ਦਾ ਐਡੀਟੋਰ ਨਿਊਜ਼, ਹੁਸ਼ਿਆਰਪੁਰ – ਹੁਸ਼ਿਆਰਪੁਰ ਤੋਂ 13 ਕਿਲੋ-ਮੀਟਰ ਦੂਰ ਦੁਸੜਕਾ ਵਿਖੇ ਹੋਏ ਸੰਦੀਪ ਸਿੰਘ ਚੀਨਾ ਦੇ ਕਤਲ ਮਾਮਲੇ ‘ਚ ‘ਦਾ ਐਡੀਟਰ ਨਿਊਜ਼’ ਦੀ ਖ਼ਬਰ ‘ਤੇ ਮੋਹਰ ਲੱਗ ਗਈ ਹੈ। ‘ਦਾ ਐਡੀਟਰ ਨਿਊਜ਼’ ਨੇ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਸੰਦੀਪ ਸਿੰਘ ਚੀਨਾ ਦਾ ਕਤਲ ਰੰਜਿਸ਼ ‘ਚ ਕੀਤਾ ਗਿਆ ਸੀ। ‘ਦਾ ਐਡੀਟਰ ਨਿਊਜ਼’ ਨੇ ਦੱਸਿਆ ਸੀ ਕਿ ਪਿੰਡ ਅਸਲਪੁਰ ਦੇ ਰਹਿਣ ਵਾਲੇ ਅਨੂਪ ਕੁਮਾਰ ਉਰਫ ਵਿੱਕੀ ਅਤੇ ਉਸ ਦੇ ਸਾਥੀਆਂ ਦੀ ਇੱਕ ਕਥਿਤ ਲੁੱਟ-ਖੋਹ ਦੇ ਸ਼ੱਕ ਹੇਠ ਮ੍ਰਿਤਕ ਸੰਦੀਪ ਚੀਨਾ ਨੇ ਦੁਸੜਕੇ ਵਿਖੇ ਬਣਾਏ ਗਏ ‘ਕਾਜਲ ਅਰਥ ਮੂਵਰ’ ਡੰਪ ‘ਤੇ ਪਹਿਲਾਂ ਇਨ੍ਹਾਂ ਦੀ ਕੁੱਟਮਾਰ ਕੀਤੀ ਅਤੇ ਫੇਰ ਉਸ ਦੀ ਵੀਡੀਓ ਬਣਾਈ ਅਤੇ ਫੇਰ ਉਸ ਨੂੰ ਵਾਇਰਲ ਕਰ ਦਿੱਤਾ ਸੀ, ਜਿਸ ਦੀ ਰੰਜਿਸ਼ ‘ਚ ਇਹ ਕਤਲ ਹੋਇਆ ਹੈ।


ਜਿਸ ਤੋਂ ਬਾਅਦ ਪੁਲਿਸ ਸਰਪੰਚ ਸੰਦੀਪ ਕੁਮਾਰ ਛੀਨਾ ਕਤਲ ਕੇਸ ਦੇ ਮੁੱਖ ਮੁਲਜ਼ਮ ਅਨੂਪ ਕੁਮਾਰ ਵਿੱਕੀ ਦੀ ਭਾਲ ‘ਚ ਸੀ। ਬੀਤੀ ਮੰਗਲਵਾਰ ਰਾਤ ਕਰੀਬ 12 ਵਜੇ ਜਦੋਂ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਵਿੱਕੀ ਨੂੰ ਘੇਰ ਲਿਆ ਤਾਂ ਉਸ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਵਿੱਕੀ ਜ਼ਖ਼ਮੀ ਹੋ ਗਿਆ। ਪੁਲਿਸ ਦੀ ਜਵਾਬੀ ਗੋਲੀਬਾਰੀ ਵਿੱਚ ਉਸ ਦੀ ਸੱਜੀ ਲੱਤ ਵਿੱਚ ਦੋ ਗੋਲੀਆਂ ਲੱਗੀਆਂ ਹਨ। ਜ਼ਖਮੀ ਹਾਲਤ ‘ਚ ਵਿੱਕੀ ਨੂੰ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਵਿਖੇ ਦਾਖਲ ਕਰਵਾਇਆ ਗਿਆ ਹੈ।
4 ਜਨਵਰੀ ਦੀ ਸਵੇਰ ਸਰਪੰਚ ਅਤੇ ਬਹੁਜਨ ਸਮਾਜ ਪਾਰਟੀ ਦੇ ਆਗੂ ਸੰਦੀਪ ਕੁਮਾਰ ਚੀਨਾ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੇ ਜਾਣ ਤੋਂ ਬਾਅਦ ਸੰਦੀਪ ਚੀਨਾ ਦੇ ਪਰਿਵਾਰ ਅਤੇ ਸਮਰਥਕਾਂ ਵਲੋਂ ਟਾਂਡਾ ਰੋਡ ਜਾਮ ਕੀਤਾ ਗਿਆ ਸੀ ਅਤੇ ਕਿਹਾ ਗਿਆ ਸੀ ਕੀ ਜਦੋ ਤੱਕ ਕਾਤਲ ਫੜੇ ਨਹੀ ਜਾਂਦੇ ਉਦੋਂ ਤੱਕ ਸਸਕਾਰ ਨਹੀ ਕੀਤਾ ਜਾਵੇਗਾ ਅਤੇ ਇਹ ਮਾਮਲਾ ਪੁਲਿਸ ਲਈ ਇਕ ਵੱਡੀ ਪ੍ਰੇਸ਼ਾਨੀ ਬਣਿਆ ਹੋਇਆ ਸੀ ਜਿਸ ਵਿੱਚ ਅੱਜ ਪੁਲਿਸ ਵਲੋਂ ਮੁੱਖ ਅਰੋਪੀ ਅਨੂਪ ਕੁਮਾਰ ਵਿੱਕੀ ਨੂੰ ਫੜ ਲਿਆ ਗਿਆ ਹੈ।