ਅਚਨਚੇਤ ਸਰਗਰਮੀਆਂ ਵੀ ਵੱਧ ਗਈਆਂ ਹਨ।
ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਧੁੱਗਾ ਨੂੰ ਹਲਕੇ ਦੇ ਅੰਦਰ ਸੀਕਰੀ ਦੇ ਮੁਕਾਬਲੇ ਵੱਡੇ ਪੱਧਰ ’ਤੇ ਅਕਾਲੀ ਵਰਕਰਾਂ ਤੇ ਆਗੂਆਂ ਦਾ ਸਮਰਥਨ ਵੀ ਮਿਲਣਾ ਸ਼ੁਰੂ ਹੋ ਗਿਆ ਹੈ, ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਸ਼ਾਮਚੁਰਾਸੀ ਹਲਕੇ ਦਾ ਵੱਡਾ ਹਿੱਸਾ ਕੰਢੀ ਦੇ ਵਿੱਚ ਪੈਂਦਾ ਹੈ ਅਤੇ ਦੇਸ ਰਾਜ ਧੁੱਗਾ ਦੀ ਕੰਢੀ ਵਿੱਚ ਪਹਿਲਾਂ ਤੋਂ ਹੀ ਪਕੜ ਮਜਬੂਤ ਰਹੀ ਹੈ, ਪਤਾ ਲੱਗਾ ਹੈ ਕਿ ਦੇਸ ਰਾਜ ਧੁੱਗਾ ਨੂੰ ਪਾਰਟੀ ਦੇ ਅੰਦਰੋਂ ਹੀ ਇਸ਼ਾਰਾ ਹੋਇਆ ਹੈ, ਜਿਸ ਕਰਕੇ ਉਹਨਾਂ ਨੇ ਆਪਣੀਆਂ ਸਰਗਰਮੀਆਂ ਆਰੰਭ ਕਰ ਦਿੱਤੀਆਂ ਹਨ ਹਾਲਾਂਕਿ ਪਾਰਟੀ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਧੜੇਬੰਦੀ ਤੋਂ ਉੱਪਰ ਉੱਠ ਕੇ ਕੰਮ ਕਰਨ ਲਈ ਕਿਹਾ ਹੈ ਲੇਕਿਨ ਉੱਥੇ ਹੀ ਵਿਰੋਧੀ ਪਾਰਟੀਆਂ ਭੁੱਕੀ ਕਾਂਡ ਨੂੰ ਲੈ ਕੇ ਇਨ੍ਹਾਂ ਚੋਣਾਂ ਵਿੱਚ ਵੱਡਾ ਮੁੱਦਾ ਬਣਾਉਣ ਜਾ ਰਹੀਆਂ ਹਨ, ਜਿਸ ਕਰਕੇ ਪਾਰਟੀ ਦੇ ਮੱਥੇ ’ਤੇ ਪਸੀਨੇ ਛੁੱਟ ਰਹੇ ਹਨ।
ਦੂਸਰੇ ਪਾਸੇ ਜਦੋਂ ਭੁੱਕੀ ਕਾਂਡ ਨੂੰ ਲੈ ਕੇ ਪੰਜਾਬ ਪੁਲਿਸ ਨੇ ਅੰਦਰੂਨੀ ਜਾਂਚ ਆਰੰਭੀ ਹੈ ਤਾਂ ਸੀਕਰੀ ਨੇ ਆਪਣੀ ਜਾਨ ਬਖਸ਼ਾਉਣ ਲਈ ਆਪ ਲੀਡਰਾਂ ਦੇ ਹਾੜੇ ਕੱਢਣੇ ਸ਼ੁਰੂ ਕਰ ਦਿੱਤੇ ਹਨ, ਪਤਾ ਲੱਗਾ ਹੈ ਕਿ ਮੁੱਖ ਮੰਤਰੀ ਦੇ ਹੁਸ਼ਿਆਰਪੁਰ ਤੋਂ ਬੇਹੱਦ ਕਰੀਬੀ ਵਿਅਕਤੀ ਨੇ ਇਸ ਮਾਮਲੇ ਵਿੱਚ ਟਾਂਡਾ ਦੇ ਐਮਐਲਏ ਨੂੰ ਕਈ ਫੋਨ ਕੀਤੇ ਪਰ ਉਨ੍ਹਾਂ ਨੇ ਫੋਨ ਨਹੀਂ ਰਿਸੀਵ ਕੀਤਾ, ਕਿਉਂਕਿ ਸੀਕਰੀ ਭੁੱਕੀ ਕਾਂਡ ਤੋਂ ਪਹਿਲਾਂ ਟਾਂਡਾ ਹਲਕੇ ਵਿੱਚ ਆਮ ਆਦਮੀ ਪਾਰਟੀ ਦੇ ਕਿਸੇ ਦੂਸਰੇ ਨੇਤਾ ਨੂੰ ਉਭਾਰਨ ਦੇ ਵਿੱਚ ਲੱਗੇ ਹੋਏ ਸਨ, ਜੋ ਕਿ ਆਪ ਪਾਰਟੀ ਅੰਦਰ ਟਾਂਡਾ ਦੇ ਵਿਧਾਇਕ ਦੇ ਰਾਜਨੀਤਿਕ ਸ਼ਰੀਕ ਬਣਨ ਦੀ ਕੋਸ਼ਿਸ਼ ਕਰ ਰਹੇ ਹਨ, ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਜਿਲ੍ਹੇ ਦੇ ਐਸਐਸਪੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਅਸੀਂ ਵਿੱਤੀ ਲੈਣ ਦੇਣ ਨੂੰ ਖੰਗਾਲ ਰਹੇ ਹਾਂ।
ਯੂਥ ਦੇ ਸ਼ਹਿਰੀ ਪ੍ਰਧਾਨ ਨੇ ਪਲਟਿਆ ਪਾਸਾ
ਜਿਸ ਤਸਵੀਰ ਦਾ ਅਸੀਂ ਜਿਕਰ ਕਰ ਰਹੇ ਹਾਂ, ਉਸ ਤਸਵੀਰ ਦਾ ਦੂਸਰਾ ਪੱਖ ਇਹ ਹੈ ਕਿ ਇਸ ਤਸਵੀਰ ਵਿੱਚ ਦੇਸ ਰਾਜ ਧੁੱਗਾ ਨਾਲ ਯੂਥ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਅਰਮਿੰਦਰ ਸਿੰਘ ਹੁਸੈਨਪੁਰ ਨਜ਼ਰ ਆ ਰਹੇ ਹਨ, ਜਿਨਾਂ ਨੇ ਸ਼ਾਮਚੁਰਾਸੀ ਹਲਕੇ ਦੇ ਪਿੰਡ ਗੁਰਾਇਆ ਵਿਖੇ ਦੇਸ ਰਾਜ ਧੁੱਗਾ ਦਾ ਵਿਸ਼ੇਸ਼ ਸਨਮਾਨ ਕਰਵਾਇਆ, ਦਿਲਚਸਪ ਗੱਲ ਤਾਂ ਇਹ ਹੈ ਕਿ ਅਰਮਿੰਦਰ ਸਿੰਘ ਹੁਸੈਨਪੁਰ ਕੱਲ ਤੱਕ ਸੰਦੀਪ ਸਿੰਘ ਸੀਕਰੀ ਦੀ ਸੱਜੀ ਬਾਂਹ ਬਣ ਕੇ ਚੱਲ ਰਹੇ ਸਨ ਅਤੇ ਸੰਦੀਪ ਸੀਕਰੀ ਦੇ ਭਰਾ ਦਾ ਭੁੱਕੀ ਕਾਂਡ ਵਿੱਚ ਵਿੱਚ ਫਸਣ ਤੋਂ ਬਾਅਦ ਹੁਸੈਨਪੁਰ ਪਾਸਾ ਪਲਟ ਕੇ ਦੇਸ ਰਾਜ ਧੁੱਗਾ ਵੱਲ ਖੜੇ੍ਹ ਦਿਖਾਈ ਦੇ ਰਹੇ ਹਨ, ਇਸ ਤੋਂ ਪਹਿਲਾਂ ਧੁੱਗਾ ਦਾ ਭੁਲਾਣਾ ਪਿੰਡ ਵਿੱਚ ਵੀ ਵੱਡਾ ਸਨਮਾਨ ਕੀਤਾ ਗਿਆ, ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਜਦੋਂ ਸੀਕਰੀ ਨੂੰ ਅਕਾਲੀ ਦਲ ਵਿੱਚ ਲਿਆਂਦਾ ਗਿਆ ਸੀ ਤਾਂ ਹਲਕੇ ਦੇ ਕਿਸੇ ਵੀ ਜਥੇਦਾਰ ਨੂੰ ਇਸ ਦੀ ਜਾਣਕਾਰੀ ਨਹੀਂ ਸੀ ਲੇਕਿਨ ਜਦ ਸੀਕਰੀ ਹਲਕਾ ਇੰਚਾਰਜ ਬਣੇ ਤਾਂ ਉਹਨਾਂ ਨੇ ਟਕਸਾਲੀ ਅਕਾਲੀਆਂ ਨੂੰ ਦਰਕਿਨਾਰ ਕਰਦਿਆਂ ਆਪਣੀ ਟੀਮ ਖੜੀ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦਾ ਵਿਰੋਧ ਅਕਾਲੀ ਦਲ ਦੀ ਹਾਈਕਮਾਂਡ ਤੱਕ ਵੀ ਪਹੁੰਚਿਆ ਅਤੇ ਹੁਣ ਉਹ ਹੀ ਟਕਸਾਲੀ ਆਗੂ ਜਿਨ੍ਹਾਂ ਨੂੰ ਸੀਕਰੀ ਵੱਲੋਂ ਦਰਕਿਨਾਰ ਕੀਤਾ ਗਿਆ ਸੀ ਉਹ ਹੌਲੀ-ਹੌਲੀ ਧੁੱਗਾ ਦੀ ਹਮਾਇਤ ਤੇ ਉਤਰਨੇ ਸ਼ੁਰੂ ਹੋ ਗਏ ਹਨ।