ਦਾ ਐਡੀਟਰ ਨਿਊਜ਼, ਬਰਨਾਲਾ – ਪੰਜਾਬ ਵਿੱਚ ਸ਼ੀਤ ਲਹਿਰ ਰਿਕਾਰਡ ਸਿਖਰ ‘ਤੇ ਹੈ ਇਸ ਵਾਰ ਪੈ ਰਹੀ ਕੜਾਕੇ ਦੀ ਠੰਡ ਦੀ ਵਜ੍ਹਾ ਨਾਲ ਸਕੂਲਾਂ ਵਿੱਚ ਬੱਚਿਆਂ ਦੇ ਹਾਲਾਤ ਕਾਫੀ ਖਰਾਬ ਹੋ ਗਏ ਹਨ ਕਿਉਂਕਿ ਸਰਕਾਰ ਨੇ ਸਕੂਲਾਂ ਦੀਆਂ ਛੁੱਟੀਆਂ ਵਿੱਚ ਵਾਧਾ ਨਾ ਕਰਨ ਦਾ ਫੈਸਲਾ ਲਿਆ ਸੀ ਅਤੇ ਪਤਾ ਲੱਗਾ ਹੈ ਕਿ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਘਟੀ ਜਾ ਰਹੀ ਹੈ ਕਿਉਂਕਿ ਇਸ ਸ਼ੀਤ ਲਹਿਰ ਦੀ ਵਿਦਿਆਰਥੀ ਦਾਬ ਨਹੀਂ ਝੱਲ ਪਾ ਰਹੇ ਅਤੇ ਇੱਕ ਅਜਿਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਕਿ ਇੱਕ ਛੇ ਸਾਲ ਦੇ ਬੱਚੇ ਦੀ ਠੰਡ ਨਾਲ ਮੌਤ ਹੋ ਗਈ ਹੈ ਜੋ ਕਿ ਪਹਿਲੀ ਕਲਾਸ ਦਾ ਵਿਦਿਆਰਥੀ ਸੀ ਜੋ ਕਿ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸੀ।
ਮਾਮਲਾ ਪਿੰਡ ਪੱਖੋ ਕਲਾਂ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਦਾ ਹੈ। ਜਿਥੇ ਪਹਿਲੀ ਜਮਾਤ ਦੇ ਵਿਦਿਆਰਥੀ ਦੀ ਠੰਡ ਕਾਰਨ ਮੌਤ ਹੋਣ ਦੀ ਖ਼ਬਰ ਹੈ। ਮ੍ਰਿਤਕ ਵਿਦਿਆਰਥੀ ਦੀ ਪਛਾਣ ਕੁਲਦੀਪ ਸਿੰਘ ਪੁੱਤਰ ਸਵ: ਆਲਾ ਸਿੰਘ ਵਾਸੀ ਪੁਲਾੜਾ ਰੋਡ ਪੱਖੋ ਕਲਾਂ ਵੱਜੋਂ ਹੋਈ ਹੈ। ਉਸ ਦੀ ਉਮਰ 6 ਸਾਲ ਦੀ ਸੀ।
ਮ੍ਰਿਤਕ ਬੱਚੇ ਦੇ ਵੱਡੇ ਭਰਾ ਤੇ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੁਲਦੀਪ ਸਿੰਘ ਜੋ ਕਿ ਪਿਛਲੇ ਦਿਨੀਂ ਠੰਡ ਕਾਰਨ ਬਿਮਾਰ ਹੋ ਗਿਆ ਸੀ। ਜਿਸ ਦਾ ਕਿ ਅਸੀਂ ਪਹਿਲਾਂ ਪਿੰਡ ’ਚੋਂ ਇਲਾਜ ਕਰਵਾਇਆ ਸੀ। ਬਿਮਾਰ ਹੋਣ ਕਾਰਨ ਬੱਚੇ ਨੇ ਖਾਣਾ-ਪੀਣਾ ਬੰਦ ਕਰ ਦਿੱਤਾ ਸੀ। ਸਰੀਰਕ ਹਾਲਤ ਜ਼ਿਆਦਾ ਖ਼ਰਾਬ ਹੋਣ ’ਤੇ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਲਿਜਾਇਆ ਗਿਆ, ਜਿੱਥੇ ਕਿ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਸਕੂਲ ਦੇ ਮੁੱਖ ਅਧਿਆਪਕ ਨਵਦੀਪ ਸਰਮਾ ਅਨੁਸਾਰ ਬੱਚੇ ਦੀ ਮੌਤ ਠੰਡ ਕਾਰਨ ਹੋਈ ਹੈ। ਉਨ੍ਹਾਂ ਦੱਸਿਆ ਕਿ ਕੁਲਦੀਪ ਪਹਿਲੀ ਜਮਾਤ ਦਾ ਵਿਦਿਆਰਥੀ ਸੀ। ਜੋ ਕਿ ਪਿਛਲੇ ਦਿਨਾਂ ਤੋਂ ਬਿਮਾਰ ਹੋਣ ਕਾਰਨ ਸਕੂਲ ਨਹੀਂ ਆ ਰਿਹਾ ਸੀ। ਬੱਚਾ ਗਰੀਬ ਪਰਿਵਾਰ ਨਾਲ ਸੰਬੰਧਿਤ ਸੀ, ਜਿਸ ਦੇ ਪਿਤਾ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ। ਮ੍ਰਿਤਕ ਬੱਚਾ ਕੁਲਦੀਪ ਸਿੰਘ ਦੋ ਭਰਾਵਾਂ ਤੇ ਦੋ ਭੈਣਾਂ ਦਾ ਭਰਾ ਸੀ।
ਇਸ ਵਾਰ ਪੈ ਰਹੀ ਕੜਾਕੇ ਦੀ ਠੰਡ ਦੀ ਵਜ੍ਹਾ ਨਾਲ ਸਕੂਲਾਂ ਵਿੱਚ ਬੱਚਿਆਂ ਦੇ ਹਾਲਾਤ ਕਾਫੀ ਖਰਾਬ ਹੋ ਗਏ ਹਨ ਕਿਉਂਕਿ ਪਹਿਲਾਂ ਤਾਂ ਸਰਕਾਰ ਨੇ ਸਕੂਲਾਂ ਦੀਆਂ ਛੁੱਟੀਆਂ ਕਰ ਦਿੱਤੀਆਂ ਸਨ ਪਰ ਹੁਣ ਸਕੂਲ ਦੁਬਾਰਾ ਖੁੱਲ੍ਹ ਗਏ ਹਨ ਪਰ ਸ਼ੀਤ ਲਹਿਰ ਘਟਣ ਦਾ ਨਾਂਅ ਨਹੀਂ ਲੈ ਰਹੀ, ਜਿਸ ਕਰਨ ਅਧਿਆਪਕਾਂ ਨੇ ਸਕੂਲਾਂ ‘ਚ ਫੇਰ ਤੋਂ ਛੁੱਟੀਆਂ ਕਰਨ ਦੀ ਮੰਗ ਕੀਤੀ ਸੀ।
ਪਰ ਸਰਕਾਰ ਵੱਲੋਂ ਫੇਰ ਤੋਂ ਸਕੂਲਾਂ ‘ਚ ਛੁੱਟਣ ਵਿੱਚ ਵਾਧਾ ਨਾ ਕਰਨ ਦਾ ਫੈਸਲਾ ਲਿਆ ਗਿਆ ਸੀ। ਅੱਜ ਪੰਜਾਬ ਕੈਬਨਿਟ ਮੀਟਿੰਗ ਤੋਂ ਬਾਅਦ ਸੀਐੱਮ ਭਗਵੰਤ ਮਾਨ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ, 21 ਜਨਵਰੀ ਤੱਕ ਪੰਜਾਬ ਦੇ ਅੰਦਰ ਛੁੱਟੀਆਂ ਕੀਤੀਆਂ ਗਈਆਂ ਸਨ। ਬੇਸ਼ੱਕ ਹੁਣ ਠੰਡ ਹੈ, ਪਰ ਅਸੀਂ ਸਕੂਲਾਂ ਵਿਚ ਛੁੱਟੀਆਂ ਨਹੀਂ ਵਧਾ ਸਕਦੇ। ਕਿਉਂਕਿ ਬੱਚਿਆਂ ਦੇ ਪੇਪਰ ਸਿਰ ‘ਤੇ ਹਨ। ਸੀਐੱਮ ਮਾਨ ਨੇ ਕਿਹਾ ਕਿ, ਅਸੀਂ ਨਹੀਂ ਚਾਹੁੰਦੇ ਕਿ, ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋਵੇ।