– ਇਸ ਹਮਲੇ ਨਾਲ ਸਿੱਖਾਂ ਦੇ ਅਕਸ ਨੂੰ ਪੂਰੀ ਦੁਨੀਆ ਵਿੱਚ ਢਾਹ ਲੱਗੀ – ਹਰਜੀ ਬਾਜਵਾ
ਦਾ ਐਡੀਟਰ ਨਿਊਜ਼, ਹੁਸ਼ਿਆਰਪੁਰ ——– ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਸੁਣਾਈ ਗਈ ਧਾਰਮਿਕ ਸਜਾ ਨੂੰ ਪੂਰੀ ਕਰਨ ਸਮੇਂ ਉਨ੍ਹਾਂ ਨੂੰ ਜਾਨੋ ਮਾਰਨ ਦੀ ਨੀਅਤ ਨਾਲ ਕੀਤਾ ਗਿਆ ਹਮਲਾ ਅਤਿ ਨਿੰਦਣਯੋਗ ਵਰਤਾਰਾ ਹੈ ਤੇ ਇਹ ਦਰਸਾਉਂਦਾ ਹੈ ਕਿ ਕੁਝ ਪੰਥ ਦੋਖੀ ਤਾਕਤਾਂ ਖੁਦ ਨੂੰ ਸਿੱਖ ਪੰਥ ਦੇ ਸਰਵਉੱਚ ਤਖਤਾਂ ਤੇ ਉਨ੍ਹਾਂ ਵੱਲੋਂ ਸੁਣਾਏ ਗਏ ਹੁਕਮਾਂ ਤੋਂ ਉੱਪਰ ਸਮਝਦੀਆਂ ਹਨ, ਇਹ ਪ੍ਰਗਟਾਵਾ ਅਕਾਲੀ ਦਲ ਦੇ ਸਾਬਕਾ ਸੰਸਦ ਮੈਂਬਰ ਵਰਿੰਦਰ ਸਿੰਘ ਬਾਜਵਾ ਤੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਦੇ ਅਬਜਰਵਰ ਹਰਸਿਮਰਨ ਸਿੰਘ ਬਾਜਵਾ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ, ਦੋਵੇਂ ਆਗੂਆਂ ਨੇ ਅੱਗੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਸਮੇਤ ਪਾਰਟੀ ਦੀ ਲੀਡਰਸ਼ਿਪ ਵੱਲੋਂ ਸਿਰ ਝੁਕਾ ਕੇ ਸਰਕਾਰ ਦੌਰਾਨ ਹੋਈਆਂ ਗਲਤੀਆਂ ਦੀ ਖਿਮਾ ਜਾਚਨਾ ਕੀਤੀ ਗਈ ਹੈ ਲੇਕਿਨ ਪੰਥ ਦੇ ਦੋਖੀਆਂ ਨੂੰ ਅਕਾਲੀ ਲੀਡਰਸ਼ਿਪ ਦੇ ਗੁਰੂ ਸਾਹਿਬਾਨ ਅੱਗੇ ਝੁਕੇ ਹੋਏ ਸਿਰ ਵੀ ਚੰਗੇ ਨਹੀਂ ਲੱਗਦੇ।
ਉਨ੍ਹਾਂ ਕਿਹਾ ਕਿ ਇਸ ਹਮਲੇ ਲਈ ਜਿੱਥੇ ਪੰਥ ਵਿਰੋਧੀ ਲੋਕ ਜ਼ਿੰਮੇਵਾਰ ਹਨ ਉੱਥੇ ਹੀ ਸੂਬੇ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਇਸ ਲਈ ਬਰਾਬਰ ਦੀ ਜਿੰਮੇਵਾਰ ਹੈ ਕਿਉਂਕਿ ਸੂਬੇ ਵਿੱਚ ਸਰਕਾਰ ਤੇ ਕਾਨੂੰਨ ਨਾਮ ਦੀ ਕੋਈ ਚੀਜ ਹੈ ਹੀ ਨਹੀਂ। ਹਰਸਿਮਰਨ ਬਾਜਵਾ ਨੇ ਕਿਹਾ ਕਿ ਇਸ ਘਟਨਾ ਦੌਰਾਨ ਭਾਵੇਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਲੇਕਿਨ ਸਿੱਖਾਂ ਦੇ ਅਕਸ ਨੂੰ ਪੂਰੀ ਦੁਨੀਆ ਵਿੱਚ ਢਾਹ ਲੱਗੀ ਹੈ।
ਉਨ੍ਹਾਂ ਕਿਹਾ ਕਿ ਅੱਜ ਭਾਵੇਂ ਸਰਕਾਰ ਹੋਵੇ ਜਾਂ ਵਿਰੋਧੀ ਧਿਰ ਸਭ ਦਾ ਨਿਸ਼ਾਨਾ ਅਕਾਲੀ ਦਲ ਹੀ ਹੈ ਤੇ ਅਕਾਲੀ ਵਰਕਰਾਂ ਤੇ ਆਗੂਆਂ ਲਈ ਇਹ ਮਾਣ ਦੀ ਗੱਲ ਵੀ ਹੈ ਕਿ ਭਾਵੇਂ ਸਾਡੀ ਪਾਰਟੀ ਸੱਤਾ ਵਿੱਚ ਨਹੀਂ ਲੇਕਿਨ ਇਸਦੇ ਬਾਵਜੂਦ ਸਭ ਨੂੰ ਸਾਡਾ ਡਰ ਸਤਾ ਰਿਹਾ ਹੈ ਤੇ ਇਸਦਾ ਵੱਡਾ ਕਾਰਨ ਸੂਬਾ ਵਾਸੀਆਂ ਦਾ ਅਕਾਲੀ ਦਲ ਵੱਲ ਦਿਨੋ ਦਿਨ ਵੱਧ ਰਿਹਾ ਝੁਕਾਅ ਹੈ ਜਿਹੜਾ ਵਿਰੋਧੀਆਂ ਨੂੰ ਬਰਦਾਸ਼ਤ ਨਹੀਂ ਹੋ ਰਿਹਾ।