-ਚੱਢਾ ਐਂਡ ਕੰਪਨੀ ‘ਤੇ ਕਾਂਗਰਸ ਮੇਹਰਬਾਨ, ਹਿਮਾਚਲ ਦੀ ਰੇਤ ਦੇ ਰਾਹ ‘ਚ ਗੱਡਿਆਂ ‘ਕੰਡਿਆਂ ਵਾਲਾ ਕਿੱਲ’
ਚੰਡੀਗੜ-ਪੰਜਾਬ ਵਿਚ ਰੇਤ ਦੇ ਭਾਅ ਇਕ ਵਾਰ ਫਿਰ ਸਿਖਰ ‘ਤੇ ਹੋਣਗੇ ਤੇ ਇਸਦੀ ਖਾਸ ਵਜਾਂ ਇਹ ਹੈ ਕਿ ਪੰਜਾਬ ਸਰਕਾਰ ਪੰਜਾਬ ਦੀਆਂ ਰੇਤ ਖੱਡਾਂ ਦੀ ਸਮੇਂ ਸਿਰ ਨਿਲਾਮੀ ਕਰਾਉਣ ਵਿਚ ਨਾ-ਕਾਮਯਾਬ ਰਹੀ ਹੈ ਤੇ ਸਰਕਾਰ ਨੇ ਪੰਜਾਬ ਦੇ ਮਾਈਨਿੰਗ ਮਾਫੀਏ ਨੂੰ ਖੁਸ਼ ਕਰਨ ਲਈ ਹਿਮਾਚਲ ਵਿਚੋ ਸੂਬੇ ਵਿਚ ਆ ਰਹੀ ਰੇਤ ‘ਤੇ ਇਕ ਵਿਲੱਖਣ ਤਰੀਕੇ ਨਾਲ ਪਾਬੰਦੀ ਲਗਾ ਦਿੱਤੀ ਹੈ ਤੇ ਹਿਮਾਚਲ ਤੋਂ ਪੰਜਾਬ ਵਿਚ ਦਾਖਿਲ ਹੋਣ ਵਾਲੇ ਰਸਤਿਆਂ ਵਿਚ ਕੰਡੇ ਲਗਾ ਦਿੱਤੇ ਹਨ, ਜਿੱਥੇ ਹਿਮਾਚਲ ਤੋਂ ਆਉਣ ਵਾਲੇ ਸਿਰਫ ਰੇਤ ਨਾਲ ਲੱਦੇ ਟਰੱਕ-ਟਿੱਪਰਾਂ ਦਾ ਭਾਰ ਜੋਖਿਆ ਜਾਵੇਗਾ, ਪੰਜਾਬ ਦੀ ਹਿਸਟਰੀ ਵਿਚ ਇਹ ਪਹਿਲੀ ਵਾਰ ਹੈ ਕਿ ਉਕਤ ਕੰਡਿਆਂ ‘ਤੇ ਰੇਤ ਨਾਲ ਲੱਦੇ ਓਵਰਲੋਡ ਟਿੱਪਰਾਂ ਦਾ ਚਾਲਾਨ ਮਾਈਨਿੰਗ ਵਿਭਾਗ ਕਰੇਗਾ। ਅਸਲ ਵਿਚ ਪਿਛਲੇ ਇਕ ਸਾਲ ਤੋਂ ਪੰਜਾਬ ਦੀ ਮਾਈਨਿੰਗ ‘ਤੇ ਤਿੰਨ ਬੰਦਿਆਂ ਦਾ ਕਬਜਾ ਹੋ ਚੁੱਕਾ ਹੈ, ਜਿਨਾਂ ਵਿਚ ਪੋਂਟੀ ਚੱਢਾ ਦਾ ਭਰਾ ਰਾਜੂ ਚੱਢਾ, ਪੋਂਟੀ ਚੱਢਾ ਦੀ ਪਤਨੀ ਜਸਬੀਰ ਕੌਰ ਚੱਢਾ, ਰਾਜਸਥਾਨ ਦਾ ਆਸ਼ੋਕ ਚਾਂਡਕ ਤੇ ਜੰਮੂ ਦਾ ਚੌਧਰੀ ਸ਼ਾਮਿਲ ਹੈ। ਇੱਥੇ ਇਹ ਗੱਲ ਵਰਨਣਯੋਗ ਹੈ ਕਿ ਪੰਜਾਬ ਵਿਚ ਦੋ ਤਰੀਕਿਆਂ ਦੀ ਮਾਈਨਿੰਗ ਹੁੰਦੀ ਹੈ, ਇਕ ਉਹ ਜਿਹੜੀ ਕਿ ਸਰਕਾਰ ਵੱਲੋਂ ਬੋਲੀ ਕੀਤੀਆਂ ਗਈਆਂ ਖੱਡਾਂ ਵਿਚੋ ਤੇ ਦੂਜੀ ਨਜਾਇਜ ਮਾਈਨਿੰਗ ਜੋ ਕਿ ਸਬੰਧਿਤ ਇਲਾਕਿਆਂ ਦੇ ਵਿਧਾਇਕਾਂ, ਪੁਲਿਸ ਨਾਲ ਮਿਲ ਕੇ ਮਾਫੀਏ ਵੱਲੋਂ ਕੀਤੀ ਜਾਂਦੀ ਹੈ ਲੇਕਿਨ ਏਕਾਧਿਕਾਰ ਮਾਈਨਿੰਗ ਦੇ ਠੇਕੇਦਾਰਾਂ ਦਾ ਵੀ ਹੁੰਦਾ ਹੈ ਤੇ ਠੇਕੇਦਾਰਾਂ ਨੂੰ ਵੀ ਨਜਾਇਜ ਮਾਈਨਿੰਗ ਵਿਚੋ ਜਿਆਦਾ ਪੈਸੇ ਬੱਚਦੇ ਹਨ, ਇਹੀ ਵਜਾਂ ਹੈ ਕਿ ਪੰਜਾਬ ਵਿਚ ਰੇਤ ਖੱਡਾਂ ਦੀ ਨਿਲਾਮੀ ਵਿਚ ਦੇਰੀ ਹੋ ਰਹੀ ਹੈ। ਪਿਛਲੇ ਕੁਝ ਦਿਨਾਂ ਤੋਂ ਹਿਮਾਚਲ ਵਿਚੋ ਰੇਤ ਦਾ ਕਾਫੀ ਚਲਨ ਸ਼ੁਰੂ ਹੋ ਗਿਆ ਸੀ, ਜਿਸ ਦਾ ਸਿੱਧਾ ਨੁਕਸਾਨ ਪੰਜਾਬ ਦੇ ਮਾਈਨਿੰਗ ਮਾਫੀਏ ਤੇ ਮਾਈਨਿੰਗ ਮਾਫੀਏ ਨਾਲ ਰਲੇ ਹੋਏ ਠੇਕੇਦਾਰਾਂ ਨੂੰ ਹੋਣ ਲੱਗ ਪਿਆ ਸੀ ਤੇ ਇਸ ਪਿੱਛੋ ਮਾਫੀਏ ਨੇ ਸਰਕਾਰ ‘ਤੇ ਹਿਮਾਚਲ ਦੀ ਰੇਤ ਨੂੰ ਰੋਕਣ ਲਈ ਦਬਾਅ ਬਣਾਇਆ। ਕਾਨੂੰਨਨ ਤੌਰ ‘ਤੇ ਪੰਜਾਬ ਸਰਕਾਰ ਹਿਮਾਚਲ ਤੋਂ ਆ ਰਹੀ ਰੇਤ ਨੂੰ ਰੋਕ ਨਹੀਂ ਸਕਦੀ ਸੀ ਲੇਕਿਨ ਹੁਣ ਰੋਕਣ ਲਈ ਓਵਰਲੋਡ ਦਾ ਬਹਾਨਾ ਘੜਿਆ ਗਿਆ ਹੈ, ਹਾਲਾਂਕਿ ਪੂਰੇ ਪੰਜਾਬ ਵਿਚ ਪੂਰੀ ਰੇਤ ਦੀ ਸਪਲਾਈ ਹੀ ਓਵਰਲੋਡ ਵਿਚ ਕੀਤੀ ਜਾ ਰਹੀ ਹੈ।
ਹਿਮਾਚਲ ਵਿਚ ਰੇਤ ਦਾ ਵੱਡਾ ਸ੍ਰੋਤ ਊਨਾ ਜਿਲਾ ਹੈ ਜਿੱਥੇ ਵੱਡੀ ਮਾਤਰਾ ਵਿਚ ਰੇਤ ਖੱਡਾਂ ਮੌਜੂਦ ਹਨ ਤੇ ਉੱਥੋ ਦੀ ਸਰਕਾਰ ਨੇ ਰੇਤ ਖੱਡਾਂ ਮਾਈਨਿੰਗ ਲਈ ਖੋਲ ਦਿੱਤੀਆਂ ਹਨ ਤੇ ਤਕਰੀਬਨ ਹਰ ਰੋਜ ਹੀ 200 ਤੋਂ ਲੈ ਕੇ 300 ਤੱਕ ਟਿੱਪਰ ਹਿਮਾਚਲ ਤੋਂ ਰੇਤ ਲੈ ਕੇ ਹੁਸ਼ਿਆਰਪੁਰ ਰਾਹੀਂ ਸੂਬੇ ਦੇ ਵੱਖ-ਵੱਖ ਜਿਲਿਆਂ ਵਿਚ ਪਹੁੰਚਣ ਲੱਗ ਪਏ ਸਨ ਤੇ ਇਸ ਦਾ ਸਿੱਧਾ ਨੁਕਸਾਨ ਚੱਢਾ ਗਰੁੱਪ, ਅਸ਼ੋਕ ਚਾਂਡਕ ਤੇ ਚੌਧਰੀ ਜੰਮੂ ਨੂੰ ਹੋ ਰਿਹਾ ਸੀ ਤੇ ਇਨਾਂ ਲੋਕਾਂ ਨੇ ਆਖਿਰ ਸਰਕਾਰ ‘ਤੇ ਦਬਾਅ ਪਾ ਕੇ ਜਿਲਾਂ ਹੁਸ਼ਿਆਰਪੁਰ ਵਿਚ ਪਿੰਡ ਖੜਕਾ ਤੇ ਗੜਸ਼ੰਕਰ ਨਜਦੀਕ ਉਨਾਂ ਥਾਵਾਂ ‘ਤੇ ਕੰਢੇ ਲਗਵਾ ਦਿੱਤੇ ਜਿੱਥੋ-ਜਿੱਥੋ ਦੀ ਰੇਤ ਨਾਲ ਲੱਦੇ ਟਿੱਪਰ ਹਿਮਾਚਲ ਤੋਂ ਪੰਜਾਬ ਵਿਚ ਦਾਖਿਲ ਹੋ ਰਹੇ ਸਨ।
ਟਿੱਪਰ ਮਾਲਿਕਾਂ ਦੇ ਵਿਰੋਧ ਨੂੰ ਸਰਕਾਰ ਨੇ ਅਣਗੌਲਿਆ ਕੀਤਾ
ਹੁਸ਼ਿਆਰਪੁਰ ਦੇ ਪਿੰਡ ਖੜਕਾ ਵਿਚ ਮਾਈਨਿੰਗ ਵਿਭਾਗ ਵੱਲੋਂ 18 ਅਗਸਤ ਨੂੰ ਕੰਡਾ ਚਾਲੂ ਕਰ ਦਿੱਤਾ ਗਿਆ ਹੈ ਲੇਕਿਨ ਇਸ ਤੋਂ ਦੋ ਦਿਨ ਪਹਿਲਾ ਉਨਾਂ ਸੈਂਕੜੇ ਟਿੱਪਰ ਮਾਲਿਕਾਂ ਨੇ ਖੜਕਾ ਪਹੁੰਚ ਕੇ ਇਸ ਕੰਡੇ ਦਾ ਵਿਰੋਧ ਕਰਦਿਆ ਸਰਕਾਰ ਨੂੰ ਇਸ ਨੂੰ ਹਟਾਉਣ ਦੀ ਅਪੀਲ ਕੀਤੀ ਸੀ ਲੇਕਿਨ ਇਨਾਂ ਦਾ ਵਿਰੋਧ ਮਾਈਨਿੰਗ ਵਿਭਾਗ ਨੇ ਸਰਕਾਰ ਦੀ ਸ਼ਹਿ ‘ਤੇ ਅਣਗੌਲਿਆ ਕਰ ਦਿੱਤਾ ਹੈ। 18 ਅਗਸਤ ਨੂੰ ਪੂਰਾ ਦਿਨ ਰੇਤ ਨਾਲ ਲੱਦੇ ਸੈਂਕੜੇ ਟਰੱਕ ਹਿਮਾਚਲ ਵਾਲੀ ਸਾਈਡ ਖੜੇ ਰਹੇ ਤੇ ਟਿੱਪਰ ਮਾਲਿਕਾਂ ਨੇ ਹਿਮਾਚਲ ਤੋਂ ਰੇਤ ਲਿਆਉਣ ਤੋਂ ਤੌਬਾ ਕਰਦਿਆ ਕਿਹਾ ਕਿ ਹੁਣ ਉਹ ਹਿਮਾਚਲ ਨਹੀਂ ਜਾਣਗੇ।
ਓਵਰਲੋਡ ਦਾ ਚਾਲਾਨ ਸਿਰਫ ਰੇਤ ਨਾਲ ਲੱਦੇ ਟਿੱਪਰਾਂ ਦਾ ਹੀ
ਖੜਕਾ ਤੇ ਗੜਸ਼ੰਕਰ ਵਿਚ ਲਗਾਈ ਗਏ ਕੰਡਿਆਂ ‘ਤੇ ਓਵਰਲੋਡ ਦੇ ਜੋ ਚਾਲਾਨ ਮਾਈਨਿੰਗ ਵਿਭਾਗ ਵੱਲੋਂ ਕੀਤੇ ਜਾਣਗੇ ਉਹ ਸਿਰਫ ਰੇਤ ਨਾਲ ਲੱਦੇ ਟਿੱਪਰਾਂ ਦੇ ਹੀ ਕੀਤੇ ਜਾ ਰਹੇ ਹਨ ਜਦੋਂ ਕਿ ਰੋਜਾਨਾ ਪੰਜਾਬ ਤੇ ਹਿਮਾਚਲ ਨੂੰ ਸੈਂਕੜੇ ਟਰੱਕ ਸਬਜੀਆਂ, ਸੀਮੈਂਟ, ਆਨਾਜ ਸਮੇਤ ਹੋਰ ਸਾਮਾਨ ਲੈ ਕੇ ਆ-ਜਾ ਰਹੇ ਹਨ ਤੇ ਲੱਗਭੱਗ ਸਾਰੀਆਂ ਗੱਡੀਆਂ ਓਵਰਲੋਡ ਹੀ ਹੁੰਦੀਆਂ ਹਨ ਲੇਕਿਨ ਪੰਜਾਬ ਵਿਚ ਲਗਾਏ ਗਏ ਕੰਡਿਆਂ ‘ਤੇ ਓਵਰਲੋਡਦੇ ਚਾਲਾਨ ਸਿਰਫ ਰੇਤ ਵਾਲੇ ਟਿੱਪਰਾਂ ਦੇ ਹੀ ਕੀਤੇ ਜਾਣਗੇ ਜਦੋਂ ਕਿ ਦੂਜੀਆਂ ਗੱਡੀਆਂ ਦਾ ਭਾਰ ਨਹੀਂ ਤੋਲਿਆ ਜਾਵੇਗਾ।
ਰੇਤ ਦੀਆਂ ਕੀਮਤਾਂ ਵੱਧਣੀਆਂ ਤੈਅ
ਹਿਮਾਚਲ ਦੀ ਰੇਤ ਬੰਦ ਹੋਣ ਕਾਰਨ ਪਹਿਲਾ ਜਿਹੜਾ ਟਿੱਪਰ 8 ਸੈਂਕੜੇ ਰੇਤ ਲੈ ਕੇ ਜਲੰਧਰ 16-17 ਹਜਾਰ ਤੱਕ ਸਪਲਾਈ ਦਿੰਦਾ ਸੀ ਆਉਦੇ ਦਿਨਾਂ ਦੌਰਾਨ ਇੰਨੀ ਹੀ ਰੇਤ 28-30 ਹਜਾਰ ਤੱਕ ਗ੍ਰਾਹਕਾਂ ਨੂੰ ਮਿਲੇਗੀ।
ਐਸ.ਐਸ.ਪੀ. ਹੁਸ਼ਿਆਰਪੁਰ ਬੇ-ਖਬਰ
ਨਵਜੋਤ ਸਿੰਘ ਮਾਹਲ ਦੀ ਨਿਯੁਕਤੀ ਹਾਲ ਹੀ ਵਿਚ ਬਤੌਰ ਐਸ.ਐਸ.ਪੀ. ਹੁਸ਼ਿਆਰਪੁਰ ਵਜੋਂ ਹੋਈ ਹੈ, ਚਾਰਜ ਲੈਣ ਤੋਂ ਤੁਰੰਤ ਬਾਅਦ ਉਨਾਂ ਨੇ ਪਹਿਲਾ ਅਧਿਕਾਰਤ ਬਿਆਨ ਮਾਈਨਿੰਗ ਦੇ ਖਿਲਾਫ ਹੀ ਦਿੱਤਾ ਸੀ ਲੇਕਿਨ ਜਦੋਂ ਇਸ ਮਸਲੇ ਸਬੰਧੀ ਉਨਾਂ ਦਾ ਪੱਖ ਜਾਣਿਆ ਗਿਆ ਤਾਂ ਉਨਾਂ ਕਿਹਾ ਕਿ ਮੈਨੂੰ ਕੰਡੇ ਪ੍ਰਤੀ ਤਾਂ ਕੋਈ ਜਾਣਕਾਰੀ ਹੈ ਹੀ ਨਹੀਂ।
ਫੋਟੋ ਕੈਪਸ਼ਨ-ਖੜਕਾ ਵਿਖੇ ਲਗਾਏ ਕੰਡੇ ‘ਤੇ ਪਹੁੰਚੇ ਟਿੱਪਰ ਮਾਲਿਕ ਵਿਰੋਧ ਕਰਦੇ ਹੋਏ, ਮੌਕੇ ‘ਤੇ ਹਾਜਰ ਪੁਲਿਸ ਤੇ ਮਾਈਨਿੰਗ ਵਿਭਾਗ ਦੇ ਅਧਿਕਾਰੀ।