ਦਾ ਐਡੀਟਰ ਨਿਊਜ. ਚੰਡੀਗੜ੍ਹ ——– ਡਰੱਗ ਮਾਮਲੇ ਵਿੱਚ ਬਿਕਰਮ ਸਿੰਘ ਮਜੀਠੀਆ ਨੂੰ ਸ਼ਹੀਦੀ ਹਫਤੇ ਵਿੱਚ ਫਿਰ ਦੁਬਾਰਾ 27 ਦਿਸੰਬਰ ਨੂੰ ਬੁਲਾ ਲਿਆ ਹੈ, ਇਸੇ ਦੌਰਾਨ ਹੀ ਕੱਲ ਦੀ ਪੁੱਛਗਿੱਛ ਸਬੰਧੀ ਮਿਲੀ ਅਹਿਮ ਜਾਣਕਾਰੀ ਅਨੁਸਾਰ ਇਸ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਨੇ ਮਜੀਠੀਆ ਡਰੱਗ ਕੇਸ ਵਿੱਚ 7 ਘੰਟਿਆਂ ਵਿੱਚ ਉਹ ਹੀ ਸਵਾਲ ਦੁਹਰਾਏ ਹਨ ਜਿਹੜੇ ਉਨਾਂ 2 ਸਾਲ ਪਹਿਲਾ ਕੀਤੇ ਸਨ, ਮਿਲੀ ਜਾਣਕਾਰੀ ਅਨੁਸਾਰ ਮਜੀਠੀਆ ਨੇ ਐਸਆਈਟੀ ਨੂੰ ਇਹ ਸਵਾਲ ਕੀਤਾ ਕਿ ਉਹ ਡਰੱਗ ਕਿੱਥੇ ਹੈ ਜਿਸ ਦੇ ਆਧਾਰ ’ਤੇ ਮੇਰੇ ਖਿਲਾਫ ਡਰੱਗ ਦਾ ਮਾਮਲਾ ਦਰਜ ਕੀਤਾ ਗਿਆ ਹੈ, ਇਹ ਜਿਕਰਯੋਗ ਹੈ ਕਿ ਜਿਹੜੀਆਂ ਧਾਰਾਵਾਂ ਲਗਾ ਕੇ ਮਾਮਲਾ ਦਰਜ ਕੀਤਾ ਗਿਆ ਹੈ ਉਨਾਂ ਧਾਰਾਵਾਂ ਵਿੱਚ ਕਿਸੇ ਵੀ ਵਿਅਕਤੀ ਤੋਂ ਡਰੱਗ ਦਾ ਫੜੇ ਜਾਣਾ ਜਰੂਰੀ ਹੈ ਜਦ ਕਿ ਉਨਾਂ ਦੇ ਇਸ ਮਾਮਲੇ ਵਿੱਚ ਇੱਕ ਗ੍ਰਾਮ ਵੀ ਡਰੱਗ ਨਹੀਂ ਫੜੀ ਗਈ।
ਇਸ ਸਬੰਧੀ ਜਦੋਂ ਬਿਕਰਮ ਮਜੀਠੀਆ ਨਾਲ ਸੰਪਰਕ ਕੀਤਾ ਗਿਆ ਤਾਂ ਉਨਾਂ ਵੀ ਇਸ ਗੱਲ ਦਾ ਦਾਅਵਾ ਕੀਤਾ ਕਿ ਐਸਆਈਟੀ ਕੋਲ ਕੋਈ ਵੀ ਅਜਿਹਾ ਸਬੂਤ ਨਹੀਂ ਸੀ ਜਿਹੜਾ ਇਹ ਗੱਲ ਸਾਬਿਤ ਕਰ ਸਕਦਾ ਹੋਵੇ ਕਿ ਉਨ੍ਹਾਂ ਨੇ ਕਦੇ ਕੋਈ ਡਰੱਗ ਵੇਚੀ ਹੋਵੇ, ਉਨਾਂ ਕਿਹਾ ਕਿ ਇਹ ਸਾਰਾ ਕੁਝ ਰਾਜਨੀਤਿਕ ਰੰਜਿਸ਼ ਦੇ ਚੱਲਦਿਆ ਹੋ ਰਿਹਾ ਹੈ। ਬੀਤੇ ਕੱਲ੍ਹ ਮਜੀਠੀਆ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਕਿ ਉਹ ਜ਼ੁਲਮ ਦਾ ਟਾਕਰਾ ਕਰਨ ਲਈ ਤਿਆਰ ਹਨ, ਕਿਉਂਕਿ ਜ਼ੁਲਮ ਦਾ ਟਾਕਰਾ ਕਰਨਾ ਸਾਨੂੰ ਗੁੜਤੀ ’ਚ ਮਿਲਿਆ ਹੈ।

ਬਿਕਰਮ ਮਜੀਠੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਵੀ ਦੂਜੀ ਵਾਰ ਈਡੀ ਨੇ ਸੰਮਨ ਜਾਰੀ ਕੀਤਾ ਹੈ ਤੇ ਉਹ ਈਡੀ ਤੋਂ ਭੱਜਦੇ ਨੇ, ਉਨ੍ਹਾਂ ਇਥੇ ਵਿਅੰਗ ਕਰਦੇ ਹੋਏ ਕਿਹਾ ਕਿ ਜੇ ਕੇਜਰੀਵਾਲ ਨੂੰ ਈਡੀ ਅੱਗੇ ਪੇਸ਼ ਹੋਣ ਤੋਂ ਡਰ ਲੱਗਦਾ ਹੈ ਤਾਂ ਉਹ ਉਸ ਨੂੰ ਬਾਂਹ ਫੜ ਕੇ ਲੈ ਜਾਣਗੇ ਕਿ ਉਹ ਕੁਛ ਨਹੀਂ ਕਹਿੰਦੇ। ਮਜੀਠੀਆ ਨੇ ਕਿਹਾ ਕਿ ਉਹ ਐਸਆਈਟੀ ਤੋਂ ਨਹੀਂ ਭੱਜਣਗੇ, ਉਹ ਪੁਲਿਸ ਅਤੇ ਕਾਨੂੰਨ ਲਾਗੂ ਕਰਨ ਵਾਲਿਆਂ ਦਾ ਸਤਿਕਾਰ ਕਰਦੇ ਹਨ ਪਰ ਜਿਸ ਤਰ੍ਹਾਂ ਆਪ ਸਰਕਾਰ ਸਰਕਾਰੀ ਅਮਲੇ ਦੀ ਦੁਰਵਰਤੋਂ ਕਰ ਰਹੀ ਹੈ ਉਹ ਠੀਕ ਨਹੀਂ ਹੈ। ਮਜੀਠੀਆ ਨੇ ਕਿਹਾ ਕਿ ਐਸਆਈਟੀ ਮੁਖੀ 31 ਦਸੰਬਰ ਨੂੰ ਸੇਵਾਮੁਕਤ ਹੋ ਰਹੇ ਹਨ ਤੇ ਇਸ ਲਈ ਇਸ ਸੇਵਾਮੁਕਤੀ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੀ ਅਗਵਾਈ ਹੇਠ ਐਸ.ਆਈ.ਟੀ. ਬਣਾ ਲੈਣੀ ਚਾਹੀਦੀ, ਹੁਣ ਉਹ ਉਨ੍ਹਾਂ ਨਾਲ ਦੋ-ਦੋ ਹੱਥ ਕਰਨਾ ਚਾਹੁੰਦੇ ਹਨ।