ਚੰਡੀਗੜ੍ਹ, 6 ਸਤੰਬਰ 2023 – ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਪੰਜਾਬ ਕਾਂਗਰਸ ਅਤੇ ‘ਆਪ’ ਪੰਜਾਬ ਗਠਜੋੜ ਲਈ ਸਹਿਮਤ ਹਨ। ਨਾਲ ਹੀ ਸਿੱਧੂ ਨੇ ਕਿਹਾ ਕਿ ਪਾਰਟੀ ਹਾਈਕਮਾਂਡ ਦਾ ਫੈਸਲਾ ਸਰਵਉੱਚ ਹੈ। ਲੋਕਤੰਤਰ ਨੂੰ ਬਚਾਉਣ ਲਈ ਸਾਨੂੰ ਸਵਾਰਥ ਦੀ ਰਾਜਨੀਤੀ ਨੂੰ ਤਿਆਗਣਾ ਪਵੇਗਾ।
ਨਵਜੋਤ ਸਿੱਧੂ ਨੇ ਇਸ ਮਾਮਲੇ ‘ਤੇ ਟਵੀਟ ਕਰਕੇ ਕਿਹਾ ਕਿ ਰਾਸ਼ਟਰੀ ਹਿੱਤਾਂ ਨੂੰ ਸਭ ਤੋਂ ਉੱਪਰ ਰੱਖਣਾ ਚਾਹੀਦਾ ਹੈ। ਪਾਰਟੀ ਹਾਈਕਮਾਂਡ ਦਾ ਇਹ ਫੈਸਲਾ ਵੱਡੇ ਮਕਸਦ ਲਈ ਹੈ। ਸੰਵਿਧਾਨ ਦੀ ਭਾਵਨਾ ਦਾ ਆਦਰ ਕਰਨ ਅਤੇ ਸੰਵਿਧਾਨਕ ਕਦਰਾਂ-ਕੀਮਤਾਂ ਤੋਂ ਆਪਣੀ ਤਾਕਤ ਪ੍ਰਾਪਤ ਕਰਨ ਵਾਲੀਆਂ ਸੰਸਥਾਵਾਂ ਨੂੰ ਮੁਕਤ ਕਰਨ ਵਿੱਚ ਰਾਸ਼ਟਰੀ ਹਿੱਤਾਂ ਨੂੰ ਸਰਵਉੱਚ ਰੱਖਿਆ ਗਿਆ ਹੈ।
ਪਰ ਉੱਥੇ ਹੀ ਕਾਂਗਰਸ ਪਾਰਟੀ ਦੇ ਨਾਲ ਗੱਠਜੋੜ ਬਾਰੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੇ ਵਲੋਂ ਵੱਡਾ ਬਿਆਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ, ਕਿਸੇ ਵੀ ਕੀਮਤ ਤੇ ਕਾਂਗਰਸ ਦੇ ਨਾਲ ਸਮਝੌਤਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ, ਅਗਾਮੀ ਚੋਣਾਂ ਆਮ ਆਦਮੀ ਪਾਰਟੀ ਆਪਣੇ ਦਮ ਤੇ ਲੜੇਗੀ।
ਅਨਮੋਲ ਗਗਨ ਮਾਨ ਨੇ ਕਿਹਾ ਕਿ ਸੂਬੇ ਦੇ ਅੰਦਰ ਲੋਕਾਂ ਸਭਾ ਦੀ 13 ਸੀਟਾਂ ਤੇ ਆਮ ਆਦਮੀ ਪਾਰਟੀ ਖੁਦ ਚੋਣਾਂ ਲੜੇਗੀ ਅਤੇ ਜਿੱਤ ਪ੍ਰਾਪਤ ਕਰੇਗੀ।