– ਸੁਖਬੀਰ ਸਿੰਘ ਬਾਦਲ ਯਾਤਰਾ ਦੀ ਅਗਵਾਈ ਕਰਨਗੇ ਤੇ ਇਕ ਮਹੀਨੇ ਵਿਚ 43 ਹਲਕਿਆਂ ਵਿਚ ਜਾਣਗੇ
ਦਾ ਐਡੀਟਰ ਨਿਊਜ਼, ਚੰਡੀਗੜ੍ਹ —— ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ 1 ਫਰਵਰੀ ਤੋਂ ਅਟਾਰੀ ਵਿਚ ਭਾਰਤ-ਪਾਕਿਸਤਾਨ ਸਰਹੱਦ ਤੋਂ ਸ਼ੁਰੂ ਹੋਵੇਗੀ ਅਤੇ ਇਹ ਇਕ ਮਹੀਨੇ ਵਿਚ 43 ਹਲਕਿਆਂ ਵਿਚ ਜਾਵੇਗੀ। ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਦੇ ਨਾਲ ਮਿਲ ਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋਣ ਮਗਰੋਂ ਯਾਤਰਾ ਸ਼ੁਰੂ ਕਰਨਗੇ।
ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਯਾਤਰਾ ਦੌਰਾਨ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ (ਆਪ) ਦੋਵਾਂ ਨੂੰ ਬੇਨਕਾਬ ਕੀਤਾ ਜਾਵੇਗਾ ਤੇ ਦੱਸਿਆ ਜਾਵੇਗਾ ਕਿ ਕਿਵੇਂ ਸਮੇਂ ਦੀਆਂ ਅਕਾਲੀ ਦਲ ਦੀਆਂ ਸਰਕਾਰਾਂ ਨੇ ਸੂਬੇ ਦਾ ਵਿਕਾਸ ਕਰਵਾਇਆ। ਉਹਨਾਂ ਕਿਹਾ ਕਿ ਪਿਛਲੀ ਕਾਂਗਰਸ ਤੇ ਮੌਜੂਦਾ ਆਪ ਸਰਕਾਰ ਨੇ ਕੀਤੇ ਸਾਰੇ ਵਾਅਦੇ ਵਿਸਾਰ ਕੇ ਪੰਜਾਬੀਆਂ ਨਾਲ ਧਰੋਹ ਕਮਾਇਆ ਹੈ ਅਤੇ ਨਾ ਤਾਂ ਕੋਈ ਵੀ ਵਿਕਾਸ ਕਾਰਜ ਕੀਤਾ ਤੇ ਰੋਜ਼ਗਾਰ ਦਿੱਤਾ ਅਤੇ ਨਾ ਹੀ ਕਿਸਾਨਾਂ, ਵਪਾਰੀਆਂ ਤੇ ਸਮਾਜ ਦੇ ਕਮਜ਼ੋਰ ਵਰਗਾਂ ਦੀ ਦਸ਼ਾ ਸੁਧਾਰਨ ਵਾਸਤੇ ਕੱਖ ਵੀ ਨਹੀਂ ਕੀਤਾ। ਉਹਨਾਂ ਕਿਹਾ ਕਿ ਅਸੀਂ ਹਰ ਹਲਕੇ ਵਿਚ ਜਾਵਾਂਗੇ ਤੇ ਅਕਾਲੀ ਦਲ ਦੇ ਪ੍ਰਧਾਨ ਇਕ ਦਿਨ ਵਿਚ ਦੋ ਹਲਕੇ ਕਵਰ ਕਰਨਗੇ। ਅਸੀਂ ਲੋਕਾਂ ਨੂੰ ਦੱਸਾਂਗੇ ਕਿ ਕਾਂਗਰਸ ਤੇ ਆਪ ਸਰਕਾਰ ਨੇ ਕੀ ਕੀਤਾ ਹੈ ਤੇ ਲੋਕਾਂ ਨੂੰ ਉਹਨਾਂ ਦੀ ਕਾਰਗੁਜ਼ਾਰੀ ਦੀ ਤੁਲਨ ਅਕਾਲੀ ਦਲ ਦੀਆਂ ਸਰਕਾਰਾਂ ਦੀ ਕਾਰਗੁਜ਼ਾਰੀ ਨਾਲ ਤੁਲਨਾ ਕਰਨ ਵਾਸਤੇ ਆਖਾਂਗੇ।
ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਹਰ ਹਲਕੇ ਵਿਚ ਇਕ ਨਿਸ਼ਚਿਤ ਥਾਂ ’ਤੇ ਲੋਕਾਂ ਨਾਲ ਮੁਲਾਕਾਤ ਕਰਨਗੇ ਤੇ ਗੱਲਬਾਤ ਕਰਨਗੇ। ਉਹਨਾਂਕਿਹਾ ਕਿ ਪਾਰਟੀ ਨੂੰ ਮਿਲੀ ਫੀਡਬੈਕ ਦੇ ਮੁਤਾਬਕ ਸਮਾਜ ਦਾ ਹਰ ਵਰਗ ਪੀੜਤ ਹੈ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਵਾਰ-ਵਾਰ ਫਸਲ ਫੇਲ੍ਹ ਹੋਣ ਮਗਰੋਂ ਵੀ ਮੁਆਵਜ਼ਾ ਨਹੀਂ ਮਿਲਿਆ। ਗਰੀਬ ਵਰਗਾਂ ਲਈ ਸਮਾਜ ਭਲਾਈ ਸਕੀਮਾਂ ਵਿਚ ਕਟੌਤੀ ਕੀਤੀ ਗਈ ਹੈ। ਸਰਕਾਰੀ ਨੌਕਰੀਆਂ ਵਿਚ ਪੰਜਾਬੀਆਂ ਦੀ ਥਾਂ ਬਾਹਰਲੇ ਨੌਜਵਾਨਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ।
ਡਾ. ਚੀਮਾ ਨੇ ਕਿਹਾ ਕਿ ਯਾਤਰਾ ਇਹ ਵੀ ਦੱਸੇਗੀ ਕਿ ਪੰਜਾਬ ਵਿਚ ਕਿਵੇਂ ਕਾਨੂੰਨ ਵਿਵਸਥਾ ਢਹਿ ਢੇਰੀ ਹੋਈ ਹੈ ਤੇ ਗੈਂਗਸਟਰ ਸਭਿਆਚਾਰ ਪਲਿਆ ਹੈ ਜਿਸ ਕਾਰਨ ਘਰੇਲੂ ਨਿਵੇਸ਼ਕ ਵੀ ਪੰਜਾਬ ਤੋਂ ਬਾਹਰ ਜਾ ਰਹੇ ਹਨ। ਉਹਨਾਂ ਕਿਹਾ ਕਿ ਅਸੀਂ ਆਪ ਵਿਧਾਇਕਾਂ ਤੇ ਮੰਤਰੀਆਂ ਵੱਲੋਂ ਕੀਤੀ ਜਾ ਰਹੀ ਵੱਡੇ ਪੱਧਰ ’ਤੇ ਗੈਰ ਕਾਨੂੰਨੀ ਮਾਇਨਿੰਗ ਦਾ ਮੁੱਦਾ ਵੀ ਚੁੱਕਾਂਗੇ ਅਤੇ ਆਪ ਵਿਧਾਇਕਾਂ ਵੱਲੋਂ ਨਸ਼ਾ ਤਸਕਰਾਂ ਦੀ ਕੀਤੀ ਜਾ ਰਹੀ ਪੁਸ਼ਤ ਪਨਾਹੀ ਬਾਰੇ ਵੀ ਦੱਸਾਂਗੇ। ਉਹਨਾਂ ਕਿਹਾ ਕਿ ਸਿਆਸੀ ਬਦਲਾਖੋਰੀ ਤੋਂ ਇਲਾਵਾ ਭ੍ਰਿਸ਼ਟਾਚਾਰ ਅਤੇ ਪੰਜਾਬ ਦੇ ਦਰਿਆਈ ਪਾਣੀਆਂ ਤੇ ਸੂਬੇ ਦੀ ਰਾਜਧਾਨੀ ਸਮੇਤ ਆਪ ਸਰਕਾਰ ਵੱਲੋਂ ਪੰਜਾਬ ਦੇ ਮੁੱਖ ਮੁੱਦਿਆਂ ’ਤੇ ਮੁਕੰਮਲ ਆਤਮ ਸਮਰਪਣ ਕਰਨ ਦਾ ਮੁੱਦਾ ਵੀ ਯਾਤਰਾ ਦੌਰਾਨ ਚੁੱਕਿਆ ਜਾਵੇਗਾ।
ਇਹ ਯਾਤਰਾ 1 ਫਰਵਰੀ ਨੂੰ ਅਟਾਰੀ ਤੇ ਰਾਜਾਸਾਂਸੀ, 2 ਨੂੰ ਅਜਨਾਲਾ ਤੇ ਮਜੀਠਾ, 5 ਨੂੰ ਅੰਮ੍ਰਿਤਸਰ ਸ਼ਹਿਰ ਦੇ ਪੰਜ ਹਲਕਿਆਂ, 6 ਨੂੰ ਜੰਡਿਆਲਾ ਗੁਰੂ ਤੇ ਬਾਬਾ ਬਕਾਲਾ, 7 ਫਰਵਰੀ ਨੂੰ ਖਡੂਰ ਸਾਹਿਬ ਤੇ ਤਰਨਤਾਰਨ, 8 ਨੂੰ ਪੱਟੀ ਅਤੇ ਖੇਮਕਰਨ, 9 ਨੂੰ ਜ਼ੀਰਾ ਅਤੇ ਫਿਰੋਜ਼ਪੁਰ ਸ਼ਹਿਰ, 12 ਨੂੰ ਫਿਰੋਜ਼ਪੁਰ ਦਿਹਾਤੀ ਤੇ ਫਰੀਦਕੋਟ, 13 ਫਰਵਰੀ ਨੂੰ ਕੋਟਕਪੁਰਾ ਅਤੇ ਜੈਤੋਂ, 14 ਨੂੰ ਗਿੱਦੜਬਾਹਾ ਤੇ ਸ੍ਰੀ ਮੁਕਤਸਰ ਸਾਹਿਬ, 15 ਨੂੰ ਗੁਰੂ ਹਰਿਸਹਾਏ ਤੇ ਜਲਾਲਾਬਾਦ, 16 ਨੂੰ ਫਾਜ਼ਿਲਕਾ ਅਤੇ ਅਬੋਹਰ, 19 ਨੂੰ ਬੱਲੂਆਣਾ ਤੇ ਮਲੌਟ, 20 ਨੂੰ ਲੰਬੀ ਤੇ ਬਠਿੰਡਾ ਦਿਹਾਤੀ, 21 ਨੂੰ ਭੁੱਚੋ ਮੰਡੀ ਤੇ ਬਠਿੰਡਾ ਸ਼ਹਿਰੀ, 22 ਨੂੰ ਬਾਘਾ ਪੁਰਾਣਾ ਤੇ ਨਿਹਾਲ ਸਿੰਘ ਵਾਲਾ, 23 ਨੂੰ ਧਰਮਕੋਟ ਅਤੇ ਮੋਗਾ, 26 ਨੂੰ ਰਾਮਪੁਰਾ ਅਤੇ ਮੌੜ ਮੰਡੀ, 27 ਨੂੰ ਬੁਢਲਾਡਾ ਅਤੇ ਮਾਨਸਾ ਅਤੇ 28 ਫਰਵਰੀ ਨੂੰ ਸਰਦੂਲਗੜ੍ਹ ਤੇ ਤਲਵੰਡੀ ਸਾਬੋ ਹਲਕਿਆਂ ਵਿਚ ਜਾਵੇਗੀ।