ਪਰਮਿੰਦਰ ਸਿੰਘ ਬਰਿਆਣਾ
ਦਾ ਐਡੀਟਰ ਨਿਊਜ਼, ਹੁਸ਼ਿਆਰਪੁਰ ——– ਜਲੰਧਰ ਚਿੰਤਪੁਰਨੀ ਨੈਸ਼ਨਲ ਹਾਈਵੇ ਤੇ ਹੁਸ਼ਿਆਰਪੁਰ ਦੇ ਪਿੱਪਲਾਂ ਵਾਲਾ ਬਾਈਪਾਸ ਵਿੱਚ ਹੋਏ 100 ਕਰੋੜ ਦੇ ਸਕੈਮ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਹੋਰ 42 ਵਿਅਕਤੀਆਂ ਨੂੰ ਨਾਮਜਦ ਕਰਨ ਤੋਂ ਬਾਅਦ, ਇਸ ਮਾਮਲੇ ਵਿੱਚ ਜਿੱਥੇ ਕਈ ਪਰਤਾਂ ਖੁੱਲ ਰਹੀਆਂ ਹਨ, ਉੱਥੇ ਹੀ ਸ਼ਹਿਰ ਦੇ ਇੱਕ ਵੱਡੇ ਕਾਰੋਬਾਰੀ ਤੇ ਵਿਜੀਲੈਂਸ ਦੇ ਕੁਝ ਅਫਸਰਾਂ ਦੀ ਰਹਿਮ ਦਿਲੀ ਦੇ ਕਿੱਸੇ ਵੀ ਹੁਸ਼ਿਆਰਪੁਰ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਸ ਸਬੰਧੀ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਗੈਰ ਕਾਨੂੰਨੀ ਕਲੋਨੀਆਂ ਦੇ ਬੇਤਾਜ ਬਾਦਸ਼ਾਹ ਅਤੇ ਭੂ ਮਾਫੀਆ ਦਾ ਸਰਗਣਾ ਅਰੁਣ ਗੁਪਤਾ ਅਤੇ ਉਸਦੇ ਪਿਤਾ ਤਿਲਕ ਰਾਜ ਗੁਪਤਾ ਤੇ ਵਿਜੀਲੈਂਸ ਦੀ ਖਾਸ ਮਿਹਰਬਾਨੀ ਝਲਕ ਰਹੀ ਹੈ, ਕਿਉਂਕਿ ਇਹ ਦੋਵੇਂ ਪਿਓ ਪੁੱਤ ਦੇ ਘਰ ‘ਚ ਵਿਜੀਲੈਂਸ ਨੇ ਇੱਕ ਰੇਡ ਵੀ ਨਹੀਂ ਮਾਰੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇੱਕ ਮਿੱਥੀ ਸਾਜਿਸ਼ ਦੇ ਤਹਿਤ ਇਸ ਪਰਿਵਾਰ ਨੂੰ ਜਿੱਥੇ ਜਮਾਨਤ ਕਰਾਉਣ ਦਾ ਮੌਕਾ ਦਿੱਤਾ ਗਿਆ, ਉੱਥੇ ਇਸ ਸਕੈਮ ਨਾਲ ਜੁੜੇ ਅਹਿਮ ਦਸਤਾਵੇਜਾਂ ਨੂੰ ਟਿਕਾਣੇ ਲਗਾਉਣ ਦਾ ਮੌਕਾ ਵੀ ਦੇ ਦਿੱਤਾ ਗਿਆ।

ਇਥੋਂ ਤੱਕ ਕਿ ਇਸ ਦੂਸਰੀ ਜਾਂਚ ਵਿੱਚ ਵਿਜੀਲੈਂਸ ਬਿਊਰੋ ਨਾਮਜਦ ਨਹੀਂ ਕਰ ਰਹੀ ਸੀ ਅਤੇ ਮਜਬੂਰ ਹੋ ਕੇ ਪਿੱਪਲਾਂ ਵਾਲੇ ਦੇ ਛੇ ਕਿਸਾਨ ਪਰਿਵਾਰਾਂ ਜਸਪਿੰਦਰ ਸਿੰਘ,ਓਂਕਾਰ ਸਿੰਘ,ਸੁਖਵਿੰਦਰ ਸਿੰਘ,ਜਗਰੂਪ ਸਿੰਘ, ਹਰਪ੍ਰੀਤ ਸਿੰਘ ਨੇ ਵਿਜੀਲੈਂਸ ਬਿਊਰੋ ਦੇ ਏਡੀਜੀਪੀ ਨੂੰ ਚਿੱਠੀ ਲਿਖਣੀ ਪਈ ਤਾਂ ਜਾ ਕੇ ਇਸ ਪਿਓ ਪੁੱਤ ਨੂੰ ਨਾਮਜਦ ਕੀਤਾ ਗਿਆ। ਇਸ ਲਿਖੀ ਗਈ ਚਿੱਠੀ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਕਿ ਜਿਸ ਤਰ੍ਹਾਂ ਸਕੈਮ ਵਿੱਚ ਮਿਲੇ ਪੈਸਿਆਂ ਦੇ ਬਲਬੂਤੇ ਤੇ ਇਹ ਪਹਿਲੀ ਜਾਂਚ ਵਿੱਚ ਬਚਦੇ ਰਹੇ ਅਤੇ ਉਸੇ ਬਲਬੂਤੇ ਤੇ ਇਹ ਦੁਬਾਰਾ ਬਚ ਰਹੇ ਹਨ। ਇਹਨਾਂ ਕਿਸਾਨਾਂ ਨੇ ਕਿਹਾ ਕਿ ਵਿਜੀਲੈਂਸ ਬਿਊਰੋ ਦਾ ਇੱਕ ਵੱਡਾ ਅਧਿਕਾਰੀ ਅੱਜ ਵੀ ਇਹਨਾਂ ਦੀ ਪੁਸ਼ਤ ਪਨਾਹੀ ਕਰ ਰਿਹਾ ਹੈ।

ਵਿਜੀਲੈਂਸ ਨੂੰ ਲਿਖੀ ਚਿੱਠੀ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਕਿ ਤਿਲਕਰਾਜ ਗੁਪਤਾ ਅਤੇ ਅਰੁਣ ਗੁਪਤਾ ਨੇ ਪਿੰਡ ਹਰਦੋਖਾਨਪੁਰ ਵਿੱਚ ਮਹਿਜ ਚਾਰ-ਪੰਜ ਹਜਾਰ ਰੁਪਏ ਵਿੱਚ ਖਰੀਦੇ ਇਕ ਮਰਲੇ ਨੂੰ ਇਹਨਾਂ ਨੇ ਸਰਕਾਰ ਨੂੰ 7 ਲੱਖ ਰੁਪਏ ਵਿੱਚ ਵੇਚ ਕੇ ਇਸ ਪਿਓ ਪੁੱਤ ਨੇ ਹੀ 10 ਕਰੋੜ ਦਾ ਚੂਨਾ ਹਰਦੋਖਾਨਪੁਰ ਵਿੱਚ ਹੀ ਲਗਾਇਆ ਹੈ। ਹਾਲਾਂਕਿ ਪਿੱਪਲਾਵਾਲਾ ਮਾਮਲਾ ਵਿੱਚ ਰੱਖ ਕੇ ਇਹਨਾਂ ਦੇ ਧੜੇ ਨੇ 25 ਕਰੋੜ ਉਹ ਰੁਪਇਆ ਇਕੱਲਿਆਂ ਨੇ ਕਮਾਇਆ ਹੈ। ਇੱਥੇ ਇਹ ਵੀ ਗੱਲ ਦੱਸਣ ਯੋਗ ਹੈ ਕਿ ਇਸ 100 ਕਰੋੜ ਨੂੰ ਅੰਜਾਮ ਦੇਣ ਲਈ ਵੀ ਤਿੰਨ ਧੜੇ ਬਣੇ ਹੋਏ ਸਨ, ਜਿਸ ਵਿੱਚ ਦੂਜਾ ਧੜਾ ਹਰਪਿੰਦਰ ਗਿੱਲ ਦਾ ਅਤੇ ਪ੍ਰਦੀਪ ਗੁਪਤਾ ਦਾ ਤੀਜਾ ਧੜਾ ਸੀ ਅਤੇ ਤਿੰਨਾਂ ਧੜਿਆਂ ਦਾ ਇੱਕੋ ਸਰਗਣਾ ਐਸਡੀਐਮ ਅਨੰਦ ਸਾਗਰ ਸ਼ਰਮਾ ਸੀ

ਜਾਲੀ ਅਸ਼ਟਾਮਾਂ ਦੇ ਸਿਰ ਤੇ ਖੇਡੀ ਖੇਡ
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਸਕੈਂਡਲ ਵਿੱਚ ਜਿਹੜੀਆਂ 54 ਰਜਿਸਟਰੀਆਂ ਨੋਟੀਫਿਕੇਸ਼ਨ ਤੋਂ ਬਾਅਦ ਹੋਈਆਂ ਉਹਨਾਂ ਵਿੱਚ ਹਰਦੋਖਾਨਪੁਰ ਦੀਆਂ ਵੀ ਰਜਿਸਟਰੀਆਂ ਸ਼ਾਮਿਲ ਸੀ ਜਦੋਂ ਇਹ ਮਾਮਲਾ ਉਜਾਗਰ ਹੋਇਆ ਤਾਂ ਤਿਲਕ ਰਾਜ ਗੁਪਤਾ ਅਤੇ ਅਰੁਣ ਗੁਪਤਾ ਨੇ ਅਸ਼ਟਾਮ ਪੇਪਰਾਂ ਤੇ ਫਰਜ਼ ਬਿਆਨੇ ਤਿਆਰ ਕਰ ਲਏ ਅਤੇ ਇਹ ਕਹਾਣੀ ਬਣਾਈ ਗਈ ਕਿ ਇਹ ਬਾਈਪਾਸ ਵਿੱਚ ਆਉਣ ਵਾਲੀ ਜਮੀਨ ਦਾ ਸੌਦਾ ਪਹਿਲਾਂ ਹੀ ਕੀਤਾ ਹੋਇਆ ਸੀ, ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਵਿਜੀਲੈਂਸ ਦਾ ਇੱਕ ਅਧਿਕਾਰੀ ਇਹਨਾਂ ਕਿਸਾਨਾਂ ਨੂੰ ਇਹ ਵਾਰ ਵਾਰ ਕਹਿੰਦਾ ਰਿਹਾ ਕਿ ਇਹਨਾਂ ਨੇ ਤਾਂ ਪਹਿਲਾਂ ਹੀ ਜਮੀਨ ਖਰੀਦੀ ਹੋਈ ਸੀ ਜੇਕਰ ਹੁਣ ਵੀ ਇਹ ਕਿਸਾਨ ਇਹ ਮੁੱਦਾ ਨਾ ਚੱਕਦੇ ਤਾਂ ਇਹਨਾਂ ਪਿਓ ਪੁੱਤਾਂ ਦਾ ਬਚਣਾ ਇਸ ਵਾਰ ਵੀ ਤੈਅ ਸੀ।
ਸ਼ਹਿਰ ਵਿੱਚ ਹੀ ਘੁੰਮ ਰਿਹਾ ਅਰੁਣ ਗੁਪਤਾ
ਗੁਪਤਾ ਪਰਿਵਾਰ ਦੇ ਨਜ਼ਦੀਕੀ ਸੂਤਰਾਂ ਦੀ ਮੰਨੀਏ ਤਾਂ ਇਹ ਦੋਵੇਂ ਪਿਓ ਪੁੱਤ ਹੁਸ਼ਿਆਰਪੁਰ ਸ਼ਹਿਰ ਵਿੱਚ ਹੀ ਘੁੰਮਦੇ ਦੇਖੇ ਗਏ ਹਨ ਅਤੇ ਉਹ ਸਾਫ ਕਹਿ ਰਹੇ ਹਨ ਕਿ ਸਾਡੀ ਗੱਲਬਾਤ ਵਿਜੀਲੈਂਸ ਦੇ ਅਧਿਕਾਰੀਆਂ ਨਾਲ ਹੋ ਗਈ ਹੈ, ਸਾਨੂੰ ਜਮਾਨਤ ਕਰਵਾਉਣ ਤੱਕ ਵਿਜੀਲੈਂਸ ਨੇ ਸਮਾਂ ਦੇ ਦਿੱਤਾ ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਤਿਲਕ ਰਾਜ ਗੁਪਤਾ ਅਤੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੀਆਂ ਨਜ਼ਦੀਕੀਆਂ ਦੀ ਚਰਚਾ ਵੀ ਸ਼ਹਿਰ ਵਿੱਚ ਆਮ ਹੈ ਅਤੇ ਸੁੰਦਰ ਸ਼ਾਮ ਅਰੋੜਾ ਜਿਸ ਦਿਨ 42 ਵਿਅਕਤੀ ਨੂੰ ਨਾਮਜਦ ਕੀਤਾ ਗਿਆ ਤਾਂ ਉਸ ਦਿਨ ਇਸ ਮਾਮਲੇ ਦੀ ਪੈਰਵਾਈ ਕਰ ਰਹੇ ਇੱਕ ਕਿਸਾਨ ਨੂੰ ਸਾਰਾ ਦਿਨ ਇਸ ਗੱਲ ਲਈ ਫੋਨ ਕਰਦੇ ਰਹੇ ਕਿ ਇਹਦਾ 42 ਵਿਅਕਤੀਆਂ ਵਿੱਚ ਕਿਤੇ ਤਿਲਕ ਰਾਜ ਗੁਪਤਾ ਅਤੇ ਅਰੁਣ ਗੁਪਤਾ ਸ਼ਾਮਿਲ ਤਾਂ ਨਹੀਂ ਇਹ ਵੀ ਪਤਾ ਲੱਗਾ ਹੈ ਕਿ ਅਰੁਣ ਗੁਪਤਾ ਨੇ ਅਗਾਊ ਜਮਾਨਤ ਵਾਸਤੇ ਲੁਧਿਆਣਾ ਦੀ ਅਦਾਲਤ ਵਿੱਚ ਅਰਜੀ ਦਾਇਰ ਕਰ ਦਿੱਤੀ ਹੈ ਜਿਸ ਦੀ ਸੁਣਵਾਈ 28 ਨਵੰਬਰ ਨੂੰ ਹੋਣੀ ਹੈ, ਇਹ ਵੀ ਚਰਚਾ ਹੈ ਕਿ ਕਿ ਇਸ ਮਾਮਲੇ ਵਿੱਚ ਅਗਾਊ ਜਮਾਨਤ ਦੀ ਸੰਭਾਵਨਾ ਕਾਫੀ ਮੱਧਮ ਦੱਸੀ ਜਾ ਰਹੀ ਹੈ।