ਮੋਗਾ ਦੇ ਸਿਵਲ ਸਕੱਤਰੇਤ ਦੀ ਇਮਾਰਤ ‘ਤੇ ਲਹਿਰਾਇਆ ਖਾਲਿਸਤਾਨ ਦਾ ਝੰਡਾ
ਦਾ ਐਡੀਟਰ ਬਿਊਰੋ,ਮੋਗਾ-15 ਅਗਸਤ ਤੋਂ ਮਹਿਜ ਇਕ ਦਿਨ ਪਹਿਲਾ ਮੋਗਾ ਦੇ ਸਿਵਲ ਸਕੱਤਰੇਤ ਦੀ ਇਮਾਰਤ ‘ਤੇ 14 ਅਗਸਤ ਦੇਰ ਰਾਤ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਖਾਲਿਸਤਾਨ ਦਾ ਝੰਡਾ ਲਹਿਰਾ ਦਿੱਤਾ ਗਿਆ ਤੇ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਹ ਝੰਡਾ ਉਸ ਜਗਾਂ ਲਹਿਰਾਇਆ ਗਿਆ ਜਿੱਥੇ ਤਿਰੰਗਾ ਲਹਿਰਾਇਆ ਜਾਂਦਾ ਹੈ ਤੇ ਸ਼ਰਾਰਤੀ ਅਨਸਰ ਉੱਥੇ ਪਹਿਲਾ ਤੋਂ ਲਹਿਰਾ ਰਹੇ ਤਿਰੰਗੇ ਝੰਡੇ ਨੂੰ ਲਾਹ ਕੇ ਲੈ ਗਏ। ਇਹ ਘਟਨਾ ਇਸ ਗੱਲ ਲਈ ਵੀ ਇਸ ਵਖਤ ਮਹੱਤਵਪੂਰਨ ਹੈ ਕਿ 15 ਅਗਸਤ ਦੇ ਦਿਨ ਸਿੱਖ ਫਾਰ ਜਸਟਿਸ ਦੇ ਵਿਵਾਦਿਤ ਆਗੂ ਤੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਨੇ ਪੰਜਾਬ ਵਿਚ ਖਾਲਿਸਤਾਨ ਦਾ ਝੰਡਾ ਲਹਿਰਾਉਣ ਵਾਲੇ ਨੂੰ ਇਕ ਲੱਖ 25 ਹਜਾਰ ਡਾਲਰ ਦੇਣ ਦਾ ਇਨਾਮ ਰੱਖਿਆ ਹੋਇਆ ਹੈ।


ਮੋਗਾ ਦੀ ਇਸ ਸਰਕਾਰੀ ਇਮਾਰਤ ‘ਤੇ ਹੋਈ ਇਸ ਘਟਨਾ ਦੀ ਜਿੱਥੇ ਪੁਲਿਸ ਤੇ ਖੁਫੀਆ ਏਜੰਸੀਆਂ ਜਾਂਚ ਕਰ ਰਹੀਆਂ ਹਨ, ਉੱਥੇ ਪੁਲਿਸ ਪ੍ਰਸ਼ਾਸ਼ਨ ਨੂੰ ਬੜੇ ਫੇਲੀਅਰ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ ਜਦੋਂ ਕਿ ਖੁਫੀਆ ਏਜੰਸੀਆਂ ਵੱਲੋਂ ਸਾਰੇ ਜਿਲਿਆਂ ਦੇ ਐਸ.ਐਸ.ਪੀਜ. ਨੂੰ ਸਖਤ ਸੁਰੱਖਿਆ ਪ੍ਰਬੰਧ ਕਰਨ ਦਾ ਅਲਰਟ ਭੇਜਿਆ ਹੋਇਆ ਸੀ।
ਇਸ ਘਟਨਾ ਨੂੰ ਲੈ ਕੇ ਮੋਗੇ ਦੇ ਐਸ.ਐਸ.ਪੀ. ‘ਤੇ ਵੀ ਸਵਾਲ ਖੜੇਂ ਹੋ ਗਏ ਹਨ ਕਿਉਂਕਿ ਜਿਸ ਇਮਾਰਤ ਦੇ ਸਿਰ ‘ਤੇ ਇਹ ਝੰਡਾ ਲਹਿਰਾਇਆ ਗਿਆ ਹੈ, ਉਸ ਇਮਾਰਤ ਦੇ ਵਿਚ ਹੀ ਐਸ.ਐਸ.ਪੀ. ਦਾ ਆਫਿਸ ਮੌਜੂਦ ਹੈ ਹਾਲਾਂਕਿ ਬਾਅਦ ਵਿਚ ਖਾਲਿਸਤਾਨ ਦੇ ਝੰਡੇ ਨੂੰ ਉਤਾਰ ਦਿੱਤਾ ਗਿਆ ਤੇ ਲੀਪਾਪੋਤੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਮੌਕੇ ‘ਤੇ ਸਿਵਲ ਤੇ ਪੁਲਿਸ ਦੇ ਅਧਿਕਾਰੀ ਵੀ ਮੌਜੂਦ ਸਨ ਪਰ ਇਸ ਮਾਮਲੇ ‘ਤੇ ਪੁਲਿਸ ਦਾ ਕੋਈ ਵੀ ਵੱਡਾ ਅਧਿਕਾਰੀ ਖੁੱਲ ਕੇ ਬੋਲਣ ਲਈ ਤਿਆਰ ਨਹੀਂ ਹੈ।