– ਚੋਰ ਤੇ ਚੌਂਕੀਦਾਰ ਰਲੇ-ਮਿਲੇ, ਅਕਾਲੀ ਦਲ ਵੱਲੋਂ ਪਿੰਡ-ਪਿੰਡ ਕੀਤੀਆਂ ਜਾਣਗੀਆਂ ਮੀਟਿੰਗਾਂ
ਦਾ ਐਡੀਟਰ ਨਿਊਜ਼, ਮੁਕੇਰੀਆ ——– ਝੂਠੇ ਵਾਅਦੇ ਕਰਕੇ ਸੂਬੇ ਦੀ ਸੱਤਾ ਸੰਭਾਲਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਹੋ ਰਹੀ ਨਜਾਇਜ ਮਾਈਨਿੰਗ ਨੂੰ ਰੋਕਣ ਵਿੱਚ ਬੁਰੀ ਤਰ੍ਹਾਂ ਅਸਫਲ ਹੋਈ ਹੈ ਤੇ ਮੌਜੂਦਾ ਸਮੇਂ ਮਾਈਨਿੰਗ ਮਾਫੀਆ ਬਿਨਾਂ ਕਿਸੇ ਡਰ-ਭੈਅ ਦੇ ਪੰਜਾਬ ਦੇ ਕੁਦਰਤੀ ਸਰੋਤਾਂ ਦੀ ਲੁੱਟ ਕਰ ਰਿਹਾ ਹੈ ਤੇ ਸਰਕਾਰ ਤਮਾਸ਼ਾ ਦੇਖ ਰਹੀ ਹੈ, ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਵਿਧਾਨ ਸਭਾ ਹਲਕਾ ਮੁਕੇਰੀਆ ਦੇ ਇੰਚਾਰਜ ਸ. ਸਰਬਜੋਤ ਸਿੰਘ ਸਾਬੀ ਵੱਲੋਂ ਕੀਤਾ ਗਿਆ ਤੇ ਨਾਲ ਹੀ ਕਿਹਾ ਗਿਆ ਕਿ ਪਿਛਲੇ ਸਮੇਂ ਦੌਰਾਨ ਜਿਸ ਪੱਧਰ ਤੱਕ ਹਲਕਾ ਮੁਕੇਰੀਆ ਅੰਦਰ ਮਾਈਨਿੰਗ ਮਾਫੀਆ ਨੇ ਲੁੱਟ ਮਚਾਈ ਹੈ ਉਸਦੇ ਭਵਿੱਖੀ ਨਤੀਜੇ ਬਹੁਤ ਖਤਰਨਾਕ ਹੋਣ ਵਾਲੇ ਹਨ ਤੇ ਇਨ੍ਹਾਂ ਨਤੀਜਿਆਂ ਦਾ ਖਮਿਆਜਾ ਕੁਦਰਤੀ ਕਰੋਪੀ ਦੇ ਤਹਿਤ ਹਲਕਾ ਮੁਕੇਰੀਆ ਦੇ ਲੋਕਾਂ ਨੂੰ ਭੁਗਤਣਾ ਪਵੇਗਾ।

ਸਰਬਜੋਤ ਸਾਬੀ ਨੇ ਕਿਹਾ ਕਿ ਹਲਕਾ ਮੁਕੇਰੀਆ ਦੇ ਕੰਢੀ ਖਿੱਤੇ ਵਿੱਚ ਮਾਈਨਿੰਗ ਮਾਫੀਆ ਦਿਨ-ਰਾਤ ਬੇਖੌਫ ਨਜਾਇਜ ਮਾਈਨਿੰਗ ਕਰ ਰਿਹਾ ਹੈ ਤੇ ਲੋਕ ਚੰਗੀ ਤਰ੍ਹਾਂ ਜਾਣਦੇ ਹਨ ਕਿ ਚਿੱਟੇ ਦਿਨ ਕੀਤੀ ਜਾ ਰਹੀ ਇਹ ਚੋਰੀ ਬਿਨਾਂ ਚੌਂਕੀਦਾਰ ਦੀ ਸਹਿਮਤੀ ਤੋਂ ਨਹੀਂ ਹੋ ਸਕਦੀ, ਉਨ੍ਹਾਂ ਕਿਹਾ ਕਿ ਹਲਕਾ ਮੁਕੇਰੀਆ ਵਿੱਚ ਥਾਂ-ਥਾਂ ਨਜਾਇਜ ਮਾਈਨਿੰਗ ਕਰਨ ਵਾਲੇ ਲੋਕ ਓਵਰਲੋਡ ਟਰੱਕਾਂ-ਟਿੱਪਰਾਂ ਨਾਲ ਹਲਕੇ ਦੀਆਂ ਲਿੰਕ ਸੜਕਾਂ ਨੂੰ ਬੁਰੀ ਤਰ੍ਹਾਂ ਤੋੜ ਰਹੇ ਹਨ ਲੇਕਿਨ ਪੁਲਿਸ-ਪ੍ਰਸ਼ਾਸਨ ਨੇ ਅੱਖਾਂ ਬੰਦ ਕੀਤੀਆਂ ਹੋਈਆਂ ਹਨ ਜਿਸ ਤੋਂ ਸਪੱਸ਼ਟ ਹੈ ਕਿ ਨਜਾਇਜ਼ ਮਾਈਨਿੰਗ ਦੇ ਇਸ ਕਾਲੇ ਧੰਦੇ ਵਿੱਚ ਸਭ ਰਲੇ-ਮਿਲੇ ਹੋਏ ਹਨ।
ਸਰਬਜੋਤ ਸਾਬੀ ਨੇ ਕਿਹਾ ਕਿ ਸੂਬੇ ਦੀ ਸਰਕਾਰ ਪਿਛਲੇ 2 ਸਾਲਾਂ ਦੇ ਵਕਫੇ ਅੰਦਰ ਮਾਈਨਿੰਗ ਵਿਭਾਗ ਦੇ 2 ਮੰਤਰੀ ਬਦਲ ਚੁੱਕੀ ਹੈ ਤੇ ਲਗਾਇਆ ਗਿਆ ਤੀਜਾ ਮੰਤਰੀ ਵੀ ਅਸਰਦਾਰ ਸਾਬਿਤ ਨਹੀਂ ਹੋ ਰਿਹਾ ਕਿਉਂਕਿ ਮਾਈਨਿੰਗ ਮਾਫੀਆ ਨੇ ਨਜਾਇਜ਼ ਮਾਈਨਿੰਗ ਦੇ ਆਪਣੇ ਦਾਇਰੇ ਨੂੰ ਦਿਨੋ-ਦਿਨ ਵਧਾਇਆ ਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਸੂਬੇ ਵਿੱਚ ਆਪ ਦੀ ਸਰਕਾਰ ਨਹੀਂ ਸੀ ਤਦ ਇਸ ਪਾਰਟੀ ਦੇ ਆਗੂ ਨਜਾਇਜ਼ ਮਾਈਨਿੰਗ ਦੀ ਦੁਹਾਈ ਪਾਉਦੇ ਰਹੇ ਹਨ ਲੇਕਿਨ ਅੱਜ ਕੋਈ ਨਹੀਂ ਬੋਲ ਰਿਹਾ ਜਿਸ ਤੋਂ ਸਾਬਿਤ ਹੁੰਦਾ ਹੈ ਕਿ ਇਸ ਸਰਕਾਰ ਦੇ ਆਗੂਆਂ ਦੀ ਮਾਈਨਿੰਗ ਮਾਫੀਆ ਨਾਲ ਸੀਟੀ ਰਲ ਗਈ ਹੈ।
ਸਰਬਜੋਤ ਸਾਬੀ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਮੁਕੇਰੀਆ ਅੰਦਰ ਮਾਈਨਿੰਗ ਮਾਫੀਆ ਨੇ ਜੋ ਲੁੱਟ ਮਚਾਈ ਹੋਈ ਹੈ ਉਸ ਨੂੰ ਰੋਕਣ ਲਈ ਅਕਾਲੀ ਦਲ ਵੱਲੋਂ ਲੋਕਾਂ ਨੂੰ ਜਥੇਬੰਦ ਕੀਤਾ ਜਾਵੇਗਾ ਤੇ ਇਸ ਸਬੰਧੀ ਵੱਖ-ਵੱਖ ਪਿੰਡਾਂ ਵਿੱਚ ਮੀਟਿੰਗਾਂ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੁਦਰਤੀ ਸਾਧਨਾਂ ਨਾਲ ਕੀਤੇ ਜਾ ਰਹੇ ਖਿਲਵਾੜ ਦੇ ਨਤੀਜੇ ਆਖਿਰ ਵਿੱਚ ਹਲਕਾ ਵਾਸੀਆਂ ਨੂੰ ਹੀ ਭੁਗਤਣੇ ਪੈਣਗੇ ਇਸ ਲਈ ਮਾਈਨਿੰਗ ਮਾਫੀਆ ਦੇ ਨਜਾਇਜ਼ ਆਪਰੇਸ਼ਨਾਂ ਨੂੰ ਰੋਕਣ ਦੀ ਜਿੰਮੇਵਾਰੀ ਵੀ ਹੁਣ ਹਲਕਾ ਵਾਸੀਆਂ ਦੀ ਹੈ ਕਿਉਂਕਿ ਪੁਲਿਸ-ਪ੍ਰਸ਼ਾਸ਼ਨ ਇਸ ਮਾਫੀਆ ਅੱਗੇ ਗੋਡੇ ਟੇਕ ਚੁੱਕਾ ਹੈ ਤੇ ਸੂਬਾ ਸਰਕਾਰ ਵੀ ਇਨ੍ਹਾਂ ਦੇ ਹੀ ਇਸ਼ਾਰਿਆਂ ਉੱਪਰ ਨੱਚ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਹਲਕੇ ਅੰਦਰ ਲੋਕਾਂ ਨੂੰ ਇਸ ਸੰਵੇਦਨਸ਼ੀਲ ਮੁੱਦੇ ਪ੍ਰਤੀ ਜਾਗਰੂਕ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ ਤਾਂ ਜੋ ਕੁਦਰਤ ਨਾਲ ਕੀਤੇ ਜਾ ਰਹੇ ਖਿਲਵਾੜ ਨੂੰ ਰੋਕਿਆ ਜਾ ਸਕੇ।