ਦਾ ਐਡੀਟਰ ਨਿਊਜ਼, ਨਵੀਂ ਦਿੱਲੀ ——- ਬੰਗਲਾਦੇਸ਼ ਦੇ ਚਟਗਾਂਵ ਵਿੱਚ ਪੁਲਿਸ ਨੇ ਰਾਸ਼ਟਰੀ ਝੰਡੇ ਦਾ ਅਪਮਾਨ ਕਰਨ ਦੇ ਦੋਸ਼ ਵਿੱਚ ਦੋ ਘੱਟ ਗਿਣਤੀ ਹਿੰਦੂ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਚਟਗਾਂਵ ਦੇ ਨਿਊ ਮਾਰਕਿਟ ਸਥਿਤ ਅਜ਼ਾਦੀ ਪਿੱਲਰ ‘ਤੇ ਰਾਸ਼ਟਰੀ ਝੰਡੇ ਦੇ ਉੱਪਰ ਭਗਵਾ ਝੰਡਾ ਲਹਿਰਾਉਣ ਦੇ ਦੋਸ਼ ‘ਚ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ‘ਚ ਹੋਰ 17 ਲੋਕਾਂ ਨੂੰ ਵੀ ਮੁਲਜ਼ਮ ਬਣਾਇਆ ਗਿਆ ਹੈ।
ਦਰਅਸਲ 25 ਅਕਤੂਬਰ ਨੂੰ ਸਨਾਤਨ ਜਾਗਰਣ ਮੰਚ ਨੇ ਆਪਣੀਆਂ 8 ਸੂਤਰੀ ਮੰਗਾਂ ਨੂੰ ਲੈ ਕੇ ਚਟਗਾਓਂ ਦੇ ਲਾਲਦੀਘੀ ਮੈਦਾਨ ‘ਚ ਰੈਲੀ ਕੀਤੀ ਸੀ। ਰੈਲੀ ਦੌਰਾਨ ਕੁਝ ਲੋਕਾਂ ਨੇ ਨਵਾਂ ਬਾਜ਼ਾਰ ਚੌਂਕ ਸਥਿਤ ਅਜ਼ਾਦੀ ਥੰਮ ‘ਤੇ ਭਗਵਾ ਝੰਡਾ ਲਹਿਰਾਇਆ। ਇਸ ਝੰਡੇ ‘ਤੇ ‘ਆਮੀ ਸਨਾਤਨੀ’ ਲਿਖਿਆ ਹੋਇਆ ਸੀ।
ਘਟਨਾ ਤੋਂ ਬਾਅਦ ਮੋਹਰਾ ਇਲਾਕੇ ਦੇ ਰਹਿਣ ਵਾਲੇ ਫਿਰੋਜ਼ ਖਾਨ ਨੇ ਥਾਣਾ ਕੋਤਵਾਲੀ ‘ਚ ਮਾਮਲਾ ਦਰਜ ਕਰਵਾਇਆ ਸੀ। ਮਾਮਲੇ ਵਿੱਚ ਪੁਲੀਸ ਨੇ 30 ਅਕਤੂਬਰ ਨੂੰ ਦੋ ਮੁਲਜ਼ਮਾਂ ਰਾਜੇਸ਼ ਚੌਧਰੀ ਅਤੇ ਹਿਰਦੇ ਦਾਸ ਨੂੰ ਗ੍ਰਿਫ਼ਤਾਰ ਕੀਤਾ ਸੀ। ਬੰਗਲਾਦੇਸ਼ ਵਿੱਚ ਰਾਸ਼ਟਰੀ ਝੰਡੇ ਦੇ ਉੱਪਰ ਕਿਸੇ ਹੋਰ ਰੰਗ ਦਾ ਝੰਡਾ ਲਹਿਰਾਉਣਾ ਨਿਯਮਾਂ ਦੀ ਉਲੰਘਣਾ ਹੈ।
ਇਸ ਮਾਮਲੇ ‘ਚ ਚਟਗਾਂਵ ਇਸਕਾਨ ਸਕੱਤਰ ਚਿਨਮੋਏ ਕ੍ਰਿਸ਼ਨ ਦਾਸ ਬ੍ਰਹਮਚਾਰੀ ਉਰਫ ਚੰਦਨ ਕੁਮਾਰ ਧਰ ਨੂੰ ਵੀ ਦੋਸ਼ੀ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ 6 ਅਗਸਤ ਨੂੰ ਬੰਗਲਾਦੇਸ਼ ਦੇ ਖੁਲਨਾ ਜ਼ਿਲੇ ‘ਚ ਇਕ ਇਸਕਾਨ ਮੰਦਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ।
ਇਸ ਵਿੱਚ ਭਗਵਾਨ ਜਗਨਨਾਥ ਦੀਆਂ ਮੂਰਤੀਆਂ ਨੂੰ ਸਾੜਿਆ ਗਿਆ। ਇਸ ਹਮਲੇ ਤੋਂ ਬਾਅਦ ਚਿਨਮਯ ਦਾਸ ਨੇ ਕਿਹਾ ਸੀ ਕਿ ਚਟਗਾਂਵ ਦੇ ਤਿੰਨ ਹੋਰ ਮੰਦਰਾਂ ਨੂੰ ਵੀ ਖਤਰਾ ਹੈ। ਪਰ ਹਿੰਦੂ ਭਾਈਚਾਰਾ ਉਨ੍ਹਾਂ ਦੀ ਰੱਖਿਆ ਲਈ ਇਕੱਠੇ ਕੰਮ ਕਰ ਰਿਹਾ ਹੈ। ਦਾਸ ਨੇ ਕਿਹਾ ਕਿ ਹਿੰਸਾ ਤੋਂ ਬਚਣ ਲਈ ਹਿੰਦੂ ਤ੍ਰਿਪੁਰਾ ਅਤੇ ਬੰਗਾਲ ਰਾਹੀਂ ਭਾਰਤ ਵਿੱਚ ਸ਼ਰਨ ਲੈ ਰਹੇ ਹਨ। ਚਿਨਮਯ ਦਾਸ ਲੰਬੇ ਸਮੇਂ ਤੋਂ ਹਿੰਦੂ ਮੰਦਰਾਂ ਦੀ ਸੁਰੱਖਿਆ ਦਾ ਮੁੱਦਾ ਉਠਾਉਂਦੇ ਆ ਰਹੇ ਹਨ।