ਦਾ ਐਡੀਟਰ ਨਿਊਜ਼, ਹੁਸ਼ਿਆਰਪੁਰ —- 2016 ਵਿੱਚ ਜਲੰਧਰ-ਧਰਮਸ਼ਾਲਾ ਨੈਸ਼ਨਲ ਹਾਈਵੇਅ ‘ਤੇ ਹੁਸ਼ਿਆਰਪੁਰ ਦੇ ਪਿਪਲਾਂਵਾਲਾ ਬਾਈਪਾਸ ‘ਤੇ ਹੋਏ 100 ਕਰੋੜ ਦੇ ਲੈਂਡ ਸਕੈਮ ਮਾਮਲੇ ‘ਚ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਦਰਜ ਐਫ ਆਈ ਆਰ ‘ਚ 8 ਜਾਣੇ ਗ੍ਰਿਫਤਾਰ ਕੀਤੇ ਗਏ ਹਨ, ਜਿਨ੍ਹਾਂ ‘ਚੋ 5 ਬੰਦੇ ਹੁਸ਼ਿਆਰਪੁਰ ਅਤੇ 2 ਜਲੰਧਰ ਅਤੇ 1 ਲੁਧਿਆਣਾ ਤੋਂ ਗ੍ਰਿਫਤਾਰ ਕੀਤੇ ਗਏ ਹਨ। ਜਦਕਿ ਇਸ ਮਾਮਲੇ ‘ਚ ਨਵੇਂ ਹੋਰ ਨਵੇਂ ਮੁਲਜ਼ਮ ਨਾਮਜ਼ਦ ਕੀਤੇ ਗਏ ਹਨ।
ਜਲੰਧਰ-ਚਿੰਤਪੁਰਨੀ ਹਾਈਵੇਅ ਲਈ ਜ਼ਮੀਨ ਐਕਵਾਇਰ ਕਰਨ ਬਦਲੇ ਕਰੋੜਾਂ ਰੁਪਏ ਦੇ ਮੁਆਵਜ਼ੇ ਦੀ ਵੰਡ ਸਬੰਧੀ ਹੋਏ ਬਹੁ-ਕਰੋੜੀ ਘਪਲੇ ਵਿੱਚ ਵਿਜੀਲੈਂਸ ਬਿਊਰੋ ਦੀ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਨੇ ਆਪਣੀ ਜਾਂਚ ਦੌਰਾਨ ਪਾਇਆ ਕਿ ਬਹੁਤ ਸਾਰਾ ਰਿਕਾਰਡ ਐਸਡੀਐਮ ਹੁਸ਼ਿਆਰਪੁਰ ਅਤੇ ਤਹਿਸੀਲਦਾਰ ਹੁਸ਼ਿਆਰਪੁਰ ਦੇ ਦਫ਼ਤਰ ਤੋਂ ਗਾਇਬ ਪਾਇਆ ਗਿਆ। ਇਹ ਵੀ ਸਾਹਮਣੇ ਆਇਆ ਸੀ ਕਿ ਤਤਕਾਲੀ ਐਸਡੀਐਮ ਆਨੰਦ ਸਾਗਰ ਸ਼ਰਮਾ ਨੇ ਧੋਖੇ ਨਾਲ ਲੁਈਸ ਬਰਜਰ ਕੰਪਨੀ ਵੱਲੋਂ ਤਿਆਰ ਕੀਤੇ ਡਰਾਫਟ 3-ਏ ਸ਼ਡਿਊਲ ਪਲਾਨ ਨੂੰ ਬਦਲ ਦਿੱਤਾ ਹੈ ਅਤੇ ਗੈਰ-ਕਾਨੂੰਨੀ ਢੰਗ ਨਾਲ ਮੁਆਵਜ਼ਾ ਰਾਸ਼ੀ ਜਾਰੀ ਕਰ ਦਿੱਤੀ। ਉਸ ਦੇ ਜਾਣਕਾਰ ਵਿਅਕਤੀਆਂ ਨੂੰ 64 ਕਰੋੜ ਰੁਪਏ ਦਿੱਤੇ ਗਏ, ਜਿਨ੍ਹਾਂ ਨੇ ਉਕਤ ਐੱਸ.ਡੀ.ਐੱਮ. ਦੀ ਮਿਲੀਭੁਗਤ ਨਾਲ ਨਵੀਂ ਰੋਡ ਅਲਾਈਨਮੈਂਟ ਵਿੱਚ ਜ਼ਮੀਨ ਖਰੀਦੀ ਸੀ। ਜਾਂਚ ਦੌਰਾਨ ਬਿਊਰੋ ਨੇ ਇਸ ਮਾਮਲੇ ਵਿੱਚ ਆਈਪੀਸੀ ਦੀ ਇੱਕ ਹੋਰ ਧਾਰਾ 201 ਜੋੜੀ ਹੈ ਅਤੇ 42 ਹੋਰ ਨਵੇਂ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਹੈ, ਜਿਨ੍ਹਾਂ ਵਿੱਚੋਂ 8 ਮੁਲਜ਼ਮਾਂ ਨੂੰ ਸ਼ਨੀਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਦਾ ਐਡੀਟਰ ਨਿਊਜ਼ ਦੇ ਐਡੀਟਰ ਪਰਮਿੰਦਰ ਸਿੰਘ ਬਰਿਆਣਾ ਨੇ 2016 ‘ਚ ਇਸ ਲੈਂਡ ਸਕੈਮ ਦਾ ਇੱਕ ਹਿੰਦੀ ਅਖਬਾਰ ‘ਚ ਖੁਲਾਸਾ ਕੀਤਾ ਸੀ ਕਿ ਇਸ ਲੈਂਡ ਸਕੈਮ ‘ਚ 100 ਕਰੋੜ ਰੁਪਏ ਦੀ ਧਾਂਦਲੀ ਹੋਈ ਹੈ। ਦਰਅਸਲ ਉਸ ਸਮੇਂ ਹੁਸ਼ਿਆਰਪੁਰ ਦੇ ਐਸ ਡੀ ਐਮ ਆਨੰਦ ਸਾਗਰ ਸ਼ਰਮਾ, ਅਕਾਲੀ ਨੇਤਾ ਸਤਵਿੰਦਰ ਪਾਲ ਸਿੰਘ ਢੱਟ, ਅਵਤਾਰ ਸਿੰਘ ਜੌਹਲ, ਹਰਪਿੰਦਰ ਸਿੰਘ ਗਿੱਲ, ਪ੍ਰਤੀਕ ਗੁਪਤਾ ਨੇ ਮਿਲ ਕੇ ਕਿਸਾਨਾਂ ਤੋਂ ਸਸਤੇ ਰੇਟ ‘ਤੇ ਜ਼ਮੀਨਾਂ ਖਰੀਦ ਕੇ ਸਰਕਾਰ ਨੂੰ ਮਹਿੰਗੇ ਭਾਅ ਵੇਚ ਕੇ 100 ਕਰੋੜ ਦਾ ਚੂਨਾ ਲਾਇਆ ਸੀ।
ਇਸ ਮਾਮਲੇ ‘ਚ ਪ੍ਰਕਾਸ਼ ਸਿੰਘ ਬਾਦਲ ਨੇ ਇਸ ਖੁਲਾਸੇ ਤੋਂ ਬਾਅਦ ਵਿਜੀਲੈਂਸ ਨੂੰ ਐਫ ਆਈ ਆਰ ਦਰਜ ਕਰਨ ਦੇ ਹੁਕਮ ਦਿੱਤੇ ਸਨ। ਜਿਸ ‘ਤੇ ਵਿਜੀਲੈਂਸ ਨੇ ਮਾਮਲਾ ਤਾਂ ਦਰਜ ਕਰ ਲਿਆ ਸੀ, ਪਰ ਪਿਛਲੀ ਕਾਂਗਰਸ ਸਰਕਾਰ ਦੌਰਾਨ ਵਿਜੀਲੈਂਸ ਨੇ ਕਰੋੜਾਂ ਰੁਪਏ ਲੈ ਕੇ ਮਾਮਲੇ ਨੂੰ ਖੁਰਦ-ਬੁਰਦ ਕਰ ਦਿੱਤਾ ਸੀ, ਲੇਕਿਨ ਲੁਧਿਆਣਾ ਦੀ ਇੱਕ ਅਦਾਲਤ ਨੇ ਵਿਜੀਲੈਂਸ ਦੀ ਕਲੋਜ਼ਰ ਰਿਪੋਰਟ ਨੂੰ ਰੱਦ ਕਰਕੇ ਵਿਜੀਲੈਂਸ ਨੂੰ ਦੁਬਾਰਾ ਜਾਂਚ ਕਰਨ ਦੇ ਹੁਕਮ ਦਿੱਤੇ ਸਨ ਅਤੇ ਵਿਜੀਲੈਂਸ ਨੇ ਜਾਂਚ ‘ਚ ਸ਼ਹਿਰ ਦੇ ਕਈ ਨਾਮੀ ਕਾਰੋਬਾਰੀਆਂ ਨੂੰ ਕਰੋੜਾਂ ਰੁਪਏ ਲੈ ਕੇ ਛੱਡ ਦਿੱਤਾ ਸੀ।
ਪਤਾ ਲੱਗ ਹੈ ਕਿ ਵਿਜੀਲੈਂਸ ਇਸ ਮਾਮਲੇ ‘ਚ ਵੱਡੇ ਪੱਧਰ ‘ਤੇ ਛਾਪੇਮਾਰੀ ਕਰ ਰਹੀ ਹੈ ਅਤੇ ਇਸ ਮਾਮਲੇ ‘ਚ ਹੁਸ਼ਿਆਰਪੁਰ ਦੇ ਕਈ ਹੋਰ ਵੱਡੇ ਕਾਰੋਬਾਰੀਆਂ ਦਾ ਨਾਂਅ ਸਾਹਮਣੇ ਆ। ਸਕਦਾ ਹੈ।