-ਕਿਸਾਨੀ ਬਿੱਲਾਂ ਦੇ ਵਿਰੋਧ ਦਾ ਸੇਕ ਕਮਲ ਨੂੰ, ਭਾਜਪਈ ਛੱਤਰੀ ਤਾਨਣ ਲੱਗੇ
-ਗਾਹੇ-ਵਗਾਹੇ ਦੀਆਂ ਮਾਰ ਰਾਹ ਪਏ ਕਿਸਾਨ ਮੋਰਚਾ ਦੇ ਸੂਬਾਈ ਆਗੂ
ਹੁਸ਼ਿਆਰਪੁਰ। ਫਸਲਾਂ ਦੀ ਖਰੀਦ ਸਬੰਧੀ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪਾਸ ਕੀਤੇ ਗਏ ਬਿੱਲਾਂ ਦੇ ਵਿਰੋਧ ਵਿਚ ਪੰਜਾਬ ਤੇ ਹਰਿਆਣਾ ਦੇ ਕਿਸਾਨ ਵਿਰੋਧ ਵਜੋਂ ਸੜਕਾਂ ’ਤੇ ਹਨ ਤੇ ਦੂਜੇ ਪਾਸੇ ਭਾਜਪਾ ਇਸ ਡੈਮੇਜ ਨੂੰ ਕੰਟਰੋਲ ਕਰਨ ਲਈ ਪੂਰੀ ਵਾਹ ਜਰੂਰ ਲਾ ਰਹੀ ਹੈ ਪਰ ਵਾਹ ਚੱਲ ਨਹੀਂ ਰਹੀ ਤੇ ਇਸੇ ਮਕਸਦ ਤਹਿਤ ਭਾਜਪਾ ਦੇ ਕਿਸਾਨ ਮੋਰਚਾ ਦੇ ਸੂਬਾ ਵਾਈਸ ਪ੍ਰਧਾਨ ਕਰਨਪਾਲ ਸਿੰਘ ਗੋਲਡੀ ਇਕ ਪ੍ਰੈਸ ਕਾਂਨਫਰੰਸ ਨੂੰ ਸੰਬੋਧਨ ਕਰਨ ਇੱਥੇ ਭਾਜਪਾ ਦੇ ਦਫਤਰ ਪੁੱਜੇ ਤਾਂ ਜਰੂਰ ਲੇਕਿਨ ਪੱਤਰਕਾਰਾਂ ਦੇ ਪੁੱਛੇ ਸਵਾਲਾਂ ਦਾ ਕੋਈ ਸਿੱਧਾ ਜਵਾਬ ਨਹੀਂ ਦੇ ਸਕੇ ਤੇ ਮੀਡੀਆ ਸਾਹਮਣੇ ਇਹ ਵੀ ਭਰੋਸੇ ਨਾਲ ਨਹੀਂ ਕਹਿ ਸਕੇ ਕਿ ਕਿਸਾਨਾਂ ਵੱਲੋਂ ਬਿੱਲਾਂ ਵਿਚ ਜੋ ਸੋਧ ਦੀ ਮੰਗ ਕੀਤੀ ਜਾ ਰਹੀ ਹੈ ਉਹ ਭਾਜਪਾ ਪੂਰੀ ਕਰੇਗੀ। ਦੱਸਣਯੋਗ ਹੈ ਕਿ ਕਿਸਾਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਫਸਲਾਂ ਦਾ ਐਮ.ਐਸ.ਪੀ. ਖਤਮ ਨਾ ਕੀਤਾ ਜਾਵੇ ਤੇ ਜੇਕਰ ਪ੍ਰਾਈਵੇਟ ਕੰਪਨੀਆਂ ਨੇ ਸਿੱਧੀ ਖਰੀਦ ਕਰਨੀ ਵੀ ਹੈ ਤਾਂ ਉਹ ਐਮ.ਐਸ.ਪੀ. ਰੇਟ ਤੋਂ ਵਾਧੂ ਪੈਸੇ ਦੇ ਕੇ ਕਿਸਾਨਾਂ ਤੋਂ ਫਸਲ ਦੀ ਖਰੀਦ ਕਰਨ। ਕਰਨਪਾਲ ਸਿੰਘ ਨੇ ਕਿਹਾ ਕਿ ਕਿਸਾਨਾਂ ਦੀ ਇਸ ਮੰਗ ਨੂੰ ਉਹ ਸਰਕਾਰ ਸਾਹਮਣੇ ਰੱਖਣਗੇ ਲੇਕਿਨ ਮੰਗ ਪੂਰੀ ਕਰਵਾਉਣ ਪ੍ਰਤੀ ਕੋਈ ਵਿਸ਼ਵਾਸ਼ ਨਹੀਂ ਦੇ ਸਕੇ। ਉਨਾਂ ਕਿਹਾ ਕਿ ਕਿਸਾਨਾਂ ਨੂੰ ਸਿਆਸੀ ਪਾਰਟੀਆਂ ਦੀਆਂ ਗੱਲਾਂ ਵਿਚ ਨਹੀਂ ਆਉਣਾ ਚਾਹੀਦਾ ਤੇ ਪਹਿਲਾ ਬਿੱਲਾਂ ਨੂੰ ਖੁਦ ਪੜ ਲੈਣਾ ਚਾਹੀਦਾ ਹੈ। ਕਰਨਪਾਲ ਸਿੰਘ ਨੇ ਕਿਹਾ ਇਸ ਨਵੇਂ ਸਿਸਟਮ ਨਾਲ ਵਿਚੋਲੇ ਦਾ ਰੋਲ ਖਤਮ ਹੋ ਜਾਵੇਗਾ ਤੇ ਖਰੀਦ-ਵੇਚ ’ਤੇ ਜੋ ਟੈਕਸ ਦੇਣਾ ਪੈਦਾ ਸੀ ਉਹ ਕਿਸਾਨਾਂ ਨੂੰ ਬਚ ਜਾਵੇਗਾ ਲੇਕਿਨ ਇਹ ਨਹੀਂ ਦੱਸ ਸਕੇ ਕੇ ਮੰਡੀਆਂ ਵਿਚੋ ਫਸਲਾਂ ਦੀ ਖਰੀਦ-ਵੇਚ ਤੋਂ ਜੋ ਟੈਕਸ ਪੰਜਾਬ ਮੰਡੀ ਬੋਰਡ ਨੂੰ ਜਾਂਦਾ ਸੀ ਤੇ ਉਕਤ ਪੈਸੇ ਨਾਲ ਸੂਬੇ ਦੇ ਪਿੰਡਾਂ ਵਿਚ ਵਿਕਾਸ ਹੁੰਦਾ ਸੀ ਉਸ ਖਾਪੇ ਨੂੰ ਕੇਂਦਰ ਸਰਕਾਰ ਕਿਵੇਂ ਪੂਰਾ ਕਰੇਗੀ ਤੇ ਕੀ ਕੇਂਦਰ ਸਰਕਾਰ ਮੰਡੀ ਬੋਰਡ ਦੀ ਆਰਥਿਕ ਮਦਦ ਕਰੇਗੀ ਲੇਕਿਨ ਇਸਦਾ ਵੀ ਸਿੱਧਾ ਜਵਾਬ ਭਾਜਪਾ ਆਗੂਆਂ ਕੋਲ ਨਹੀਂ ਸੀ। ਕਰਨਪਾਲ ਸਿੰਘ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਇਸ ਮਾਮਲੇ ਨੂੰ ਲੈ ਕੇ ਬੇਲੋੜੀ ਸਿਆਸਤ ਕਰ ਰਹੀਆਂ ਹਨ ਲੇਕਿਨ ਉਨਾਂ ਕੋਲ ਇਸ ਗੱਲ ਦਾ ਜਵਾਬ ਨਹੀਂ ਸੀ ਕਿ ਉਨਾਂ ਦੀ ਸਹਿਯੋਗੀ ਪਾਰਟੀ ਅਕਾਲੀ ਦਲ ਵੱਲੋਂ ਬਿੱਲ ਦਾ ਵਿਰੋਧ ਕਿਉ ਕੀਤਾ ਜਾ ਰਿਹਾ ਹੈ ਤੇ ਜੇਕਰ ਭਾਜਪਾ ਅਕਾਲੀ ਦਲ ਨੂੰ ਬਿੱਲ ਦੀਆਂ ਖੂਬੀਆਂ ਸਮਝਾਉਣ ਵਿਚ ਨਾਕਾਮ ਰਹੀ ਹੈ ਤਾਂ ਦੇਸ਼ ਦੇ ਉਨਾਂ ਕਿਸਾਨਾਂ ਨੂੰ ਸਮਝਾਉਣ ਲਈ ਕੀ ਕਦਮ ਚੁੱਕ ਰਹੀ ਹੈ ਜੋ ਸੜਕਾਂ ’ਤੇ ਵਿਰੋਧ ਕਰ ਰਹੇ ਹਨ,ਇਸਦਾ ਵੀ ਉਨਾਂ ਕੋਲ ਕੋਈ ਜਵਾਬ ਨਹੀਂ ਸੀ ਤੇ ਇਹੀ ਕਹਿੰਦੇ ਰਹੇ ਕਿ ਜੇਕਰ ਸਾਰੀਆਂ ਧਿਰਾਂ ਇਕ ਮੰਚ ’ਤੇ ਇਕੱਠੀਆਂ ਹੋਣ ਤਾਂ ਮਾਮਲੇ ਦਾ ਹੱਲ ਹੋ ਸਕਦਾ ਹੈ। ਭਾਜਪਾ ਆਗੂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਐਮ.ਐਸ.ਪੀ.ਦੇਣ ਦਾ ਵਾਅਦਾ ਕੀਤਾ ਹੈ ਤੇ ਪ੍ਰਧਾਨ ਮੰਤਰੀ ਨੇ ਖੁਦ ਪੰਜਾਬੀ ਭਾਸ਼ਾ ਵਿਚ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਲੇਕਿਨ ਬਿੱਲਾਂ ਵਿਚ ਇਸ ਪ੍ਰਤੀ ਸੋਧ ਸਬੰਧੀ ਭਾਜਪਾ ਆਗੂ ਕੋਲ ਜਵਾਬ ਨਹੀਂ ਸੀ ਕਿ ਸਰਕਾਰ ਇਹ ਲਿਖਤ ਵਿਚ ਕਿਸਾਨਾਂ ਨੂੰ ਦੇਵੇਗੀ ਜਾਂ ਨਹੀ। ਉਨਾਂ ਕਿਹਾ ਕਿ ਸਾਡਾ ਦੇਸ਼ ਤੇ ਸੂਬਾ ਪਹਿਲਾ ਹੈ ਰਾਜਨੀਤੀ ਉਸ ਤੋਂ ਬਾਅਦ ਹੈ। ਉਨਾਂ ਕਿਹਾ ਕਿ ਵਿਰੋਧੀ ਪਾਰਟੀਆਂ ਨੂੰ ਸਿਆਸਤ ਮੁੱਦਿਆਂ ’ਤੇ ਕਰਨੀ ਚਾਹੀਦੀ ਹੈ ਤਾਂ ਜੋ ਕਿਸਾਨਾਂ ਦਾ ਭਲਾ ਹੋ ਸਕੇ। ਇਸ ਮੌਕੇ ਭਾਜਪਾ ਦੇ ਜਿਲਾਂ ਪ੍ਰਧਾਨ ਨਿਪੁੰਨ ਸ਼ਰਮਾ, ਮਾਸਟਰ ਮਹਿੰਦਰਪਾਲ, ਕਮਲ ਸ਼ਰਮਾ, ਸ਼ਿਵ ਕੁਮਾਰ ਆਦਿ ਵੀ ਹਾਜਰ ਸਨ।
ਮੱਕੀ ਦਾ ਐਮ.ਐਸ.ਪੀ.ਰੇਟ ਅੱਜ ਤੱਕ ਨਹੀਂ ਮਿਲਿਆ
ਜਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਮੱਕੀ ਦੀ ਫਸਲ ਦਾ ਐਮ.ਐਸ.ਪੀ. ਰੇਟ 1850 ਰੁਪਏ ਦੇ ਲੱਗਭੱਗ ਤੈਅ ਕੀਤਾ ਹੋਇਆ ਹੈ ਲੇਕਿਨ ਨਾ ਤਾਂ ਕੇਂਦਰ ਸਰਕਾਰ ਤੇ ਨਾ ਹੀ ਸੂਬਾ ਸਰਕਾਰ ਨੇ ਇਸ ਰੇਟ ’ਤੇ ਅੱਜ ਤੱਕ ਮੰਡੀਆਂ ਵਿਚ ਮੱਕੀ ਦੀ ਫਸਲ ਖਰੀਦੀ ਤੇ ਇਹੋ ਹਾਲ ਆਉਣ ਵਾਲੇ ਸਮੇਂ ਵਿਚ ਕਣਕ ਤੇ ਝੋਨੇ ਦੀ ਫਸਲ ਦਾ ਹੋਣ ਜਾ ਰਿਹਾ ਹੈ ਕਿਉਂਕਿ ਕਿਸਾਨਾਂ ਨੂੰ ਖਦਸ਼ਾ ਹੈ ਕਿ ਭਾਵੇ ਸਮਰਥਨ ਮੁੱਲ ਨਾ ਹਟਾਉਣ ਦੀ ਗੱਲ ਕੇਂਦਰ ਸਰਕਾਰ ਕਰ ਰਹੀ ਹੈ ਲੇਕਿਨ ਜੇਕਰ ਕੇਂਦਰ ਨੇ ਸੂਬਾ ਸਰਕਾਰਾਂ ਨੂੰ ਇਨਾਂ ਫਸਲਾਂ ਦੀ ਖਰੀਦ ਲਈ ਪੈਸਾ ਹੀ ਜਾਰੀ ਨਾ ਕੀਤਾ ਤਾਂ ਉਕਤ ਫਸਲਾਂ ਵੀ ਮੱਕੀ ਵਾਂਗ ਰੁਲ ਜਾਣਗੀਆਂ।