ਡੇਰਾ ਮੁੱਖੀ ਦੀ ਵਿਵਾਦਤ ਪੌਸ਼ਾਕ ‘ਤੇ ਡੇਰੇ ਅੰਦਰ ਹੀ ਘਮਾਸਾਣ, ਚਾਰ ਪ੍ਰਬੰਧਕਾਂ ਨੂੰ ਨੋਟਿਸ
ਚੰਡੀਗੜ-ਡੇਰਾ ਮੁੱਖੀ ਗੁਰਮੀਤ ਰਾਮ ਰਹੀਮ ਵੱਲੋਂ ਪਾਈ ਗਈ ਪੌਸ਼ਾਕ ਦਾ ਮਾਮਲਾ ਆਉਣ ਵਾਲੇ ਦਿਨਾਂ ਵਿਚ ਹੋਰ ਵੱਡਾ ਮੁੱਦਾ ਬਣਨ ਜਾ ਰਿਹਾ ਹੈ ਤੇ ਹੁਣ ਡੇਰੇ ਦੇ ਹੀ ਇਕ ਪੈਰੋਕਾਰ ਵੱਲੋਂ ਡੇਰੇ ਦੇ ਪ੍ਰਬੰਧਕਾਂ ਨੂੰ ਇਕ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ, ਜਿਸ ਨਾਲ ਜਿੱਥੇ ਪੌਸ਼ਾਕ ਦਾ ਮਾਮਲਾ ਹੋਰ ਭਖੇਗਾ ਉੱਥੇ ਇਸ ਕਾਨੂੰਨੀ ਨੋਟਿਸ ਨਾਲ ਇਹ ਗੱਲ ਜੱਗ-ਜਾਹਿਰ ਹੋਣ ਲੱਗ ਪਈ ਹੈ ਕਿ ਡੇਰੇ ਅੰਦਰ ਕੁਝ ਵੀ ਠੀਕ ਠਾਕ ਨਹੀਂ ਹੈ, ਡੇਰਾ ਮੁੱਖੀ ਦੇ ਜੇਲ ਜਾਣ ਤੋਂ ਬਾਅਦ ਡੇਰੇ ਦੇ ਹੀ ਪ੍ਰਬੰਧਕਾਂ ਦੀ ਗੁੱਟਬੰਦੀ ਚਰਮ ਸੀਮਾ ‘ਤੇ ਹੈ ਤੇ ਡੇਰੇ ਦੇ ਅੰਦਰ ਤੇ ਬਾਹਰ ਡੇਰਾ ਪ੍ਰਬੰਧਕਾਂ ਤੇ ਡੇਰਾ ਪੈਰੋਕਾਰਾਂ ਦੇ ਕਈ ਗੁੱਟ ਬਣ ਚੁੱਕੇ ਹਨ, ਜਿਸ ਦੀ ਜਾਣਕਾਰੀ ਡੇਰਾ ਮੁੱਖੀ ਨੂੰ ਵੀ ਹੈ, ਕਈਆਂ ਦੀ ਤਾਂ ਅੱਖ ਡੇਰੇ ਦੀ ਗੱਦੀ ‘ਤੇ ਟਿਕੀ ਹੋਈ ਹੈ, ਹਾਲਾਂਕਿ ਕੁਝ ਦਿਨ ਪਹਿਲਾ ਹੀ ਡੇਰਾ ਮੁੱਖੀ ਨੇ ਜੇਲ ਵਿਚੋ ਹੀ ਭੇਜੇ ਇਕ ਸੁਨੇਹੇ ਰਾਹੀਂ ਇਹ ਗੱਲ ਸਪੱਸ਼ਟ ਕੀਤੀ ਸੀ ਕਿ ਉਹ ਹੀ ਡੇਰਾ ਮੁੱਖੀ ਰਹਿਣਗੇ। ਹੁਣ ਇਹ ਨੋਟਿਸ ਅਸ਼ੋਕ ਕੁਮਾਰ ਨਾਮ ਦੇ ਇਕ ਸਖਸ਼ ਜੋ ਕਿ ਕਿੱਤੇ ਵਜੋਂ ਇਕ ਵਕੀਲ ਹੈ ਤੇ ਡੇਰੇ ਦਾ ਪੁਰਾਣਾ ਪੈਰੋਕਾਰ ਵੀ ਹੈ ਨੇ ਡੇਰੇ ਦੇ ਚਾਰ ਪ੍ਰਬੰਧਕਾਂ ਨੂੰ ਭੇਜਿਆ ਹੈ ਤੇ ਇਹ ਪੁੱਛਿਆ ਹੈ ਕਿ ਡੇਰੇ ਦੀ ਇਹ ਮੈਨੇਜਮੈਂਟ ਇਹ ਦੱਸੇ ਕਿ ਜਿਹੜੀ ਪੌਸ਼ਾਕ ਡੇਰਾ ਮੁੱਖੀ ਨੇ 29 ਅਪ੍ਰੈਲ 2007, 6 ਮਈ 2007 ਤੇ ਫਿਰ 12 ਮਈ 2007 ਨੂੰ ਡੇਰੇ ਅੰਦਰ ਤੇ ਬਾਅਦ ਵਿਚ 13 ਮਈ 2007 ਨੂੰ ਪੰਜਾਬ ਦੇ ਸਲਾਬਤਪੁਰਾ ਡੇਰੇ ਵਿਚ ਸਵਾਂਗ ਰਚਣ ਵੇਲੇ ਪਹਿਨੀ ਸੀ ਉਹ ਪੌਸ਼ਾਕ ਕਿੱਥੋ ਆਈ ਸੀ। ਇਹ ਲੀਗਲ ਨੋਟਿਸ ਡੇਰੇ ਦੇ ਸੀਨੀਅਰ ਵਾਈਸ ਚੇਅਰਮੈਨ ਡਾ. ਪ੍ਰਿਥਵੀ ਰਾਜ ਨੈਣ, ਵਾਈਸ ਚੇਅਰਮੈਨ ਸੁਖਦੇਵ ਸਿੰਘ ਦੀਵਾਨਾ, ਵਾਈਸ ਚੇਅਰਮੈਨ ਮੋਹਣ ਸਿੰਘ ਉਰਫ ਮੋਹਨ ਲਾਲ, ਮੈਨੇਜਰ ਪ੍ਰਬੰਧਕੀ ਬਲਾਕ ਜੋਰਾ ਸਿੰਘ ਨੂੰ ਭੇਜਿਆ ਗਿਆ ਹੈ ਤੇ ਇੱਥੇ ਇਹ ਗੱਲ ਵਰਨਣਯੋਗ ਹੈ ਕਿ ਡਾ. ਪ੍ਰਿਥਵੀ ਰਾਜ ਨੈਣ ਉਸ ਸਮੇਂ ਡੇਰਾ ਪ੍ਰਬੰਧਕ ਕਮੇਟੀ ਦੇ ਮੁੱਖੀ ਸਨ।
ਲੀਗਲ ਨੋਟਿਸ ਰਾਹੀਂ ਇਹ ਵੀ ਪੁੱਛਿਆ ਗਿਆ ਹੈ ਕਿ ਵਿਵਾਦਤ ਪੌਸ਼ਾਕ ਸ਼ਰਧਾਲੂ ਤੋਂ ਕਿਸ ਪ੍ਰਬੰਧਕ ਨੇ ਫੜੀ ਸੀ ਤੇ ਵਿਵਾਦਤ ਪੌਸ਼ਾਕ ਵਿਚ ਡੇਰਾ ਮੁੱਖੀ ਦੀਆਂ ਫੋਟੋਆਂ ਕਿਸ ਨੇ ਅਖਬਾਰਾਂ ਨੂੰ ਜਾਰੀ ਕੀਤੀਆਂ ਸਨ ਤੇ ਅਖਬਾਰਾਂ ਵਿਚ ਲਗਵਾਏ ਗਏ ਇਸ਼ਤਿਹਾਰ ਦੇ ਪੈਸੇ ਡੇਰੇ ਵਿਚੋ ਕਿਸ ਨੇ ਦਿੱਤੇ ਸਨ ਤੇ ਪੰਜਾਬ ਵਿਚ ਦੰਗਾ ਕਰਾਉਣ ਦੀ ਸਾਜਿਸ਼ ਡੇਰੇ ਅੰਦਰ ਕਿਸ ਨੇ ਘੜੀ ਸੀ, ਕਿਉਂਕਿ ਇਹ ਲੀਗਲ ਨੋਟਿਸ ਡੇਰੇ ਦੇ ਪੁਰਾਣੇ ਪੈਰੋਕਾਰ ਨੇ ਭੇਜਿਆ ਹੈ, ਇਸ ਤੋਂ ਇਹ ਗੱਲ ਸਾਫ ਹੋ ਗਈ ਹੈ ਕਿ ਪੰਜਾਬ ਵਿਚ ਦੰਗੇ ਕਰਾਉਣ ਦੀ ਸਾਜਿਸ਼ ਡੇਰੇ ਦੇ ਅੰਦਰ ਹੀ ਘੜੀ ਗਈ ਸੀ, ਇਸ ਸਬੰਧੀ ‘ਦਾ ਐਡੀਟਰ’ ਨਾਲ ਗੱਲ ਕਰਦਿਆ ਅਸ਼ੋਕ ਕੁਮਾਰ ਨੇ ਕਿਹਾ ਕਿ ਡੇਰੇ ਅੰਦਰ ਕੋਈ ਵੀ ਪ੍ਰੇਮੀ ਜਦੋਂ ਆਮ ਤੌਰ ‘ਤੇ ਡੇਰਾ ਮੁੱਖੀ ਲਈ ਕੋਈ ਪੌਸ਼ਾਕ ਲੈ ਕੇ ਆਉਦਾ ਸੀ ਤਾਂ ਬਕਾਇਦਾ ਤੌਰ ‘ਤੇ ਇਸ ਦੀ ਐਂਟਰੀ ਰਜਿਸਟਰ ਵਿਚ ਹੁੰਦੀ ਸੀ ਕਿ ਕਿਹੜੀ ਪੌਸ਼ਾਕ ਕੌਣ ਲੈ ਕੇ ਆਇਆ ਹੈ ਤੇ ਉਸ ਦਾ ਪਿਛੋਕੜ ਕੀ ਹੈ, ਉਹ ਕਿਸ ਬਲਾਕ ਨਾਲ ਸਬੰਧਿਤ ਰੱਖਦਾ ਹੈ ਤੇ ਕਿੰਨੇ ਚਿਰ ਤੋਂ ਉਹ ਡੇਰੇ ਦਾ ਪੈਰੋਕਾਰ ਹੈ, ਉਨਾਂ ਕਿਹਾ ਕਿ ਇਹ ਗੱਲ ਕਿਵੇਂ ਹੋ ਸਕਦੀ ਹੈ ਕਿ ਇਸ ਵਿਵਾਦਤ ਪੌਸ਼ਾਕਦੀ ਐਂਟਰੀ ਬਾਰੇ ਕਿਸੇ ਨੂੰ ਪਤਾ ਹੀ ਨਾ ਹੋਵੇ। ਲੀਗਲ ਨੋਟਿਸ ਵਿਚ ਆਈ.ਪੀ.ਸੀ.ਦੀਆਂ ਧਾਰਾਵਾਂ 120-ਬੀ/121/121-ਏ/146/153ਏ/295ਏ/298/304/326/406/500/109/123/124/268/425/505 ਦਾ ਜਿਕਰ ਕੀਤਾ ਗਿਆ ਹੈ।