ਦਾ ਐਡੀਟਰ ਨਿਊਜ, ਚੰਡੀਗੜ੍ਹ —– ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਵਿੱਚ ਇਸ ਸਮੇਂ ‘ਪੰਜਾਬ ਬਚਾਓ ਯਾਤਰਾ’ ਸ਼ੁਰੂ ਕੀਤੀ ਹੋਈ ਹੈ ਲੇਕਿਨ ਇਸ ਯਾਤਰਾ ਦੇ ਕਈ ਰਾਜਨੀਤਿਕ ਮਾਇਨੇ ਕੱਢੇ ਜਾ ਰਹੇ ਹਨ ਜਿਸ ਵਿੱਚ ਬਾਹਰੀ ਤੌਰ ’ਤੇ ਤਾਂ ਇਹ ਝਲਕ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਲੋਕ ਸਭਾ ਚੋਣਾ ਦੇ ਚੱਲਦਿਆ ਇਹ ਯਾਤਰਾ ਕੱਢ ਰਹੇ ਹਨ ਲੇਕਿਨ ਜੇਕਰ ਪੂਰੇ ਸਿਆਸੀ ਨਜ਼ਰੀਏ ਤੋਂ ਦੇਖਿਆ ਜਾਵੇਂ ਤਾਂ ਇਹ ਯਾਤਰਾ ਜਿੱਥੇ ਅਕਾਲੀ ਦਲ ਦੇ ਬੇੜੇ ਨੂੰ ਮੰਝਧਾਰ ਵਿੱਚੋ ਕੱਢਣ ਵਿੱਚ ਕਾਮਯਾਬ ਹੋਈ ਹੈ, ਉੱਥੇ ਸੁਖਬੀਰ ਸਿੰਘ ਬਾਦਲ ਵੀ ਆਪਣੇ ਆਪ ਨੂੰ ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਤੋਂ ਬਾਅਦ ਪੈਦਾ ਹੋਏ ਖਲਾਅ ਵਿੱਚੋਂ ਨਿੱਕਲਦਿਆ ਸਿਆਸੀ ਸਫਾਂ ਵਿੱਚ ਦੇ ਸਿਖਰਾਂ ਵਿੱਚ ਸਥਾਪਿਤ ਕਰਨ ਵਿੱਚ ਕਾਮਯਾਬ ਹੋ ਰਹੇ ਹਨ ਭਾਵੇਂ ਕਿ ਪਿਛਲੇ ਕਈ ਸਾਲਾਂ ਵਿੱਚ ਅਕਾਲੀ ਦਲ ਪੂਰੀ ਤਰ੍ਹਾਂ ਹਾਸ਼ੀਏ ਉੱਪਰ ਆ ਗਿਆ ਸੀ ਤੇ ਕਈ ਵੱਕਾਰੀ ਚੋਣਾ ਵੀ ਹਾਰ ਗਿਆ ਲੇਕਿਨ ਸੁਖਬੀਰ ਸਿੰਘ ਬਾਦਲ ਨੇ ਆਪਣੀ ਮੇਹਨਤ ਤੇ ਇਸ ਨਵੀਂ ਸ਼ੁਰੂ ਕੀਤੀ ਹੋਈ ਯਾਤਰਾ ਦੇ ਬਲਬੂਤੇ ’ਤੇ ਅਕਾਲੀ ਦਲ ਨੂੰ ਵੱਡੇ ਮੁਕਾਬਲੇ ਲਈ ਤਿਆਰ ਕਰ ਦਿੱਤਾ ਹੈ।
ਯਾਤਰਾ ਤੁਰੀ ਕਾਮਯਾਬੀ ਦੇ ਰਸਤੇ
ਜਿਸ ਦਿਨ ਇਸ ਯਾਤਰਾ ਦਾ ਐਲਾਨ ਤੇ ਇਹ ਯਾਤਰਾ ਸ਼ੁਰੂ ਹੋਈ ਸੀ ਉਸ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸੁਖਬੀਰ ਸਿੰਘ ਬਾਦਲ ਦੇ ਕੱਟੜ ਵਿਰੋਧੀਆਂ ਨੇ ਤਿੱਖੇ ਹਮਲੇ ਕਰਦਿਆ ਕਿਹਾ ਸੀ ਕਿ ਇਹ ਯਾਤਰਾ ਫੇਲ੍ਹ ਹੋਵੇਗੀ ਕਿਉਂਕਿ ਇਹ ਪੰਜਾਬ ਬਚਾਉਣ ਲਈ ਨਹੀਂ ਬਲਕਿ ਬਾਦਲ ਪਰਿਵਾਰ ਬਚਾਉਣ ਲਈ ਸ਼ੁਰੂ ਕੀਤੀ ਗਈ ਹੈ, ਇਹ ਯਾਤਰਾ ਸ਼ੁਰੂ ਕਰਨ ਤੋਂ ਪਹਿਲਾ ਅਕਾਲੀ ਦਲ ਦੇ ਅੰਦਰ ਵੀ ਇਹ ਤੌਲਖੇ ਸੀ ਕਿ ਇਸ ਯਾਤਰਾ ਦੇ ਕਿਤੇ ਰਾਹ ਵਿੱਚ ਹੀ ਨਾ ਸਾਹ ਫੁੱਲ ਜਾਣ ਪਰ ਮਾਂਝੇ ਦੀ ਧਰਤੀ ਤੋਂ ਸ਼ੁਰੂ ਕੀਤੀ ਗਈ ਇਸ ਯਾਤਰਾ ਨੇ ਸਾਰੇ ਵਿਰੋਧੀਆਂ ਦੇ ਮੂੰਹ ਬੰਦ ਕਰ ਦਿੱਤੇ ਕਿਉਕਿ ਸੰਭਾਵਨਾ ਤੋਂ ਕਿਤੇ ਜਿਆਦਾ ਲੋਕ ਇਸ ਵਿੱਚ ਨਿੱਕਲ ਪਏ, ਹਾਲਾਂਕਿ ਕਿਸਾਨ ਅੰਦੋਲਨ ਦੇ ਚੱਲਦਿਆ ਇਸ ਨੂੰ ਮੁੱਲਤਵੀ ਕਰ ਦਿੱਤਾ ਗਿਆ ਪਰ ਹੁਣ ਦੋਬਾਰਾ ਫਿਰ ਮਾਲਵੇ ਦੀ ਧਰਤੀ ਤੋਂ ਸ਼ੁਰੂ ਕਰ ਦਿੱਤੀ ਗਈ ਹੈ।
ਕਿੱਥੇ ਖੜ੍ਹਾ ਮੌਜੂਦਾ ਹਾਲਾਤ ਵਿੱਚ ਅਕਾਲੀ ਦਲ
ਪਿਛਲੇ ਕਈ ਦਿਨਾਂ ਤੋਂ ਹਰ ਰੋਜ ਭਾਜਪਾ ਨਾਲ ਗੱਠਜੋੜ ਦੀਆਂ ਚਰਚਾਵਾਂ ਚੱਲਦੀਆਂ ਰਹਿੰਦੀਆਂ ਹਨ ਲੇਕਿਨ ਅਜੇ ਤੱਕ ਗੱਠਜੋੜ ਦਾ ਪੇਚਾ ਫਸਿਆ ਹੋਇਆ ਹੈ, ਪੰਜਾਬ ਵਿੱਚ ਸਭ ਤੋਂ ਆਖਿਰੀ ਦੌਰ ਵਿੱਚ 1 ਜੂਨ ਨੂੰ ਲੋਕ ਸਭਾ ਦੀਆਂ ਚੋਣਾ ਹੋਣ ਦੀ ਵਜ੍ਹਾਂ ਨਾਲ ਅਕਾਲੀ ਦਲ ਨੂੰ ਕਾਫੀ ਸਮਾਂ ਮਿਲ ਗਿਆ ਹੈ ਤੇ ਇਸ ਦਾ ਸਿੱਧਾ ਨੁਕਸਾਨ ਸਰਕਾਰ ਨੂੰ ਝੱਲਣਾ ਪੈ ਸਕਦਾ ਹੈ ਤੇ ਅਕਾਲੀ ਦਲ ਹੁਣ ਇਸ ਗੱਲ ਲਈ ਤੋਲ-ਨਾਪ ਕਰ ਰਿਹਾ ਹੈ ਕਿ ਉਸ ਨੂੰ ਭਾਜਪਾ ਨਾਲ ਗੱਠਜੋੜ ਕਰਕੇ ਕਿੰਨਾ ਫਾਇਦਾ ਤੇ ਕਿੰਨਾ ਨੁਕਸਾਨ ਹੋ ਸਕਦਾ ਹੈ ਤੇ ਇਸ ਮਾਮਲੇ ਨੂੰ ਲੈ ਕੇ ਅਕਾਲੀ ਦਲ ਦੀ ਲੀਡਰਸ਼ਿਪ ਤੇ ਹੇਠਲਾ ਵਰਕਰ ਵੀ ਦੋ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਹੈ ਤੇ ਪਿਛਲੇ ਦਿਨੀਂ ਵਰਕਰਾਂ ਦੀ ਨਬਜ਼ ਟਟੋਲਣ ਲਈ ਸੁਖਬੀਰ ਸਿੰਘ ਬਾਦਲ ਨੇ ਮੀਟਿੰਗਾਂ ਦਾ ਦੌਰ ਵੀ ਚਲਾਇਆ ਸੀ ਹਾਲਾਂਕਿ ਇਨ੍ਹਾਂ ਮੀਟਿੰਗਾਂ ਵਿੱਚ ਹਰ ਕਿਸੇ ਦੀ ਰਾਏ ਵੰਡੀ ਹੋਈ ਸੀ, ਇੱਥੇ ਇਹ ਗੱਲ ਜਿਕਰਯੋਗ ਹੈ ਕਿ ਇਸ ਵਖਤ ਅਕਾਲੀ ਦਲ ਦੇ ਹੀ ਇਹ ਗੱਠਜੋੜ ਹੱਥ ਵਿੱਚ ਹੈ ਤੇ ਜਿਸ ਤਰ੍ਹਾਂ ਦਾ ਪੰਜਾਬ ਵਿੱਚੋਂ ਅਕਾਲੀ ਦਲ ਨੂੰ ਹੁਲਾਰਾ ਮਿਲਿਆ ਹੈ ਉਸ ਨਾਲ ਇਹ ਭਾਜਪਾ ਨੂੰ ਆਪਣੀਆਂ ਸ਼ਰਤਾਂ ਦੱਸਣ ਵਿੱਚ ਕਾਮਯਾਬ ਹੋਇਆ ਹੈ, ਜੇਕਰ ਸੀਟਾਂ ਦੀ ਵੰਡ ਦੇਖੀ ਜਾਵੇਂ ਤਾਂ ਅਕਾਲੀ ਦਲ ਪੁਰਾਣੇ ਫਾਰਮੂਲੇ ’ਤੇ ਹੀ ਖੜ੍ਹਾ ਹੈ ਤੇ 13 ਵਿੱਚੋ 3 ਸੀਟਾਂ ਹੀ ਭਾਜਪਾ ਨੂੰ ਦੇਣ ਦੀ ਪੇਸ਼ਕਸ਼ ਕਰ ਰਿਹਾ ਹੈ ਤੇ ਲੱਗਦੀ ਵਾਹ ਨੂੰ ਪਟਿਆਲੇ ਦੀ ਸੀਟ ਵੀ ਅਕਾਲੀ ਦਲ ਛੱਡ ਸਕਦਾ ਹੈ, ਬਸ਼ਰਤੇ ਭਾਜਪਾ ਸਿੱਖਾਂ ਦੀਆਂ ਕਿੰਨੀਆਂ ਮੰਗਾਂ ਮੰਨਦੀ ਹੈ, ਇੱਥੇ ਇਹ ਗੱਲ ਜਿਕਰਯੋਗ ਹੈ ਕਿ ਅਕਾਲੀ ਦਲ ਨੇ 22 ਮਾਰਚ ਨੂੰ ਚੰਡੀਗੜ੍ਹ ਵਿਖੇ ਕੋਰ ਕਮੇਟੀ ਦੀ ਮੀਟਿੰਗ ਬੁਲਾ ਲਈ ਹੈ, ਕਿਹਾ ਤਾਂ ਇਹ ਜਾ ਰਿਹਾ ਹੈ ਕਿ ਇਸ ਮੀਟਿੰਗ ਵਿੱਚ ਚੋਣਾਂ ਨੂੰ ਲੈ ਕੇ ਚਰਚਾ ਹੋਵੇਗੀ ਲੇਕਿਨ ਪ੍ਰਮੁੱਖ ਤੌਰ ’ਤੇ ਚਰਚਾ ਗੱਠਜੋੜ ਦੇ ਹੋਣ ਦੀ ਹੀ ਹੈ।’