ਦਾ ਐਡੀਟਰ ਨਿਊਜ਼, ਬਠਿੰਡਾ —- ਬਠਿੰਡਾ ਜ਼ਿਲ੍ਹੇ ਦੇ ਪਿੰਡ ਬੱਲ੍ਹੋ ਦੇ ਸ਼ੁਭਕਰਨ ਸਿੰਘ ਗੱਗੂ ਦਾ ਅੱਜ ਬੇਹੱਦ ਗਮਗੀਨ ਮਹੌਲ ਦੌਰਾਨ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ’ਚ ਆਮ ਲੋਕ ,ਸਿਆਸੀ ਨੇਤਾ ,ਪਿੰਡ ਵਾਸੀ ਅਤੇ ਰਿਸ਼ਤੇਦਾਰ ਦੋਸਤ ਵੀ ਹਾਜ਼ਰ ਸਨ। ਸਸਕਾਰ ਮੌਕੇ ਖਨੌਰੀ ਅਤੇ ਸ਼ੰਭੂ ਬਾਰਡਰ ਤੋਂ ਵੀ ਵੱਡੀ ਗਿਣਤੀ ‘ਚ ਕਿਸਾਨ ਪੁੱਜੇ ਹੋਏ ਸਨ।
ਇਸ ਤੋਂ ਪਹਿਲਾਂ ਹਜਾਰਾਂ ਦੀ ਗਿਣਤੀ ਕਿਸਾਨਾਂ ਦੇ ਕਾਫਲੇ ਨਾਲ ਸ਼ਹੀਦ ਸ਼ੁਭਕਰਨ ਸਿੰਘ ਦੀ ਮ੍ਰਿਤਕ ਦੇਹ ਫੁੱਲਾਂ ਨਾਲ ਸਜ਼ੀ ਐਂਬੂਲੈਂਸ ’ਚ ਪਿੰਡ ਬੱਲ੍ਹੋ ਵਿਖੇ ਉਨ੍ਹਾਂ ਦੇ ਜੱਦੀ ਘਰ ਲਿਆਂਦੀ ਗਈ। ਪੈਦਲ ਚੱਲ ਰਹੇ ਇਸ ਕਾਫਲੇ ਦੀ ਅਗਵਾਈ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਰਨਲ ਸਕੱਤਰ ਸਰਵਨ ਸਿੰਘ ਪੰਧੇਰ , ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਅਤੇ ਸੂਬਾ ਜਰਨਲ ਸਕੱਤਰ ਕਾਕਾ ਸਿੰਘ ਕੋਟੜਾ ਕੌੜਿਆਂ ਵਾਲਾ ਕਰ ਰਹੇ ਸਨ ਜਦੋਂਕਿ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਸ਼ੁਭਕਰਨ ਦੇ ਘਰ ’ਚ ਪਰਿਵਾਰ ਨਾਲ ਮੌਜੂਦ ਸਨ।